ਪ੍ਰੋਫੈਸਰ ਕੱਟੂ ਨੇ ਕੀਤੇ ਗੁਨਾਹ ਦੀ ਲਿਖਤੀ ਮੁਆਫੀ ਮੰਗੀ : ਪੀਐਸਯੂ
ਪਟਿਆਲਾ 13 ਜੁਲਾਈ (ਮਧੂਸਾਰ ਬਿਊਰੋ) ਡਾ. ਪਰਮਜੀਤ ਕੱਟੂ ਨੇ ਵਿਦਵਾਨ ਪ੍ਰੋਫ਼ੈਸਰ ਸਾਹਿਬਾਨ ਡਾ. ਕੇਹਰ ਸਿੰਘ, ਡਾ. ਬਲਕਾਰ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਪ੍ਰੋ. ਗੁਰਨਾਮ ਸਿੰਘ ਵਿਰਕ, ਡਾ. ਚਰਨਜੀਤ ਕੌਰ, ਪੀੜਤ ਲੜਕੀ ਰਿਸਰਚ ਸਕਾਲਰ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਤੇ ਪਛਤਾਵਾ ਕਰਦੇ ਹੋਏ ਲਿਖਤੀ ਮੁਆਫ਼ੀਨਾਮਾ ਦੇ ਕੇ ਅੱਗੇ ਤੋਂ ਠੀਕ ਰਸਤੇ ‘ਤੇ ਚੱਲਣ ਦਾ ਵਾਅਦਾ ਕਰਨ ਮਗਰੋਂ ਪੰਜਾਬੀ ਯੂਨੀਵਰਸਿਟੀ ਵਿੱਚ ਵਾਪਰੇ ਘਟਨਾਕ੍ਰਮ ਦਾ ਅੰਤ ਹੋ ਗਿਆ।
ਵਰਨਣਯੋਗ ਹੈ ਕਿ ਡਾ. ਪਰਮਜੀਤ ਕੱਟੂ ਨੇ ਭੈਣ-ਭਰਾ ਦੇ ਸਮਾਜਿਕ ਰਿਸ਼ਤੇ ਦੀ ਮਰਿਆਦਾ ਉਲੰਘ ਕੇ ਪੀੜਤ ਰਿਸਰਚ ਸਕਾਲਰ ਜੋ ਕਿ ਪੀ. ਐੱਸ. ਯੂ. ਦੀ ਕਾਰਕੁੰਨ ਵੀ ਹੈ ਦੀ ਬਾਥਰੂਮ ਵੀਡਿਓ ਬਣਾਉਣ ਦੀ ਕੀਤੀ ਕੋਝੀ ਕੋਸ਼ਿਸ਼ ਨੇ ਯੂਨੀਵਰਸਿਟੀ ਵਿਦਿਆਰਥਣਾਂ ਵਿੱਚ ਰੋਸ ਜਗਾ ਦਿੱਤਾ ਸੀ, ਜਿਸ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਸ ਮੁੱਦੇ ‘ਤੇ ਯੂਨੀਵਰਸਿਟੀ ਦੀ ਗੋਲ-ਮਾਰਕੀਟ ਵਿਖੇ ਜਨਤਕ ਇੱਕਠ ਕਰਕੇ ਇਸ ਕੋਝੀ ਹਰਕਤ ਨੂੰ ਬੇਪਰਦ ਹੀ ਨਹੀਂ ਸੀ ਕੀਤਾ ਬਲਕਿ ਯੂਨੀਵਰਸਿਟੀ ਵਿਦਿਆਰਥਣਾਂ ਨੇ ਇਸ ਸ਼ਖਸ ਦੀ ਚੰਗੀ ਭੁਗਤ ਵੀ ਸੁਆਰੀ ਸੀ। ਜਿਸਤੋਂ ਉਪਜੇ ਵਿਵਾਦ ਮਗਰੋਂ ਉਸ ਨੂੰ ਖਾਲਸਾ ਕਾਲਜ ਵਿਚਲੇ ਕੁੱਝ ਸਮਾਂ ਪਹਿਲਾਂ ਹੀ ਹਾਸਲ ਹੋਏ ਆਪਣੇ ਪ੍ਰੋਫ਼ੈਸਰੀ ਰੁਤਬੇ ਨੂੰ ਵੀ ਤਿਆਗਣਾ ਪਿਆ ਸੀ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਸੇਵਕ ਸਿੰਘ ਨੇ ਕਿਹਾ ਕਿ ਅੱਜ ਸਮਾਜ ਵਿੱਚ ਸਮਾਜਿਕ ਰਿਸ਼ਤਿਆਂ ਤੇ ਕਦਰਾਂ-ਕੀਮਤਾਂ ਵਿੱਚ ਆ ਰਹੇ ਨਿਘਾਰ ਤੋਂ ਵਿੱਦਿਅਕ ਸੰਸਥਾਵਾਂ ਅਤੇ ਉਹਨਾਂ ਨਾਲ ਜੁੜੇ ਲੋਕ ਵੀ ਅਛੂਤੇ ਨਹੀਂ ਰਹੇ। ਸਮਾਜ ਵਿੱਚ ਫੈਲ ਰਹੀ ਔਰਤ ਵਿਰੋਧੀ ਹਿੰਸਾ ਅਤੇ ਲਿੰਗਕ-ਅਰਾਜਕਤਾ ਲਈ ਸਿੱਧੇ ਰੂਪ ਵਿੱਚ ਸਰਕਾਰਾਂ ਵੱਲੋਂ ਸਾਮਰਾਜਵਾਦ ਦੇ ਹਿੱਤਾਂ ਤਹਿਤ ਫੈਲਾਈ ਜਾ ਰਹੀ ਸੱਭਿਆਚਾਰਕ ਗੰਦਗੀ ਅਤੇ ਪਿੱਤਰੀ ਸੋਚ ਦੀਆਂ ਔਰਤ ਵਿਰੋਧੀ ਪਿਛਾਖੜੀ ਕਦਰਾਂ-ਕੀਮਤਾਂ ਜ਼ਿੰਮੇਵਾਰ ਹਨ ਜਿਸ ਕਾਰਨ ਲੜਕੀਆਂ/ਔਰਤਾਂ ਲਈ ਵਾਤਾਵਰਨ ਦਿਨੋ-ਦਿਨ ਗੰਧਲਾਂ ਹੁੰਦਾ ਜਾ ਰਿਹਾ ਜਿਸਨੂੰ ਠੱਲ੍ਹ ਵੀ ਲੜਕੀਆਂ ਵਿੱਚ ਜਾਗ੍ਰਿਤੀ ਤੇ ਬਹਾਦਰੀ ਦੀ ਭਾਵਨਾ ਭਰ ਕੇ ਹੀ ਪਾਈ ਜਾ ਸਕਦੀ ਹੈ। ਉਹਨਾਂ ਵਿਦਿਆਰਥਣਾਂ ਵੱਲੋਂ ਇਸ ਨਿਘਾਰ ਵਿਰੁੱਧ ਉਠਾਏ ਗਏ ਇਸ ਹੌਸਲੇ-ਭਰੇ ਕਦਮ ਦੀ ਸ਼ਲਾਘਾ ਤੇ ਲੜਕੀਆਂ ਨੂੰ ਇਸ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਆਗੂਆਂ ਨੇ ਕਿਹਾ ਕਿ ਕੁੱਝ ਲੋਕਾਂ ਨੇ ਇਸ ਘਟਨਾਕ੍ਰਮ ਨੂੰ ਪ੍ਰੋਫ਼ੈਸਰ ਵਿਦਿਆਰਥੀਆਂ ਦਾ ਟਕਰਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਸਰਾ-ਸਰ ਗ਼ਲਤ ਹੈ। ਉਹਨਾਂ ਕਿਹਾ ਕਿ ਅਧਿਆਪਕ ਦਾ ਰੁਤਬਾ ਤੇ ਕਿੱਤਾ ਵਿਦਿਆਰਥੀਆਂ ਲਈ ਪਵਿੱਤਰਤਾ ਦਾ ਦਰਜਾ ਰੱਖਦਾ ਹੈ। ਇਹ ਵੱਖਰੀ ਗੱਲ ਹੈ ਕਿ ਪਰਮਜੀਤ ਕੱਟੂ ਵਰਗੇ ਕੁੱਝ ਲੋਕ ਇਸਨੂੰ ਕਲੰਕਿਤ ਕਰਕੇ ਸਾਰਿਆਂ ਨੂੰ ਸ਼ਰਮ-ਸਾਰ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੀ ਗ਼ਲਤ ਸੋਚ ਦੇ ਪੈਦਾ ਹੋਣ ਲਈ ਯੂਨੀਵਰਸਿਟੀਆਂ ਵਿੱਚ ਪਨਪ ਰਹੇ ”ਰਿਸਰਚ ਖਲੀਫੇ” ਦਾ ਮਾੜਾ ਸੱਭਿਆਚਾਰਕ ਚੱਲਣ ਵੀ ਜ਼ਿੰਮੇਵਾਰ ਹੈ ਜਿਸ ਵਿਰੁੱਧ ਸਾਰੇ ਅਗਾਂਹਵਧੂ ਵਿਦਵਾਨਾਂ ਤੇ ਵਿਦਿਆਰਥੀਆਂ ਨੂੰ ਮਿਲਕੇ ਹੰਭਲਾ ਮਾਰਨਾ ਪਵੇਗਾ।
ਪੀ.ਐੱਸ.ਯੂ. ਆਗੂਆਂ ਨੇ ਕੁੱਝ ਲੋਕਾਂ ਵੱਲੋਂ ਸ਼ੋਸਲ-ਮੀਡੀਆ ਉੱਪਰ ਇਸ ਘਟਨਾਕ੍ਰਮ ਨੂੰ ਮੌਬ ਲਿੰਚਿੰਗ, ਸੁਰਜੀਤ ਗੱਗ ਕਾਂਡ ਨਾਲ ਜੋੜ ਕੇ ਕੀਤੀਆਂ ਬੇਲੋੜੀਆਂ ਟਿੱਪਣੀਆਂ ਦੀ ਜਥੇਬੰਦੀ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਪਰਮਜੀਤ ਕੱਟੂ ਜੇਕਰ ਸੁਹਿਰਦ ਇਨਸਾਨ ਹੁੰਦਾ ਤਾਂ ਉਹ ਬੀਤੇ ਦੋ ਮਹੀਨਿਆਂ ਦੌਰਾਨ ਪੀੜਤ ਲੜਕੀ ਤੋਂ ਮਾਫ਼ੀ ਮੰਗ ਕੇ ਆਪਣੀ ਗ਼ਲਤੀ ਸੁਧਾਰ ਸਕਦਾ ਸੀ ਪਰ ਉਲਟਾ ਉਸਨੇ ਧਮਕੀਆਂ ਦੇਣ ਦਾ ਰੁਖ਼ ਅਖਤਿਆਰ ਕੀਤਾ। ਅਜਿਹੇ ਗੁਨਾਹਗਾਰ ਸਖ਼ਸ ਵਿਰੁੱਧ ਵਿਦਿਆਰਥਣਾਂ ਦੀ ਜਾਇਜ਼ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਬੇਦੋਸ਼ੇ ਲੋਕਾਂ ਵਿਰੁੱਧ ਫਿਰਕੂ ਫਾਸ਼ੀਵਾਦੀ ਸੋਚ ਨਾਲ ਗ੍ਰਹਿਣੀ ਭੀੜ ਮਾਨਸਿਕਤਾ ਦੀ ਕਾਰਵਾਈ ਦੇ ਬਰਾਬਰ ਦਰਜ਼ਾ ਦੇਣਾ ਲੜਕੀਆਂ ਦੀ ਸਹੀ ਕਾਰਵਾਈ ਨੂੰ ਗ਼ਲਤ ਠਹਿਰਾਉਣਾ ਹੈ। ਅਜਿਹੇ ਲੋਕਾਂ ਨੂੰ ਸਮਾਜ ਵਿੱਚ ਔਰਤ ਦੀ ਸਥਿਤੀ ਅਤੇ ਕਾਨੂੰਨੀ ਪ੍ਰਬੰਧ ਵਿਚਲੀਆਂ ਚੋਰ-ਮੋਰੀਆਂ ਅਤੇ ਪਿੱਤਰੀ ਸੋਚ ਮੁੱਲਾਂ ਦਾ ਲਾਹਾ ਲੈ ਕੇ ਸਾਲਾਂਬੱਧੀ ਲਟਕਦੇ ਇਨਸਾਫ਼ ਤੋਂ ਪੈਦਾ ਹੋਣ ਵਾਲੀ ਔਰਤ ਪੀੜਾ ਨੂੰ ਸਮਝਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਸਾਰੂ ਰਾਣਾ-ਆਹਲੂਵਾਲੀਆ ਕਾਂਡ, ਰਜਨੀ ਠਾਕੁਰ ਕਾਂਡ ਅਤੇ ਫਰੀਦਕੋਟ ਦੇ ਸ਼ਰੂਤੀ ਕਾਂਡ ਦਾ ਇਤਿਹਾਸ ਗਵਾਹ ਹੈ ਕਿ ਅਕਸਰ ਮਰਦਾਵੀ ਸੱਤਾ ਨਾਲ ਗ੍ਰਸਤ ਮਾਨਸਿਕਤਾ ਦੇ ਲੋਕ ਬੇਲੋੜੀਆਂ ਅਤੇ ਊਲ-ਜਲੂਲ ਟਿੱਪਣੀਆਂ ਕਰਕੇ ਔਰਤਾਂ ਦੇ ਹੋਸਲੇ ਤੇ ਬਹਾਦਰੀ ਦਾ ਨਿਰਾਦਰ ਕਰਦੇ ਹਨ।
ਅਖੀਰ ‘ਚ ਆਗੂਆਂ ਨੇ ਸਾਰੀਆਂ ਜਥੇਬੰਦੀਆਂ, ਸੁਹਿਰਦ ਵਿਦਵਾਨਾਂ, ਬੁੱਧੀਜੀਵੀਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਵਿਦਿਆਰਥਣਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਹੱਕ, ਸੱਚ ਤੇ ਇਨਸਾਫ਼ ਦਾ ਸਾਥ ਦਿੱਤਾ। ਇਸ ਮੌਕੇ ਪੀੜਤ ਰਿਸਰਚ ਸਕਾਲਰ ਤੋਂ ਇਲਾਵਾ ਸਵਰਨਾ ਰਾਣੀ, ਰੁਪਿੰਦਰ ਕੌਰ, ਮਨਦੀਪ ਕੌਰ, ਪ੍ਰਦੀਪ ਕੌਰ, ਗੁਰਮੀਤ ਕੌਰ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੀ ਪੂਰੀ ਇਕਾਈ ਮੌਜੂਦ ਸੀ।

