ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਸਿੱਖਿਆ ਦੇ ਖ਼ੇਤਰ ਵਿਚ ਨਵੀਆਂ ਵਿਧੀਆਂ ਦੀ ਵਰਤੋਂ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ
ਪਟਿਆਲਾ 29 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਸਿੱਖਿਆ ਦੇ ਖ਼ੇਤਰ ਵਿਚ ਨਵੀਆਂ ਵਿਧੀਆਂ ਦੀ ਵਰਤੋਂ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਰਕਸ਼ਾਪ ਦਾ ਆਗ਼ਾਜ਼ ਕਰਦਿਆਂ ਕਿਹਾ ਕਿ ਇਨਸਾਨ ਨੂੰ ਜ਼ਿੰਦਗੀ ਵਿਚ ਖ਼ੁਸ਼ ਰਹਿਣ ਦੇ ਲਈ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੁਕਰਾਨੇ ਦੇ ਭਾਵ ਸਾਡੇ ਅੰਦਰ ਨਾ ਸਿਰਫ਼ ਸਕਾਰਾਤਮਿਕ ਸਮਰੱਥਾ ਪ੍ਰਦਾਨ ਕਰਦੇ ਹਨ ਬਲਕਿ ਹਰ ਮੁਸ਼ਕਿਲ ਨੂੰ ਖਿੜ੍ਹੇ ਮੱਥੇ ਹੱਲ ਕਰਨ ਦੀ ਯੋਗਤਾ ਵੀ ਬਖ਼ਸ਼ਦੇ ਹਨ।
ਡਾ. ਜਸਲੀਨ ਕੌਰ, ਡਿਪਟੀ ਪ੍ਰਿੰਸੀਪਲ, ਖ਼ਾਲਸਾ ਕਾਲਜ ਨੇ ਵਰਕਸ਼ਾਪ ਦੇ ਦੂਜੇ ਸੈਸ਼ਨ ਵਿਚ ਚੰਗੇ ਅਧਿਆਪਨ ਲਈ ਆਪਣੀ ਜ਼ਿੰਦਗੀ ਨਾਲ ਜੁੜੇ ਤਜ਼ਰਬਿਆਂ ਨੂੰ ਸਾਂਝੇ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਨਾਲ ਜੁੜੇ ਅਧਿਆਪਕਾਂ ਦੇ ਅਨੁਭਵ ਵੀ ਸਾਂਝੇ ਕੀਤੇ।
ਵਰਕਸ਼ਾਪ ਦੇ ਅਖ਼ੀਰਲੇ ਸੈਸ਼ਨ ਦੌਰਾਨ ਪ੍ਰੋ. ਜਸਪ੍ਰੀਤ ਕੌਰ ਨੇ ਅਧਿਆਪਨ ਦੇ ਖ਼ੇਤਰ ਵਿਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਅਧਿਆਪਨ ਦੌਰਾਨ ਆਉਂਦੀਆਂ ਮੁਸ਼ਕਿਲਾਂ ਦੇ ਸੁਯੋਗ ਹੱਲ ਬਾਰੇ ਵੀ ਦੱਸਿਆ। ਇਸ ਵਰਕਸ਼ਾਪ ਦੌਰਾਨ ਸਮੂਹ ਟੀਚਿੰਗ ਸਟਾਫ਼ ਨੇ ਸ਼ਿਰਕਤ ਕੀਤੀ।

