ਚੀਨੀ ਸਰਹੱਦ ‘ਤੇ ਭਾਰਤ ਨੇ ਵਧਾਈ ਫੌਜ
ਡੌਕਲਾਮ ‘ਚ ਚੀਨੀ ਤੇ ਭਾਰਤੀ ਫੌਜੀਆਂ ਦੇ ਵਿਚਕਾਰ ਪਿਛਲੇ ਦੋ ਮਹੀਨਿਆਂ ਤੋਂ ਵਿਰੋਧ ਜਾਰੀ
ਨਵੀਂ ਦਿੱਲੀ 11 ਅਗਸਤ (ਮਧੂਸਾਰ ਬਿਊਰੋ) ਭਾਰਤ ਨੇ ਦੇਰ ਸ਼ਾਮ ਚੀਨ ਨਾਲ ਲੱਗਦੀਆਂ ਆਪਣੀਆਂ ਪੂਰਬੀ ਸਰਹੱਦਾਂ ‘ਤੇ ਚੌਕਸੀ ਵਜੋਂ ਫੌਜ ਦੀ ਗਿਣਤੀ ‘ਚ ਵਾਧਾ ਕੀਤਾ ਹੈ।
ਸ਼ੁਰੂਆਤੀ ਖਬਰਾਂ ਮੁਤਾਬਕ ਇਕ ਖਬਰ ਏਜੰਸੀ ਨੂੰ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਨੇ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ‘ਚ ਚੀਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ‘ਤੇ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਸਿੱਕਮ ਤੋਂ ਅਰੁਣਾਚਲ ਪ੍ਰਦੇਸ਼ ਤੱਕ 1,400 ਕਿਲੋਮੀਟਰ ਦੇ ਦਾਇਰੇ ‘ਚ ਫੈਲੀ ਭਾਰਤੀ ਸਰਹੱਦ ‘ਤੇ ਫੌਜ ਵਧਾਉਣ ਦਾ ਫੈਸਲਾ ਮੌਜੂਦਾ ਸਥਿਤੀ ਦੇ ਵਿਸਤਰਿਤ ਵਿਸ਼ਲੇਸ਼ਣ ਤੋਂ ਬਾਅਦ ਲਿਆ ਗਿਆ ਹੈ। ਫੌਜੀਆਂ ਦੀ ਵਧਾਈ ਗਈ ਗਿਣਤੀ ਬਾਰੇ ਹਾਲਾਂਤਿ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸਿੱਕਮ ਸਰਹੱਦ ਨਾਲ ਲੱਗਦੇ ਡੌਕਲਾਮ ‘ਚ ਚੀਨੀ ਤੇ ਭਾਰਤੀ ਫੌਜੀਆਂ ਦੇ ਵਿਚਕਾਰ ਪਿਛਲੇ ਦੋ ਮਹੀਨਿਆਂ ਤੋਂ ਵਿਰੋਧ ਜਾਰੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛਲੇ ਹਟਣ ਲਈ ਤਿਆਰ ਨਹੀਂ ਹਨ। ਪਿਛਲੇ ਹਫਤੇ ਚੀਨ ਵਲੋਂ ਇਸ ਮੁੱਦੇ ‘ਤੇ ਤਿਖੀ ਬਿਆਨਬਾਜ਼ੀ ਕੀਤੀ ਗਈ ਸੀ। ਚੀਨ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਭਾਰਤ ਨੇ ਸਰਹੱਦ ਤੋਂ ਫੌਜ ਨਾ ਹਟਾਈ ਤਾਂ ਚੀਨ ਇਸ ‘ਤੇ ਕਾਰਵਾਈ ਕਰੇਗਾ ਤੇ ਭਾਰਤ ਨੂੰ ਇਸ ਦਾ ਨੁਕਸਾਨ ਸਹਿਣਾ ਪਵੇਗਾ।
ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਵਿਚਕਾਰ ਹੋਈ ਬੈਠਕ ‘ਚ ਡੌਕਲਾਮ ਮੁੱਦੇ ਦਾ ਕੋਈ ਹੱਲ ਨਹੀਂ ਨਿਕਲਿਆ। ਦੱਸਣਯੋਗ ਹੈ ਕਿ ਦੋ ਮਹੀਨਿਆਂ ਤੋਂ ਭਾਰਤ ਤੇ ਚੀਨ ਵਿਚਕਾਰ ਡੌਕਲਾਮ ਵਿਵਾਦ ‘ਤੇ ਤਣਾਅ ਵਧਦਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਸਰਹੱਦ ‘ਤੇ ਦੋਵਾਂ ਪਾਸਿਓਂ ਸੁਰੱਖਿਆ ਬਲਾਂ ਦੀ ਗਿਣਤੀ ਵਧਾ ਦਿੱਤੀ ਗਈ।

