ਸੇਵਾ ਸਿਮਰਨ ਦੀ ਮੂਰਤਿ: ਬਾਬਾ ਨਿਧਾਨ ਸਿੰਘ ਜੀ
4 ਅਗਸਤ ਨੂੰ ਬਰਸੀ ‘ਤੇ ਵਿਸ਼ੇਸ਼
ਡਾ. ਪਰਮਜੀਤ ਸਿੰਘ ਸਰੋਆ
ਅਕਾਲ ਪੁਰਖ ਦੇ ਹੁਕਮ ਅਨੁਸਾਰ ਆਦਿ ਕਾਲ ਤੋਂ ਸੇਵਾ ਸਿਮਰਨ ਤੇ ਪਰਉਪਕਾਰ ਵਾਸਤੇ ਧਰਮੀ ਪੁਰਸ਼ਾਂ ਦਾ ਜਨਮ ਇਸ ਧਰਤੀ ‘ਤੇ ਹੁੰਦਾ ਆਇਆ ਹੈ। ਅਕਾਲ ਪੁਰਖ ਵੱਲੋਂ ਲੋਕਾਈ ਨੂੰ ਨੇਕ ਰਸਤੇ ‘ਤੇ ਤੋਰਨ ਦੀ ਪ੍ਰੇਰਨਾ ਕਰਕੇ ‘ਹਰਿ ਜਨ’ ਲੱਗੀ ਡਿਊਟੀ ਨੂੰ ਨਿਭਾ ਕੇ ਸੰਸਾਰ ਤੋਂ ਤੁਰ ਜਾਂਦੇ ਹਨ। ਅਕਾਲ ਪੁਰਖ ਵਲੋਂ ਵਰੋਸਾਏ ਜਨਾਂ ਵਿੱਚੋਂ ਸੇਵਾ ਦੇ ਪੁੰਜ ਸੰਤ ਨਿਧਾਨ ਸਿੰਘ ਲੰਗਰਾਂ ਵਾਲੇ ਵੀ ਇਕ ਹਨ, ਜਿਹਨਾਂ ਨੇ ਆਪਣਾ ਜੀਵਨ ਗੁਰੂ ਕੀਆਂ ਸੰਗਤਾਂ ਦੀ ਸੇਵਾ ਲਈ ਅਰਪਨ ਕੀਤਾ ਤੇ ਇਸ ਖੇਤਰ ਵਿੱਚ ਲਾਸਾਨੀ ਪੂਰਨੇ ਪਾਏ।
ਬਾਬਾ ਨਿਧਾਨ ਸਿੰਘ ਜੀ ਦਾ ਜਨਮ ਪਿੰਡ ਨਡਾਲੋਂ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਭਾਗਾਂ ਵਾਲੀ ਧਰਤੀ ਤੇ ਪਿਤਾ ਸਰਦਾਰ ਉੱਤਮ ਸਿੰਘ ਪਰਮਾਰ ਦੇ ਘਰ ਮਾਤਾ ਗੁਲਾਬ ਕੌਰ ਜੀ ਦੀ ਕੁੱਖੋਂ 25 ਮਾਰਚ 1882 ਈ: ਨੂੰ ਹੋਇਆ। ਆਪ ਇਕ ਉੱਤਮ ਪੁੱਤਰ ਸਨ, ਜਿੰਨ੍ਹਾਂ ਨੇ ਭਵਿੱਖ ਵਿਚ ਗੁਲਾਬ ਦੀ ਤਰ੍ਹਾਂ ਸਾਰੇ ਸੰਸਾਰ ਵਿੱਚ ਸੇਵਾ ਅਤੇ ਸਿਮਰਨ ਦੀ ਮਹਿਕ ਛੱਡਣੀ ਸੀ । ਪਰਿਵਾਰ ਵੱਲੋਂ ਆਪ ਦਾ ਨਾਮ ‘ਨਿਧਾਨ ਸਿੰਘ’ ਰੱਖਿਆ ਗਿਆ। ਨਿਧਾਨ ਦਾ ਅਰਥ ਹੈ ‘ਖਜ਼ਾਨਾ’ ਤੇ ਆਪ ਸਚਮੁੱਚ ਸੇਵਾ ਸਿਮਰਨ ਦੇ ਅਮੋਲਕ ਖਜ਼ਾਨੇ/ਭੰਡਾਰ ਬਣ ਕੇ ਸੰਸਾਰ ਵਿਚ ਵਿਚਰੇ। ਸ. ਅਤਰ ਸਿੰਘ, ਸ. ਈਸ਼ਰ ਸਿੰਘ ਅਤੇ ਸ. ਮਹਾਂ ਸਿੰਘ ਆਪ ਜੀ ਦੇ ਤਿੰਨ ਭਰਾ ਸਨ, ਜਿਨ੍ਹਾਂ ਵਿੱਚੋਂ ਆਪ ਸਭ ਤੋਂ ਛੋਟੇ ਸਨ। ਆਪ ਦਾ ਪਰਿਵਾਰ ਆਰਥਿਕ ਪੱਖੋਂ ਭਾਵੇਂ ਇਤਨਾ ਖੁਸ਼ਹਾਲ ਨਹੀਂ ਸੀ ਪਰ ਗੁਰਸਿੱਖੀ ਵਿਚ ਪ੍ਰਪੱਕ ਸੀ।
ਬਾਬਾ ਨਿਧਾਨ ਸਿੰਘ ਜੀ ਦਾ ਬਚਪਨ ਪਿੰਡ ਵਿੱਚ ਲੰਘਿਆ। ਪੰਜ ਸਾਲ ਦੀ ਉਮਰ ਵਿੱਚ ਪਿੰਡ ਵਿਚੋਂ ਹੀ ਗੁਰਮੁਖੀ ਤੇ ਗੁਰਬਾਣੀ ਦੀ ਸਿੱਖਿਆ ਹਾਸਲ ਕਰਨੀ ਆਰੰਭ ਕੀਤੀ ਤੇ ਛੇਤੀ ਹੀ ਗੁਰਬਾਣੀ ਦਾ ਅਧਿਐਨ ਕਰ ਲਿਆ। ਗੁਰਸਿੱਖੀ ਜੀਵਨ-ਜਾਚ ਦੀ ਗੁੜਤੀ ਤਾਂ ਆਪ ਜੀ ਨੂੰ ਬਚਪਨ ਤੋਂ ਹੀ ਮਾਤਾ-ਪਿਤਾ ਦੇ ਨੇਕ ਸੰਸਕਾਰਾਂ ਤੋਂ ਪ੍ਰਾਪਤ ਹੋ ਚੁੱਕੀ ਸੀ ਪਰ ਇਸ ਖੇਤਰ ਵਿਚ ਵਧੇਰੇ ਲਗਨ ਨਡਾਲੋਂ ਦੇ ਹੀ ਇਕ ਮਹਾਨ ਤਪੱਸਵੀ ਸੰਤ ਬਾਬਾ ਦੀਵਾਨ ਸਿੰਘ ਜੀ ਦੀ ਸੰਗਤ ਕਰਨ ਨਾਲ ਪ੍ਰਫੁਲਤ ਹੋਈ। ਆਪ ਨੇ ਨਿਰੰਤਰ ਅਭਿਆਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁੱਧ ਪਾਠ ਤੇ ਗੁਰਬਾਣੀ ਦਾ ਅਰਥ ਬੋਧ ਦਾ ਗਿਆਨ ਹਾਸਲ ਕਰ ਲਿਆ। ਬਾਬਾ ਨਿਧਾਨ ਸਿੰਘ ਬੜੇ ਉਚੇ ਲੰਮੇ ਕੱਦ ਵਾਲੇ ਤੇ ਗੱਠਵੇਂ ਸਰੀਰ ਵਾਲੇ ਨੌਜਵਾਨ ਬਣੇ। ਆਪ ਨੂੰ ਗਤਕਾ, ਘੋੜਸਵਾਰੀ ਤੇ ਕੁਸ਼ਤੀ ਕਰਨ ਦਾ ਬੜਾ ਸ਼ਂੌਕ ਸੀ। ਆਪ ਇਨ੍ਹਾਂ ਖੇਡਾਂ ਵਿਚ ਬੜੇ ਮਾਹਿਰ ਸਨ। ਰਿਸ਼ਟ-ਪੁਸ਼ਟ ਸਰੀਰ ਹੋਣ ਕਾਰਣ ਆਪ ਫੌਜ ਵਿਚ ਭਰਤੀ ਹੋ ਗਏ। ਆਪਨੇ ਝਾਂਸੀ ਵਿਖੇ ਥੋੜਾ ਸਮਾਂ ਨੌਕਰੀ ਕੀਤੀ। ਆਪ ਦੇ ਜੀਵਨ ਕਾਲ ਵਿੱਚ ਉਸ ਮੌਕੇ ਇਕ ਮਹੱਤਵਪੂਰਨ ਮੋੜ ਆਇਆ ਜਦੋਂ ਆਪ ਨੇ ਸੰਗਤਾਂ ਦੇ ਜੱਥੇ ਨੂੰ ਹਜ਼ੂਰ ਸਾਹਿਬ ਵੱਲ ਜਾਂਦੇ ਦੇਖਿਆ। ਬਾਬਾ ਜੀ ਨੂੰ ਵੀ ਹਜ਼ੂਰ ਸਾਹਿਬ ਜਾਣ ਲਈ ਇਕ ਨਿਰਾਲੀ ਅਤੇ ਰੂਹਾਨੀ ਖਿੱਚ ਮਹਿਸੂਸ ਹੋਈ। ਗੁਰੂ ਨਾਲ ਪਿਆਰ ਕਰਨ ਵਾਲੀ ਪਿਆਸੀ ਜਿੰਦ ਅਬਚਲ ਨਗਰ ਵੱਲ ਚੱਲਣ ਲਈ ਉਤਾਵਲੀ ਹੋਣ ਲੱਗੀ। ਅਧਿਆਤਮਿਕ ਉੱਚਤਾ ਭਾਰੂ ਹੋ ਜਾਣ ਕਾਰਨ ਆਪ ਨੇ ਨੌਕਰੀ ਛੱਡ ਕੇ ਹਜ਼ੂਰ ਸਾਹਿਬ ਵੱਲ ਚਾਲੇ ਪਾ ਦਿੱਤੇ। ਦਸਮੇਸ਼ ਪਿਤਾ ਦੇ ਪਵਿੱਤਰ ਸਥਾਨ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੇ ਏਨਾ ਪ੍ਰਭਾਵਿਤ ਕੀਤਾ ਕਿ ਆਪ ਉੱਥੇ ਹੀ ਟਿਕ ਗਏ। ਇਥੇ ਆਪ ਨੇ ਸਿਮਰਨ-ਬੰਦਗੀ ਦੇ ਨਾਲ-ਨਾਲ ਸੱਚਖੰਡ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਵਾਸਤੇ ਜਲ ਦੀ ਸੇਵਾ ਆਰੰਭ ਕਰ ਦਿੱਤੀ। ਕੁਝ ਸਮੇਂ ਬਾਅਦ ਬਕੱਲੀਆਂ ਦੀ ਸੇਵਾ ਵੀ ਆਰੰਭ ਕੀਤੀ। ਆਪ ਭੁੱਖੇ ਸੌਂ ਜਾਂਦੇ ਪਰ ਕਿਸੇ ਯਾਤਰੂ ਨੂੰ ਭੁੱਖਾ ਨਾ ਜਾਣ ਦਿੰਦੇ ਅਤੇ ਆਪ ਸੰਗਤ ਨੂੰ ਜਲ ਛਕਾਉਣ ਵਾਸਤੇ ਡੇਢ ਮਣ ਭਾਰੀ ਪਾਣੀ ਦੀ ਗਾਗਰ ਗੋਦਾਵਰੀ ਤੋਂ ਲੈ ਕੇ ਆਉਂਦੇ। ਸਥਾਨਕ ਲੋਕ ਪਹਿਲੋਂ ਤਾਂ ਆਪ ਨਾਲ ਪਿਆਰ ਕਰਦੇ ਸਨ ਪਰ ਬਾਅਦ ਵਿਚ ਜਦ ਛੋਲੇ ਵਰਤਾਉਣੇ ਆਰੰਭ ਕੀਤੇ ਤਾਂ ਈਰਖਾ ਕਰਨ ਲੱਗੇ, ਕਿਉਂਕਿ ਜੋ ਸੇਵਾ ਸੰਗਤਾਂ ਨੇ ਬੁੰਗਿਆਂ ਵਿੱਚ ਜਾ ਕੇ ਦੇਣੀ ਹੁੰਦੀ ਸੀ ਉਹ ਇਥੇ ਦੇਣ ਲੱਗ ਪਏ ਸਨ। ਈਰਖਾ ਏਨੀ ਵੱਧ ਗਈ ਕਿ ਇਕ ਦਿਨ ਆਪ ਜੀ ਨੂੰ ਇਸ ਸੇਵਾ ਤੋਂ ਹੱਥ ਧੋਣਾ ਪਿਆ। ਘੋਰ ਨਿਰਾਸ਼ਾ ਵਿੱਚ ਆਪ ਪੰਜਾਬ ਵਾਪਸ ਜਾਣ ਲਈ ਰੇਲਵੇ ਸਟੇਸ਼ਨ ‘ਤੇ ਆ ਕੇ ਗੱਡੀ ਦੀ ਉਡੀਕ ਵਿੱੱਚ ਬੈਠ ਗਏ। ਰੇਲਵੇ ਸਟੇਸ਼ਨ ‘ਤੇ ਆਪ ਨਾਲ ਇਕ ਅਲੋਕਾਰ ਘਟਨਾ ਵਾਪਰੀ, ਜਿਸ ਨੇ ਆਪ ਦੇ ਜੀਵਨ ਵਿਚ ਵੱਡਾ ਮੋੜ ਲਿਆਂਦਾ। ਆਪ ਰੇਲਵੇ ਸਟੇਸ਼ਨ ਨਾਂਦੇੜ ਦੇ ਕੋਲ ਇਕ ਦਰੱਖਤ ਹੇਠ ਅੰਤਰ ਧਿਆਨ ਹੋਏ ਬੈਠੇ ਸਨ। ਆਪ ਦੇ ਮਨ ਵਿੱਚ ਪੁਜਾਰੀਆਂ ਦੇ ਵਰਤਾਉ ਕਾਰਨ ਬਹੁਤ ਦੁੱਖ ਸੀ। ਆਪ ਦੀ ਸ਼ਰਧਾ ਨੂੰ ਬੜੀ ਠੇਸ ਲੱਗੀ ਸੀ। ਮਨ ਵਿਚ ਗੁਰੂ ਜੀ ਅੱਗੇ ਜੋਦੜੀਆਂ ਕਰ ਰਹੇ ਸਨ ਤਾਂ ਆਪ ਨੂੰ ਦਸਮ ਪਾਤਿਸ਼ਾਹ ਜੀ ਦੇ ਦਰਸ਼ਨ ਹੋਏ। ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਨਿਧਾਨ ਸਿੰਘ ਜੀ ਨਿਹਾਲ ਹੋ ਗਏ। ਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਵੱਲ ਕਿਰਪਾ ਦੀ ਦ੍ਰਿਸ਼ਟੀ ਕੀਤੀ। ਸੰਤਾਂ ਦੀ ਨਿਰਾਸ਼ਤਾ ਦੂਰ ਹੋ ਗਈ। ਆਪ ਨੇ ਆਪਣਾ ਤਨ, ਮਨ, ਧਨ ਗੁਰੂ ਚਰਨਾਂ ਨੂੰ ਸਮਰਪਿਤ ਕਰ ਦਿੱਤਾ। ਦਸਮ ਪਾਤਿਸ਼ਾਹ ਜੀ ਦਾ ਹੁਕਮ ਹੋਇਆ, ‘ਭਾਈ! ਤੂੰ ਚਿੱਤ ਲਾ ਕੇ ਸੇਵਾ ਕਰ ਮੈਂ ਸਦਾ ਤੇਰੇ ਨਾਲ ਹਾਂ। ਖੀਸਾ ਮੇਰਾ ਤੇ ਹੱਥ ਤੇਰਾ।’ ਗੁਰੂ ਸਾਹਿਬ ਨੇ ਬਾਬਾ ਜੀ ਦੇ ਹਵਾਲੇ ਆਪਣਾ ਖੀਸਾ ਕਰ ਦਿੱਤਾ। ਬਾਬਾ ਜੀ ਨੂੰ ਜ਼ਿੰਦਗੀ ਦੀ ਅਸਲ ਰਮਜ਼ ਸਮਝ ਆ ਗਈ। ਉਹ ਸਮਝ ਗਏ ਕਿ ਸਮੁੱਚਾ ਬ੍ਰਹਿਮੰਡ ਹੀ ਗੁਰੂ ਜੀ ਦਾ ਖੀਸਾ ਹੈ। ਪਰਮਾਤਮਾ ਦੀਆਂ ਅਨੰਤ ਸ਼ਕਤੀਆਂ ਇਸ ਖੀਸੇ ਵਿੱਚ ਪਏ ਧਨ ਪਦਾਰਥ ਹਨ। ਇਸ ਘਟਨਾ ਨੇ ਆਪ ਦੇ ਸਿੱਖੀ ਵਿੱਚ ਵਿਸ਼ਵਾਸ ਨੂੰ ਹੋਰ ਪ੍ਰਪੱਕ ਕਰ ਦਿੱਤਾ। ਇਸ ਦੇ ਪ੍ਰਭਾਵ ਨਾਲ ਆਪ ਦਾ ਰੋਮ-ਰੋਮ ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਆਪ ਦਾ ਤਨ, ਮਨ ਅਗੰਮੀ ਅਨੰਦ ਨਾਲ ਸਰਸ਼ਾਰ ਹੋ ਉੱਠਿਆ। ਆਪ ਜੀ ਨੇ ਰੇਲ ਗੱਡੀ ਦੀ ਟਿਕਟ ਲੈਣ ਦੀ ਥਾਂ ਮੁੜ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਜਾ ਮੱਥਾ ਟੇਕਿਆ।
