ਪੰਜਾਬ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕੱਤਰਤਾ

ਅੰਮ੍ਰਿਤਸਰ 17 ਜੁਲਾਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਹਰ ਰੋਜ ਹੀ ਕਿਤੇ ਨਾ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਬਹੁਤ ਯਤਨ ਕਰਨ ‘ਤੇ ਵੀ ਇਨ੍ਹਾਂ ਹੋ ਰਹੀਆਂ ਘਟਨ੍ਹਾਵਾਂ ਉਪਰ ਰੋਕ ਨਹੀਂ ਲੱਗ ਸਕੀ।

ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ-ਪ੍ਰਸਾਰ ਨੂੰ ਪ੍ਰਫੁਲਿਤ ਕਰਨ ਸਬੰਧੀ ਅੱਜ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਹੋਈ।
ਜਿਸ ਵਿਚ ਭਾਈ ਬਲਜਿੰਦਰ ਸਿੰਘ ਛੰਨਾ ਪ੍ਰਧਾਨ ਬਾਬਾ ਬੁੱਢਾ ਸਾਹਿਬ ਇੰਟਰਨੈਸ਼ਨਲ ਗ੍ਰੰਥੀ ਸਭਾ, ਭਾਈ ਹਰਜਿੰਦਰ ਸਿੰਘ ਬਾਜੇਕੇ ਪ੍ਰਧਾਨ ਏਕ ਨੂਰ ਖ਼ਾਲਸਾ ਫੌਜ, ਮੋਗਾ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਗ੍ਰੰਥੀ ਸਿੰਘਾਂ ਸਮੇਤ ਸਤਿਕਾਰ ਕਮੇਟੀ ਦੇ ਸਿੰਘ ਵੱਡੀ ਗਿਣਤੀ ਵਿਚ ਪਹੁੰਚੇ। ਜਿਸ ਵਿਚ ਗ੍ਰੰਥੀ ਸਿੰਘਾਂ ਨੇ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਗੁਰਦੁਆਰਾ ਪ੍ਰਬੰਧ ਵਿਚ ਸਹਾਇਤਾ ਕਰਨ ਦਾ ਯਕੀਨ ਦਿਵਾਇਆ ਹੈ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਸ ਵਿਚ ਗ੍ਰੰਥੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਅਤੇ ਗੁਰੂ-ਘਰਾਂ ਵਿਚ ਪ੍ਰਚਾਰ-ਪ੍ਰਸਾਰ ਨੂੰ ਵਧੀਆ ਤਰੀਕੇ ਘਰ-ਘਰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਚਾਰ ਵਹੀਰਾਂ ਚਲਾਈਆਂ ਜਾ ਰਹੀਆਂ ਹਨ।
ਸਿੰਘ ਸਾਹਿਬ ਨੇ ਕਿਹਾ ਜੋ ਪ੍ਰਚਾਰ ਗ੍ਰੰਥੀ ਸਿੰਘਾਂ ਨੇ ਕਰਨਾ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ ਅਤੇ ਗ੍ਰੰਥੀ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਇਹ ਪ੍ਰਚਾਰ ਅੱਗੇ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਇਸ ਮੁਹਿੰਮ ਵਿਚ ਸਾਰੀਆਂ ਸੰਗਤਾਂ ਵੀ ਸਹਿਯੋਗ ਦੇਣ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰ ਸਕੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏੇ।

Leave a Reply

Your email address will not be published. Required fields are marked *