ਪੰਜਾਬਪਟਿਆਲਾ

ਵੰਡ ਦੇ ਦੁਖਾਂਤ ਨੂੰ ਦਰਸਾਉਂਦੇ ਨਾਟਕ ਧਰਾਬੀ 1947 ਦਾ ਸਫਲ ਮੰਚਨ

ਆਪਣੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ ਅਜਿਹੇ ਨਾਟਕ –ਪਰਨੀਤ ਕੌਰ
ਅਸਲ ਘਟਨਾ ‘ਤੇ ਅਧਾਰਿਤ ਨਾਟਕ ਦੇ ਦ੍ਰਿਸ਼ਾਂ ਨੇ ਹਰ ਅੱਖ ਕੀਤੀ ਨਮ
ਪਟਿਆਲਾ 13 ਅਗਸਤ (ਮਧੂਸਾਰ ਬਿਊਰੋ) ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਦਰਸਾਉਂਦੇ ਨਾਟਕ ਧਰਾਬੀ 1947 ਦਾ ਮੰਚਨ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕੀਤਾ ਗਿਆ।

ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਦੇ ਪਿੰਡ ਧਰਾਬੀ ਵਿੱਚ ਤਿੰਨ ਦੋਸਤਾਂ ਦੀ ਦੋਸਤੀ ‘ਤੇ ਅਧਾਰਿਤ ਇੱਕ ਸੱਚੀ ਘਟਨਾ ਨੂੰ ਰੰਗ ਮੰਚ ‘ਤੇ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਡਰਾਮਾ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗੁਰਪ੍ਰੀਤ ਰਟੌਲ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਇਸ ਨਾਟਕ ਨੇ ਦੇਸ਼ ਦੇ ਵਟਵਾਰੇ ਮੌਕੇ ਵਾਪਰੀਆਂ ਘਟਨਾਵਾਂ ਨੂੰ ਰੂਬਰੂ ਦਰਸਾ ਕੇ ਹਰੇਕ ਦਰਸ਼ਕ ਦੀ ਅੱਖ ਨਮ ਕਰ ਦਿੱਤੀ।
ਜ਼ਰੀਆਂ ਵੈਲਫੇਅਰ ਸੁਸਾਇਟੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਆਜ਼ਾਦੀ ਦਿਵਸ ਨੂੰ ਸਮਰਪਿਤ ਇਸ ਨਾਟਕ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਸਨ ਨੇ ਨਾਟਕ ਦੇ ਕਿਰਦਾਰਾਂ ਵੱਲੋਂ ਨਿਭਾਏ ਸ਼ਾਨਦਾਰ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸੱਦਾ ਦਿੰਦੇ ਹਨ। ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਨਾਟਕ ਦੇ ਲੇਖਕ, ਨਿਰਦੇਸ਼ਕ ਤੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ। ਧਰਾਬੀ 1947 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ: ਸਰਬਜਿੰਦਰ ਸਿੰਘ ਵੱਲੋਂ ਲਿਖੀ ਪੁਸਤਕ ਦੀਜੈ ਬੁੱਧ ਬਿਬੇਕਾ ‘ਤੇ ਅਧਾਰਿਤ ਹੈ। ਇਸ ਕਿਤਾਬ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਸ਼੍ਰੀ ਐਸ.ਪੀ.