ਸਮਾਜ ਦੇ ਹਰ ਵਰਗ ‘ਚ ਹਰਮਨ ਪਿਆਰਾ ਸੀ ਬਲਬੀਰ ਬੇਦੀ
ਦਲਜੀਤ ਸਿੰਘ ਬੇਦੀ
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਢੰਡ ਵਿਖੇ ਗੁਰਮੱਖ ਪਰਿਵਾਰ ਸ. ਅਮਰੀਕ ਸਿੰਘ ਬੇਦੀ ਦੇ ਗ੍ਰਹਿ ਵਿਖੇ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਪਿਤਾ ਦੇ ਅਕਾਲ ਚਲਾਣੇ ਮਗਰੋਂ ਸਭ ਤੋਂ ਵੱਡਾ ਪੁੱਤਰ ਹੋਣ ਨਾਤੇ ਬਲਬੀਰ ਸਿੰਘ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਇਆ। ਭੈਣਾਂ ਭਰਾਵਾਂ ਦੇ ਵਿਆਹ ਕੀਤੇ ਅਤੇ ਆਪ ਰੁਜ਼ਗਾਰ ਦੇ ਵਸੀਲੇ ਲੱਭਦਾ ਲੱਭਦਾ ਪਹਿਲਾਂ ਬੱਸਾਂ ਦੀ ਕੰਡਕਟਰੀ ਕੀਤੀ ਮਗਰੋਂ ਇਸ ਕਿੱਤੇ ਤੋਂ ਬੇਮੁੱਖ ਹੋ ਕੇ ਸਾਹਿਤ ਸਿਰਜਣਾ ਵੱਲ ਮੁੜਿਆ ਅਤੇ ਕਹਾਣੀਆਂ, ਨਾਵਲ, ਗਜ਼ਲਾਂ ਦੀ ਰਚਨਾ ਆਰੰਭ ਕੀਤੀ। ਰੁਜ਼ਗਾਰ ਲਈ ਉਸ ਨੂੰ ਪੱਤਰਕਾਰੀ ਨਾਲ ਜੁੜਨਾ ਪਿਆ। ਅਤੇ ਪਟਿਆਲਾ ਆਣ ਪੁੱਜਾ ਅਤੇ ਇਥੋਂ ਦੀਆਂ ਦੈਨਿਕ ਅਖ਼ਬਾਰਾਂ ਵਿਚ ਕੰਮ ਕਰਨਾ ਆਰੰਭ ਕੀਤਾ।
ਰੋਜ਼ਾਨਾ ਰਣਜੀਤ, ਚੜ੍ਹਦੀਕਲਾ, ਆਸ਼ਿਆਨਾ, ਧੜੱਲੇਦਾਰ ਆਦਿ ਨਾਲ ਜੁੜ ਕੇ ਪੱਤਰਕਾਰੀ ਖੇਤਰ ਵਿਚ ਯੋਗਦਾਨ ਪਾਇਆ। ਇਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ, ਅੱਜ ਦੀ ਆਵਾਜ਼ ਅਤੇ ਦੇਸ਼ ਸੇਵਕ ਆਦਿ ਲਈ ਵੀ ਪੱਤਰਕਾਰੀ ਕੀਤੀ। ਲੰਮੇ ਤਜਰਬੇ ਤੋਂ ਬਾਅਦ ਬਲਬੀਰ ਨੇ ਸੰਨ 1989 ਇਕ ਸਪਾਹਿਤਕ ਅਖ਼ਬਾਰ ‘ਮਧੂਸਾਰ’ ਸ਼ੁਰੂ ਕੀਤਾ, ਜੋ ਜਿਥੇ ਪਟਿਆਲਾ ‘ਚ ਚੰਗੀ ਮਕਬੂਲੀਅਤ ਹਾਸਲ ਕਰ ਚੁੱਕਿਆ, ਉਥੇ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ‘ਚ ਮਧੂਸਾਰ ਅਖ਼ਬਾਰ ਨੇ ਆਪਣੀ ਪਹਿਚਾਣ ਬਣਾ ਲਈ ਹੈ ਅਤੇ ਦੇਸ਼ਾਂ ਵਿਦੇਸ਼ਾਂ ‘ਚ ਵੀ ਬਹੁਤ ਸਾਰੇ ਪੱਤਰਕਾਰ ਅੱਜ ਮਧੂਸਾਰ ਅਖ਼ਬਾਰ ਨਾਲ ਜੁੜ ਕੇ ਕੰਮ ਕਰ ਰਹੇ ਹਨ। ਅਖ਼ਬਾਰਾਂ ਲਈ ਕੰਮ ਕਰਦਿਆਂ ਉਹ ਰਾਜਨੀਤੀ ਨਾਲ ਵੀ ਜੁੜ ਗਿਆ ਅਤੇ ਇਸ ਤਰ੍ਹਾਂ ਬੇਦੀ ਸਾਹਿਤ, ਸਮਾਚਾਰ ਪੱਤਰ ਅਤੇ ਸਿਆਸਤ ਵਿਚ ਚਰਚਿਤ ਨਾਂ ਬਣ ਗਿਆ। ਸਾਹਿਤਕ ਖੇਤਰ ਵਿਚ ਉਸ ਦਾ ਪਹਿਲਾ ਨਾਵਲ ਨੀਲਮਣੀ ਵਿਚ ਪ੍ਰਕਾਸ਼ਤ ਹੋਇਆ, ਜਿਸ ਦੀ ਪੰਜਾਬ ‘ਚ ਭਰਵੀਂ ਚਰਚਾ ਹੋਈ। ‘ਅਕਾਸ਼ੋ ਟੁੱਟੇ ਤਾਰੇ’ ਨਾਵਲ ਵਿਚ ਉਸ ਨੇ ਰੋਡਵੇਜ਼ ਮਹਿਕਮੇ ਅਤੇ ਫੈਲੇ ਵਿਆਪਕ ਭ੍ਰਿਸ਼ਟਾਚਾਰ ਦੀ ਯਥਾਰਥਕ ਝਲਕੀ ਰੂਪਮਾਨ ਕੀਤੀ। ਉਸ ਦਾ ਛਪਿਆ ਨਾਵਲ ‘ਅਕਾਸ਼ੋ ਟੁੱਟੇ ਤਾਰੇ’ ਆਧੁਨਿਕ ਯੁੱਗ ਬੋਧ ਦੀ ਭਰਵੀਂ ਤਰਜਮਾਨੀ ਕਰਦਾ ਹੈ। ਉਸ ਨੇ ਗਜ਼ਲਾਂ ਦੇ ਖੇਤਰ ਵਿਚ ਵੀ ਯੋਗਦਾਨ ਪਾਇਆ। ਫੀਚਰ ਵਿਚ ਉਸ ਨੇ ਆਪਣੀ ਕਲਮ ਦੇ ਚੰਗੇ ਜੌਹਰ ਦਿਖਾਏ। ਉਸ ਦੀ ਕਲਮ ਬੇਰੋਕ ਚਲਦੀ ਸੀ। ਸ਼ਬਦ ਆਪ ਮੁਹਾਰੇ ਪਾਣੀ ਦੇ ਵਹਿਣ ਵਾਂਗ ਅਹੁੜਦੇ ਸਨ ਉਸ ਦੀ ਸਾਹਿਤਕ ਸੂਝ ਬਹੁਤ ਪ੍ਰਪੱਕ ਸੀ ਅਤੇ ਉਸ ਨੇ ਪ੍ਰਸਿੱਧ ਉਸਤਾਦ ਗਜ਼ਲਗੋ ਸ਼ਾਇਰ ਜਗਤਾਰ ਬਾਰੇ ਮੋਨੋਗ੍ਰਾਫ ਲਿਖ ਕੇ ਆਪਣੀ ਆਲੋਚਨਾਤਮਕ ਪ੍ਰਤਿਭਾ ਦਾ ਪਰਿਚੈ ਦਿੱਤਾ। ਉਸ ਦੀ ਸਮਰੱਥ ਕਲਮ ਹੱਥੋਂ ਬਹੁਤ ਕੁਝ ਹੋਣਾ ਸੀ ਅਤੇ ਕਾਫੀ ਕੁਝ ਕਰ ਰਿਹਾ ਸੀ। ਰੁਜ਼ਗਾਰ ਲਈ ਉਸ ਨੇ ਪੱਤਰਕਾਰੀ ਦਾ ਖੇਤਰ ਚੁਣਿਆ, ਕਈ ਅਖ਼ਬਾਰਾਂ ਲਈ ਕੰਮ ਕਰਨ ਦੇ ਬਾਵਜੂਦ ਉਹ ਆਰਥਿਕ ਪੱਖੋਂ ਬੇਫਿਕਰ ਨਾ ਹੋ ਸਕਿਆ। ਉਨ੍ਹਾਂ ਹਾਲਤਾਂ ਵਿਚ ਵੀ ਉਹ ਬਾਦਸ਼ਾਹ ਸੀ, ਜਦੋਂ ਕੋਈ ਸਾਹਿਤਕਾਰ, ਪੱਤਰਕਾਰ ਜਾਂ ਦੋਸਤ ਰਿਸ਼ਤੇਦਾਰ ਉਸ ਦੇ ਘਰ ਆਉਂਦਾ ਉਹ ਸਭ ਤੋਂ ਅੱਗੇ ਵੱਧ ਕੇ ਉਸ ਦੀ ਮਹਿਮਾਨ ਨਿਵਾਜ਼ੀ ਕਰਨ ਲਈ ਤਰਲੋਮੱਛੀ ਹੋਇਆ ਫਿਰਦਾ। ਉਸ ਨੇ ਬਾਹਰਲੇ ਦੇਸ਼ਾਂ ਵਿਚ ਵਸੇ ਪ੍ਰਵਾਸੀ ਲੇਖਕਾਂ ਅਤੇ ਪੰਜਾਬ ਦੀ ਸ਼ਖਸੀਅਤ ਦੇ ਸਨਮਾਨ ਸਮਾਗਮ ਵੀ ਰਚਾਏ ਅਤੇ ਆਪਣੀ ਹੈਸੀਅਤ ਤੋਂ ਵੱਧ ਕੇ ਸੇਵਾ ਭਾਵ ਨਾਲ ਕੰਮ ਕੀਤਾ। ਸਮਾਜ ਵਿਚ ਬੇਦੀ ਦੀ ਬੜੀ ਇਜ਼ਤ ਸੀ। ਉਹ ਜਿਧਰੋਂ ਲੰਘ ਜਾਂਦਾ ਉਸ ਨੂੰ ਜਾਣਕਾਰੀ ਪ੍ਰਸੰਸਕਾਂ ਵੱਲੋਂ ਸਤਿਕਾਰ ਮਿਲਦਾ ।
ਉਹ ਸੱਚਾ ਦਰਵੇਸ਼ ਸੀ, ਜਿਸ ਨੂੰ ਸਮਝਣ ਵਿਚ ਕਈਆਂ ਨੂੰ ਭੁਲੇਖਾ ਵੀ ਹੋਇਆ। ਵੱਡੀ ਤੋਂ ਵੱਡੀ ਸੱਟ ਅਤੇ ਮੰਦਭਾਵੀ ਆਲੋਚਨਾ ਨੂੰ ਵੀ ਬਰਦਾਸ਼ਤ ਕਰ ਜਾਣਾ ਉਸ ਦੀ ਆਦਤ ਬਣ ਚੁੱਕੀ ਸੀ। ਅੱਜ ਬਰਸੀ ਮੌਕੇ ਸਾਡੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ‘ਮਧੂਸਾਰ’ ਅਖ਼ਬਾਰ ਦੀ ਤਰੱਕੀ ਲਈ ਸਾਨੂੰ ਸਾਰਿਆਂ ਨੂੰ ਰੱਲ ਕੇ ਕੋਈ ਉਦਮ ਕਰਨਾ ਚਾਹੀਦਾ।