ਆਪ ਨੂੰ ਅਹਿਸਾਸ ਹੋ ਗਿਆ ਕਿ ਗੁਰੂ ਜੀ ਮੇਰੇ ਨਾਲ ਹਨ ਤੇ ਉਨ੍ਹਾਂ ਦਾ ਮੇਰੇ ਸਿਰ ‘ਤੇ ਹੱਥ ਹੈ। ਆਪ ਨੇ ਇਕ ਇਮਲੀ ਦੇ ਦਰੱਖਤ ਥੱਲੇ ਝੌਪੜੀ ਬਣਾ ਲਈ (ਜਿਥੇ ਹੁਣ ਗੁਰਦੁਆਰਾ ਲੰਗਰ ਸਾਹਿਬ ਹੈ) ਅਤੇ ਛੋਲਿਆਂ ਦੀ ਸੇਵਾ ਫਿਰ ਆਰੰਭ ਕਰ ਦਿੱਤੀ। ਇਸ ਸੇਵਾ ਦਾ ਪ੍ਰਤਾਪ ਇੰਨਾ ਰੰਗ ਲਿਆਇਆ ਕਿ ਇੱਥੇ ਲੰਗਰ ਵੀ ਤਿਆਰ ਹੋਣ ਲੱਗ ਪਿਆ। ਅੱਜ ਇਸ ਅਸਥਾਨ ‘ਤੇ ਸੇਵਾ ਦਾ ਮਹਾਨ ਕੁੰਭ ਚੱਲ ਰਿਹਾ ਹੈ ਅਤੇ ਬਾਬਾ ਜੀ ਵੱਲੋਂ ਚਲਾਈ ਗਈ ਸੰਸਥਾ ਇਕ ਵਿਸ਼ਾਲ ਆਕਾਰ ਲੈ ਚੁੱਕੀ ਹੈ। ਉਨ੍ਹਾਂ ਸਮਿਆਂ ਵਿਚ ਹਜ਼ੂਰ ਸਾਹਿਬ ਦਾ ਪ੍ਰਬੰਧ ਸਰਕਾਰੀ ਹੱਥਾਂ ਵਿਚ ਸੀ ਤੇ ਸਰਕਾਰ ਮੁਸਲਮਾਨ ਨਿਜ਼ਾਮ ਹੈਦਰਾਬਾਦ ਦੇ ਅਧੀਨ ਸੀ। ਕਿਸੇ ਸ਼ਿਕਾਇਤ ਕਰ ਦਿੱਤੀ ਕਿ ਬਾਬਾ ਨਿਧਾਨ ਸਿੰਘ ਮੁਸਲਮਾਨਾਂ ਦੇ ਬਰਖਿਲਾਫ਼ ਹੈ। ਇਸ ਲਈ ਇੱਕ ਮੁਸਲਮਾਨ ਅਫਸਰ ਪੁੱਛ-ਪੜਤਾਲ ਵਾਸਤੇ ਨਿਯੁਕਤ ਕੀਤਾ ਗਿਆ। ਬਾਬਾ ਜੀ ਨੂੰ ਮਿਲ ਕੇ ਉਸ ਨੇ ਰਿਪੋਰਟ ਦਿੱਤੀ ਕਿ ਇਹ ਪੰਜਾਬ ਤੋਂ ਆਇਆ ਸਿੱਖ ਖੁਦਾਪ੍ਰਸਤ ਹੈ। ਮੁਸਲਮਾਨਾਂ ਦੀ ਨੁਕਤਾਚੀਨੀ ਨਹੀਂ ਕਰਦਾ ਤੇ ਇਕ ਰੱਬ ਦੇ ਵਜ਼ੂਦ ਦਾ ਪ੍ਰਚਾਰ ਕਰਦਾ ਹੈ। ਉਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਪੰਜ ਪਾਣੀਆਂ ਦੀ ਧਰਤੀ ਦਾ ਦਰਵੇਸ਼ ਖੁਦਾ ਦੀ ਬੰਦਗੀ ਕਰਨ ਵਾਲਾ ਜਗਿਆਸੂ ਹੈ। ਇਹ ਦਰਵੇਸ਼ ਮੁਸਲਮਾਨਾਂ ਦੀ ਅਲੋਚਨਾ ਨਹੀਂ ਕਰਦਾ। ਉਹ ਆਪਣੀ ਭਗਤੀ ਰਾਹੀਂ ਰੱਬ ਦੀ ਖੁਸ਼ਬੂ ਸੰਸਾਰ ਵਿਚ ਇਸ ਤਰ੍ਹਾਂ ਫੈਲਾ ਰਿਹਾ ਹੈ ਜਿਵੇਂ ਕਿਸੇ ਬਾਗ ਦਾ ਫੁੱਲ ਆਪਣੀ ਖੁਸ਼ਬੂ ਨਾਲ ਸੰਸਾਰ ਨੂੰ ਮਹਿਕਾਂਦਾ ਹੈ।
ਆਪ ਜੀ ਦੇ ਜੱਦੀ ਨਡਾਲੋਂ ਪਿੰਡ ਵਿੱਚ ਕੋਈ ਗੁਰਦੁਆਰਾ ਨਹੀਂ ਸੀ। ਸਭ ਤੋਂ ਪਹਿਲਾਂ ਆਪ ਜੀ ਨੇ ਇਕ ਗੁਰਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਫਿਰ ਆਪ ਜੀ ਨੇ ਤਝਪ੍ਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸਥਾਪਤ ਕੀਤਾ। ਸਿੱਖ ਧਰਮ ਦੇ ਪ੍ਰਚਾਰ ਵਾਸਤੇ ਚਾਨਣ ਮੁਨਾਰੇ ਵਜੋਂ ਕਾਇਮ ਗੁਰੂਘਰ ਦਾ ਨਾਮ ਗੁਰਦੁਆਰਾ ਦੀਵਾਨ ਸਿੰਘ ਤੇ ਬਾਬਾ ਨਿਧਾਨ ਸਿੰਘ ਰੱਖਿਆ ਗਿਆ। ਆਪ ਨੇ ਗੁਰਬਾਣੀ ਦੇ ਪਵਿੱਤਰ ਵਾਕ ”ਗੁਰੂਦੁਆਰੇ ਹੋਇ ਸੋਝੀ ਪਾਇਸੀ” ਦੇ ਮੱਦੇਨਜ਼ਰ ਅਨੇਕ ਗੁਰਦੁਆਰਿਆਂ ਦੀ ਸੇਵਾ ਕਰਾਈ। ਗੁਰਦੁਆਰਾ ਲੰਗਰ ਸਾਹਿਬ, ਨਾਂਦੇੜ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਮਨਮਾੜ ਵਿਖੇ ਗੁਰਦੁਆਰਾ ਗੁਪਤਸਰ ਸਾਹਿਬ ਦੀ ਉਸਾਰੀ ਕਰਾਈ, ਜਿੱਥੇ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਗੱਡੀ ਬਦਲਣੀ ਪੈਂਦੀ ਸੀ। ਸੰਗਤ ਉੱਥੇ ਰੁਕ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਅਤੇ ਨਿਵਾਸ ਦੀ ਸਹੂਲਤ ਹੋਣ ਕਰਕੇ ਉੱਥੇ ਆ ਕੇ ਸੰਗਤ ਵਿਸ਼ਰਾਮ ਵੀ ਕਰਦੀ। ਇਸ ਤੋਂ ਇਲਾਵਾ ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ 33 ਖ਼ਾਲਸਾ ਦੀਵਾਨ ਕਰਾਚੀ, ਅਤੇ ਹੋਰ ਅਨੇਕ ਗੁਰਧਾਮਾਂ ਦੀ ਸੇਵਾ ਕਰਾਈ। ਪੰਜਾ ਸਾਹਿਬ ਵਿਖੇ 14 ਅਕਤੂਬਰ 1932 ਨੂੰ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਾਲੇ ਪੰਜਾਂ ਪਿਆਰਿਆਂ ਵਿੱਚ ਆਪ ਜੀ ਸ਼ਾਮਲ ਸਨ।
ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਬਾਬਾ ਜੀ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਵਿੱਚ ਵੀ ਅਹਿਮ ਯੋਗਦਾਨ ਪਾਇਆ। ਗੁਰਬਾਣੀ ਦਾ ਇਹ ਮਹਾਂਵਾਕ ‘ਗੁਰਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਣ’ ਵਿਦਿਆ ਦੀ ਯੁਕਤ ਅਤੇ ਉਦੇਸ਼ ਨੂੰ ਪ੍ਰਗਟ ਕਰਦਾ ਹੈ। ਇਸ ਕਰਕੇ ਬਾਬਾ ਜੀ ਨੇ ਸੰਸਾਰ ਦੇ ਪਰਉਪਕਾਰ ਵਾਸਤੇ ਸਕੂਲਾਂ ਅਤੇ ਕਾਲਜਾਂ ਨੂੰ ਆਰਥਿਕ ਸਹਾਇਤਾ ਦਿੱਤੀ।
ਬਾਬਾ ਨਿਧਾਨ ਸਿੰਘ ਜੀ ਨੇ ਸਤਿਗੁਰੂ ਨਾਲ ਗੁਰ-ਸ਼ਬਦ ਦੁਆਰਾ ਸਾਂਝ ਪਾ ਕੇ ਨਾਮ ਸਿਮਰਨ ਕੀਤਾ । ਇਸ ਬੰਦਗੀ ਦੁਆਰਾ ਹਾਸਲ ਹੋਏ ਬ੍ਰਹਮ ਗਿਆਨ ਨੂੰ ਅਮਲੀ ਜੀਵਨ ਵਿਚ ਢਾਲਦਿਆਂ ਤਨ, ਮਨ, ਧਨ ਸਭ ਗੁਰੂ ਨੂੰ ਅਰਪਣ ਕਰਕੇ ਹੁਕਮੀ ਸੇਵਕ ਬਣ ਕੇ ਸੰਸਾਰ ਅੰਦਰ ਵਿਚਰੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚੇ ਸੇਵਕ ਉੱਤੇ ਗੁਰੂ ਦੇ ਸਦਾ ਦਿਆਲ ਹੋਣ ਦਾ ਜੋ ਭਰੋਸਾ ਦਿਵਾਇਆ ਹੈ, ਉਸ ਉਤੇ ਆਪ ਜੀ ਦਾ ਦ੍ਰਿੜ ਵਿਸਵਾਸ਼ ਸੀ। ਜਿਸ ਕਰਕੇ ਆਪ ਜੀ ਨੇ ਸੇਵਾ ਦੇ ਖੇਤਰ ਵਿਚ ਆਈਆਂ ਸਾਰੀਆਂ ਔਕੜਾਂ ਨੂੰ ਗੁਰੂ ਦਾ ਭਾਣਾ ਮੰਨਦਿਆਂ ਹਮੇਸ਼ਾਂ ਸੰਗਤਾਂ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਬਣਾਈ ਰੱਖਿਆ । ਇਹੋ ਜਿਹੇ ਸੰਤਾਂ ਮਹਾਂਪੁਰਖਾਂ ਦਾ ਜੀਵਨ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਜਿਸ ਤੋਂ ਕੌਮ ਨੂੰ ਸੇਧ ਤੇ ਅਗਵਾਈ ਮਿਲਦੀ ਹੈ । ਉਨ੍ਹਾਂ ਵਾਂਗ ਹੀ ਸਾਨੂੰ ਨਿਸ਼ਕਾਮ ਹੋ ਕੇ ਸੇਵਾ ਕਰਨ ਦੀ ਲੋੜ ਹੈ। ਬਾਬਾ ਨਿਧਾਨ ਸਿੰਘ ਜੀ ਸਤਿਗੁਰਾਂ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੋ ਕੇ ਆਪਣੇ ਜਨਮ ਸਥਾਨ ਨਡਾਲੋਂ ਨਗਰ, ਹੁਸ਼ਿਆਰਪੁਰ ਤੋਂ ਲੈਕੇ ਆਪਣੇ ਸੇਵਾ ਸਥਾਨ ਨਾਂਦੇੜ ਸਾਹਿਬ ਤੱਕ ਸਿੱਖੀ ਵਿੱਚ ਪ੍ਰਪੱਕ ਰਹਿੰਦਿਆਂ ਕਾਰਜਸ਼ੀਲ ਰਹੇ। ਆਪ ਜੀ ਵਲੋਂ ਹਜ਼ੂਰ ਸਾਹਿਬ ਵਿਖੇ ਆਰੰਭ ਕੀਤੀ ਲੰਗਰ ਦੀ ਸੇਵਾ ਅੱਜ ਇਕ ਵਿਸ਼ਾਲ ਸੰਸਥਾਈ ਰੂਪ ਅਖਤਿਆਰ ਕਰ ਚੁੱਕੀ ਹੈ। ਅੱਜ ਵੀ ‘ਹੱਥ ਤੇਰਾ ਖੀਸਾ ਮੇਰਾ’ ਦਾ ਜਾਹਰਾ ਵਰਤਾਰਾ ਹੋਣ ਕਰਕੇ ਇਹ ਸੰਸਥਾ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਬਾਬਾ ਨਿਧਾਨ ਸਿੰਘ ਜੀ 4 ਅਗਸਤ 1947 ਈ. ਨੂੰ ਹਜ਼ੂਰ ਸਾਹਿਬ ਵਿਖੇ ਸੰਗਤਾਂ ਦੀ ਸੇਵਾ ਕਰਦੇ ਹੋਏ ਜੀਵਨ ਯਾਤਰਾ ਸਫਲ ਕਰਕੇ ਬ੍ਰਹਮ ਵਿੱਚ ਲੀਨ ਹੋ ਗਏ। ਅੱਜ ਦੇ ਦਿਨ ਉÎੱਥੇ ਵੀ ਵੱਡੇ ਪੱਧਰ ‘ਤੇ ਅਤੇ ਦੇਸ਼-ਵਿਦੇਸ਼ ਉਹਨਾਂ ਦੀ ਯਾਦ ਵਿੱਚ ਹਰ ਸਾਲ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਹੈ। ਬਾਬਾ ਜੀ ਦੁਆਰਾ ਕੀਤੇ ਕਾਰਜਾਂ ਨੂੰ ਅਕਾਦਮਿਕ ਪੱਧਰ ‘ਤੇ ਸੰਗਤਾਂ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕਾਰਜ਼ਸ਼ੀਲ ਹੈ। ਸੁਸਾਇਟੀ ਦੇ ਯਤਨਾਂ ਨਾਲ ਪਹਿਲੀ ਵਾਰ 4 ਅਗਸਤ ਨੂੰ ਪ੍ਰੋ. ਕਿਰਪਾਲ ਸਿੰਘ ਜੀ ਬਡੂੰਗਰ,ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ।

