ਪਟਿਆਲਾ

ਸਨਅਤਕਾਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਸਾਕਸ਼ੀ ਸਾਹਨੀ

ਡਿਪਟੀ ਕਮਿਸ਼ਨਰ ਵੱਲੋਂ ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਨਾਲ ਬੈਠਕ

ਪਟਿਆਲਾ, 12 ਸਤੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਫੋਕਲ ਪੁਆਇੰਟ ਵਿਖੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਸਨਅਤਕਾਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਨਅਤ ਪੱਖੀ ਮਾਹੌਲ ਸਿਰਜਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪਟਿਆਲਾ ਦੇ ਫੋਕਲ ਪੁਆਇੰਟ ਵਿਖੇ ਉਦਯੋਗ ਚਲਾ ਰਹੇ ਉਦਯੋਗਪਤੀਆਂ ਅਤੇ ਇੱਥੇ ਕੰਮ ਕਰਦੇ ਕਾਮਿਆਂ ਨੂੰ ਕੋਈ ਸਮੱਸਿਆ ਨਾ ਆਵੇ। ਮੀਟਿੰਗ ਮੌਕੇ ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਵੱਲੋਂ ਰੱਖੇ ਗਏ ਮੁੱਦਿਆਂ, ਦੌਲਤਪੁਰ ਵਿਖੇ ਵੱਡੀ ਨਦੀ ਦਾ ਪੁੱਲ, ਸੀ.ਐਸ.ਆਈ. ਹਸਪਤਾਲ, ਸੀਵਰੇਜ ਡਿਸਪੋਜ਼ਲ, ਸਟਰੀਟ ਲਾਇਟਾਂ, ਫੋਕਲ ਪੁਆਇੰਟ ਦੀਆਂ ਟ੍ਰੈਫਿਕ ਲਾਇਟਾਂ, ਸਰਹਿੰਦ ਰੋਡ ਤੇ ਉਤਰੀ ਬਾਈਪਾਸ ਸਮੇਤ ਅੰਦਰੂਨੀ ਸੜਕਾਂ, ਟ੍ਰਾਂਸਫਾਰਮਰ ਦੀ ਸਮਰੱਥਾ ਵਧਾਉਣ, ਢੋਆ-ਢੋਆਈ ਨੂੰ ਲੈਕੇ ਟਰੱਕਾਂ ਨਾਲ ਸਬੰਧਤ ਮਸਲੇ, ਔਰਤ ਵਰਕਰਾਂ ਲਈ ਨਾਈਟ ਸ਼ਿਫਟ, ਪਾਰਕਾਂ ਆਦਿ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਵੇਂ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਫੋਕਲ ਪੁਆਇੰਟ ਵਿਖੇ 50 ਬਿਸਤਰਿਆਂ ਦਾ ਸੀ.ਐਸ.ਆਈ. ਹਸਪਤਾਲ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ, ਇਸ ‘ਤੇ ਤਜਵੀਜ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂਕਿ ਬਾਕੀ ਮਸਲਿਆਂ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਫੋਕਲ ਪੁਆਇੰਟ ਇੰਡਸਟ੍ਰੀਜ ਐਸੋਸੀਏਸ਼ਨ ਨੂੰ ਕਿਹਾ ਕਿ ਉਹ ਫੋਕਲ ਪੁਆਇੰਟ ਵਿਖੇ ਮੀਆਂਵਾਕੀ ਤਕਨੀਕ ਨਾਲ ਮਿੰਨੀ ਜੰਗਲ ਲਗਾਉਣ ਤਾਂ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਬੈਠਕ ਦੌਰਾਨ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ, ਜ਼ਿਲ੍ਹਾ ਉਦਯਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਬਿਜਲੀ ਨਿਗਮ, ਮੰਡੀ ਬੋਰਡ, ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰ, ਡਿਪਟੀ ਡਾਇਰੈਕਟਰ ਫੈਕਟਰੀਜ਼, ਸਿਵਲ ਸਰਜਨ, ਸੀ.ਐਸ.ਆਈ.ਸੀ. ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਨੁਮਾਇੰਦੇ ਰੋਹਿਤ ਬਾਂਸਲ, ਅਸ਼ਵਨੀ ਕੁਮਾਰ, ਮਨੀਸ਼ ਸ਼ਰਮਾ, ਅਮਨਦੀਪ ਸਿੰਘ, ਰਾਹੁਲ ਤਾਇਲ, ਸਾਹਿਲ ਗਰਗ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *