ਪਟਿਆਲਾ

ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਫੈਸਲਾ ਲਾਗੂ ਕਰੇ ਸਰਕਾਰ : ਜਤਿੰਦਰ ਮੱਟੂ

ਮੁੱਖ ਮੰਤਰੀ ਦੇ ਓ.ਐਸ.ਡੀ ਅੰਕਿਤ ਬਾਂਸਲ ਨਾਲ ਦਲਿਤ ਆਗੂ ਜਤਿੰਦਰ ਮੱਟੂ ਨੇ ਕੀਤੀ ਮੁਲਾਕਾਤ
ਚੰਡੀਗੜ 13 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਕਰਮਚਾਰੀਆਂ, ਵਿਦਿਆਰਥੀਆਂ ਦੀਆਂ ਮੰਗਾਂ ਹੱਲ ਕਰਵਾਉਣ ਲਈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐਸ.ਸੀ/ਬੀ.ਸੀ ਵਰਗ ਨਾਲ ਸਬੰਧਿਤ ਕਰਮਚਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਜਾਣੂ ਕਰਵਾਉਣ ਲਈ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਜਤਿੰਦਰ ਸਿੰਘ ਮੱਟੂ ਨੇ ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਅੰਕਿਤ ਬਾਂਸਲ ਨਾਲ ਲੰਮਾਂ ਸਮਾਂ ਗੱਲਬਾਤ ਕੀਤੀ।

ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਅੰਕਿਤ ਬਾਂਸਲ ਨੇ ਵੀ ਦਲਿਤ ਆਗੂ ਜਤਿੰਦਰ ਮੱਟੂ ਵਲੋਂ ਦਲਿਤ ਸਮਾਜ ਦੀਆਂ ਰੱਖੀਆਂ ਮੰਗਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਉਨਾਂ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਜਾਣੂ ਕਰਵਾਉਣ ਦਾ ਭਰੋਸਾ ਦਿਵਾਇਆ। ਦਲਿਤ ਆਗੂ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਸਿਵਲ ਅਪੀਲ 223 ਆਫ 2013 ਸਟੇਟ ਆਫ ਪੰਜਾਬ ਵਰਸਿਜ਼ ਜਗਜੀਤ ਸਿੰਘ ਤਹਿਤ ਫੈਸਲਾ ਸੁਣਾਇਆ ਸੀ ਕਿ ਕਰਮਚਾਰੀਆਂ ਨੂੰ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ। ਕਾਂਗਰਸ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵੀ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਵਾਲਾ ਫੈਸਲਾ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਉਨਾਂ ਕਿਹਾ ਕਿ ਸਰਕਾਰ ਬਿਨਾਂ ਦੇਰੀ ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਫੈਸਲਾ ਸੂਬੇ ਵਿਚ ਲਾਗੂ ਕਰੇ।ਇਸੇ ਤਰਾਂ ਠੇਕਾ ਸਿਸਟਮ ਨੂੰ ਬੰਦ ਕਰਕੇ ਠੇਕਾ ਸਿਸਟਮ ਵਿਚ ਕਈ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ। ਤਾਂ ਜੋ ਨਿਗੁਣੀਆਂ ਤਨਖਾਹਾਂ ਉੱਪਰ ਕੰਮ ਕਰ ਰਹੇ ਇਹ ਕਰਮਚਾਰੀ ਵੀ ਆਪਣਾ ਜੀਵਨ ਸਹੀ ਢੰਗ ਨਾਲ ਬਸਰ ਕਰ ਸਕਣ। ਜਤਿੰਦਰ ਮੱਟੂ ਨੇ ਕਿਹਾ ਕਿ ਪੰਜਾਬ ਅੰਦਰ ਯੂਨੀਵਰਸਿਟੀਆਂ ਵਿਚ ਐਸ.ਸੀ/ਬੀ.ਸੀ ਵਰਗ ਦੇ ਕਰਮਚਾਰੀਆਂ ਨਾਲ ਬਹੁਤ ਧੱਕੇਸ਼ਾਹੀ ਹੋ ਰਹੀ ਹੈ। ਕਰਮਚਾਰੀਆਂ ਦੀਆਂ ਤਰੱਕੀਆਂ ਦੀਆਂ ਫਾਈਲਾਂ ਵਿਚ ਜਾਣ ਬੁੱਝ ਕੇ ਖੜੋਤ ਪਾਈ ਜਾ ਰਹੀ ਹੈ। ਜਿਸਨੂੰ ਸਰਕਾਰ ਨੂੰ ਰੋਕਣਾ ਚਾਹੀਦਾ ਹੈ। ਪੰਜਾਬ ਅੰਦਰ ਸਰਕਾਰੀ ਸਕੂਲਾਂ ਵਿਚ ਪੜਦੇ ਐਸ.ਸੀ/ਬੀ.ਸੀ ਵਰਗ ਅਤੇ ਹੋਰ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਦੇ ਬੱਚਿਆਂ ਨੂੰ ਅਜੇ ਤੱਕ ਕਿਤਾਬਾਂ ਨਹੀਂ ਮਿਲੀਆਂ। ਜਿਸ ਕਾਰਣ ਇਹ ਬੱਚੇ ਪੜਾਈ ਵਿਚ ਪਿਛੜਦੇ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਤੁਰੰਤ ਕਿਤਾਬਾਂ ਮੁਹੱਈਆ ਕਰਵਾਏ।ਤਾਂ ਜੋ ਇੰਨਾਂ ਬੱਚਿਆਂ ਦਾ ਭਵਿੱਖ ਖਰਾਬ ਨਾ ਹੋ ਸਕੇ। ਕਾਲਜਾਂ ਵਿਚ ਗੈਸਟ ਫੈਕਲਟੀ ‘ਤੇ ਰੱਖਣ ਵਾਲੇ ਲੈਕਚਰਾਰਾਂ ਵਿਚ ਐਸ.ਸੀ ਵਰਗ ਲਈ ਕੋਈ ਮਾਪਦੰਡ ਨਹੀਂ ਬਣਾਇਆ ਗਿਆ।ਕਾਲਜ ਪ੍ਰਸ਼ਾਸ਼ਨ ਆਪਣੇ ਚਹੇਤਿਆਂ ਨੂੰ ਗੈਸਟ ਫੈਕਲਟੀ ਲੈਕਚਰਾਰ ਭਰਤੀ ਕਰ ਲੈਂਦੇ ਹਨ।ਜਤਿੰਦਰ ਮੱਟੂ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਗੈਸਟ ਫੈਕਲਟੀ ‘ਤੇ ਕੋਈ ਭਰਤੀ ਹੁੰਦੀ ਹੈ ਤਾਂ ਉਸ ਵਿਚ ਰਾਖਵਾਂਕਰਨ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਜਤਿੰਦਰ ਸਿੰਘ ਮੱਟੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਸ੍ਰੀ ਬਾਂਸਲ ਨੂੰ ਜਾਣੂ ਕਰਵਾਇਆ। ਇਸ ਮੌਕੇ ਉਨਾਂ ਨਾਲ ਡਾ. ਗਿਆਨ ਸਿੰਘ, ਸ. ਬਲਬੀਰ ਸਿੰਘ ਤੋਂ ਇਲਾਵਾ ਕਈ ਹੋਰ ਕਰਮਚਾਰੀ ਵੀ ਹਾਜਰ ਸਨ।

Leave a Reply

Your email address will not be published. Required fields are marked *