ਭਾਈ ਕਾਨ੍ਹ ਸਿੰਘ ਮਹਾਨ ਕੋਸ਼ ਦੀ ਵਿਕਰੀ ‘ਤੇ ਵਾਈਸ ਚਾਂਸਲਰ ਨੇ ਲਗਾਈ ਪਾਬੰਦੀ
ਪਟਿਆਲਾ, 18 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੀ ਵਿੱਕਰੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ, ਜਿਸ ‘ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਜਾਂਚ ਕਮੇਟੀ ਦਾ ਗਠਨ ਕੀਤਾ।
ਕਮੇਟੀ ‘ਚ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡਾਇਰੈਕਟਰ ਡਾ. ਸਰਬਜਿੰਦਰ ਸਿੰਘ, ਡੀਪੀਡੀ ਦੇ ਮੁਖੀ ਡਾ. ਬਲਜੀਤ ਕੌਰ ਸੇਖੋਂ, ਡਾ. ਗੁਰਚਰਨ ਸਿੰਘ ਅਤੇ ਵਿੱਤ ਅਫਸਰ ਡਾ. ਬਲਜੀਤ ਸਿੰਘ ਸਿੱਧੂ ਲਏ ਗਏ ਸਨ, ਜਿਨ੍ਹਾਂ ਦੀ ਸਿਫਾਰਸ਼ ‘ਤੇ ਵਾਈਸ ਚਾਂਸਲਰ ਐਸ.ਕੇ ਸੰਧੂ ਨੇ ਅਸੀਂ ਮਹਾਨ ਕੋਸ਼ ਦੀ ਵਿਕਰੀ ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਅਤੇ ਯੂਨੀਵਰਸਿਟੀ ਵਲੋਂ ਛਾਪੇ ਗਏ ਮਹਾਨ ਕੋਸ਼ ਦੀ ਕਿਤੇ ਵੀ ਵਿਕਰੀ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਤਿਆਰ ਕੀਤਾ ਮਹਾਨ ਕੋਸ਼ ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੀ ਮਦਦ ਨਾਲ ਤਿੰਨ ਭਾਸ਼ਾਵਾਂ (ਹਿੰਦੀ, ਅੰਗਰੇਜ਼ੀ ਤੇ ਪੰਜਾਬੀ) ਵਿਚ ਛਾਪਿਆ ਸੀ, ਪਰ ਮਹਾਨ ਕੋਸ਼ ਵਿਚ ਕਥਿਤ ਰਹਿ ਗਈਆਂ ਗ਼ਲਤੀਆਂ ਦਾ ਮਾਮਲਾ ਮਾਨਯੋਗ ਹਾਈਕੋਰਟ ਵਿਚ ਚਲਾ ਗਿਆ ਸੀ, ਜਿਸ ਕਰਕੇ ਪਹਿਲਾਂ ਰਹੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਮਹਾਨ ਕੋਸ਼ ਦੀ ਵਿੱਕਰੀ ਤੇ ਪਾਬੰਦੀ ਲਾ ਦਿੱਤੀ ਸੀ ਪਰ ਤੀਜੇ ਦਿਨ ਹੀ ਵਿੱਕਰੀ ਤੇ ਪਾਬੰਦੀ ਵਾਪਸ ਲੈ ਲਈ ਸੀ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਹਾਨ ਕੋਸ਼ ਸਬੰਧੀ ਇਕ ਕਮੇਟੀ ਬਣਾ ਦਿੱਤੀ ਸੀ, ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਤੇ ਪ੍ਰੋਂ ਬਡੂੰਗਰ ਨੇ ਇਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਲਿਖਿਆ ਸੀ, ਜਿਸ ਤਹਿਤ ਕੈਪ. ਅਮਰਿੰਦਰ ਸਿੰਘ ਨੇ ਪ੍ਰੋ. ਬਡੂੰਗਰ ਨੂੰ ਇਕ ਪੱਤਰ ਭੇਜਿਆ ਸੀ ਜਿਸ ਦਾ ਉਤਾਰਾ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵੀਸੀ ਸ੍ਰੀ ਸੰਧੂ ਨੂੰ ਵੀ ਭੇਜਿਆ ਗਿਆ ਸੀ, ਉਸ ਵਿਚ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਵਿਚ ਲਿਖਿਆ ਸੀ ਕਿ ਮਹਾਨ ਕੋਸ਼ ਵਿਚ ਗ਼ਲਤੀਆਂ ਲਈ ਜੋ ਵੀ ਜ਼ਿੰਮੇਵਾਰ ਹਨ ਉਨ੍ਹਾਂ ਦੇ ਕਾਰਵਾਈ ਕੀਤੀ ਜਾਵੇ।