ਐਸ. ਓਬਰਾਏ ਦੇ ਪਿਤਾ ਸ. ਪ੍ਰੀਤਮ ਸਿੰਘ ਓਬਰਾਏ ਦੇ ਜੀਵਨ ਅਤੇ ਖੱਤਰੀ, ਜੱਟ ਤੇ ਮੁਸਲਮਾਨ ਕੌਮਾਂ ਨਾਲ ਸਬੰਧਤ ਤਿੰਨ ਦੋਸਤਾਂ ਦੀ ਸੱਚੀ ਕਹਾਣੀ ‘ਤੇ ਅਧਾਰਿਤ ਹੈ ਕਿ ਇਸ ਤਰ੍ਹਾਂ ਦੇਸ਼ ਦੇ ਵਟਵਾਰੇ ਵੇਲੇ ਇਹਨਾਂ ਦੋਸਤਾਂ ਨੂੰ ਵਿਛੜਨਾ ਪੈਂਦਾ ਹੈ ਤੇ ਵਿਛੜਨ ਵੇਲੇ ਪਿੰਡ ਧਰਾਬੀ ਦਾ ਪ੍ਰੀਤਮ ਸਿੰਘ ਕਹਿੰਦਾ ਹੈ ਕੇ ”ਬਾਬਾ ਨਾਨਕਾ ਮੇਰੀ ਧਰਾਬੀ ‘ਤੇ ਹਮੇਸ਼ਾ ਸਵੱਲੀ ਨਜਰ ਰੱਖੀ” ਤੇ ਕਿਵੇਂ ਇੱਕ ਸਿੱਖ ਪਰਿਵਾਰ ਦਾ ਲੜਕਾ ਮੋਹਣਾ ਫੌਜ ਵੱਲੋਂ ਟਰੱਕਾ ਰਾਹੀਂ ਭਾਰਤ ਲਿਜਾਣ ਮੌਕੇ ਟਰੱਕ ਵਿਚੋਂ ਛਾਲ ਮਾਰਕੇ ਧਰਾਬੀ ਪੁਜਦੇ ਆਪਣੇ ਮੁਸਲਮਾਨ ਦੋਸਤਾਂ ਨੂੰ ਫਰਿਆਦ ਕਰਦਾ ਹੈ ਕਿ ”ਰੱਖ ਲਓ ਭਾਵੇਂ ਮਾਰ ਦਿਓ ਪਰ ਮੋਹਣਾ ਧਰਾਬੀ ਪਿੰਡ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ” ਅਜਿਹੇ ਦ੍ਰਿਸ਼ਾਂ ਨੇ ਹਰੇਕ ਦਰਸ਼ਕ ਦੀ ਅੱਖ ਨਮ ਕਰ ਦਿੱਤੀ ਮੁਸਲਮਾਨਾਂ ਵੱਲੋਂ ਹਿੰਦੂ ਤੇ ਸਿੱਖ ਭਰਾਵਾਂ ਦੀ ਕੀਤੀ ਰੱਖਿਆ ਦੇ ਦ੍ਰਿਸ਼ਾਂ ਨੇ ਆਪਸੀ ਭਾਈਚਾਰਕ ਸਾਂਝ ਦੀ ਯਾਦਾਂ ਨੂੰ ਤਾਜਾ ਕਰ ਦਿੱਤਾ।
ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਸ਼੍ਰੀ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਅਜਿਹੇ ਨਾਟਕ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਦੇ ਹਨ। ਜ਼ਰੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਾਜੇਸ਼ ਧੀਮਾਨ ਨੇ ਇਸ ਮੌਕੇ ਪੁਜੀਆਂ ਸਮੂਹ ਸ਼ਖਸ਼ੀਅਤਾਂ ਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਵੰਡ ਵੇਲੇ ਵਾਪਰੀਆਂ ਅਸਲ ਘਟਨਾਵਾ ਨੂੰ ਨਾਟਕ ਰਾਹੀਂ ਦਰਸ਼ਾ ਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਆਈ.ਜੀ. ਪਟਿਆਲਾ ਸ਼੍ਰੀ ਏ.ਐਸ.ਰਾਏ., ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਸ਼੍ਰੀ ਐਸ.ਪੀ.ਐਸ. ਓਬਰਾਏ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮਿਤਪ੍ਰਤਾਪ ਸਿੰਘ ਹਨੀ ਸੇਖੋਂ, ਉਘੇ ਕਲਾਕਾਰ ਸ਼੍ਰੀਮਤੀ ਨੀਨਾ ਟਿਵਾਣਾ, ਐਸ.ਡੀ.ਐਮ. ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸੰਜੀਵ ਬਿੱਟੂ ਸ਼ਰਮਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਪ੍ਰੇਮ ਕਿਸ਼ਨ ਪੁਰੀ, ਕਾਂਗਰਸ ਦੇ ਬਲਾਕ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ, ਸ਼੍ਰੀ ਕੇ.ਕੇ. ਮਲਹੋਤਰਾ ਜ਼ਰੀਆ ਵੈਲਫੇਅਰ ਸੁਸਾਇਟੀ ਦੇ ਉਪ ਪ੍ਰਧਾਨ ਸ਼੍ਰੀ ਅਨਿਲ ਅਰੋੜਾ, ਸੀ.ਏ. ਸਿਮਰਨਜੀਤ , ਪੰਜਾਬੀ ਫਿਲਮ ਸਟਾਰ ਐਮੀ ਵਿਰਕ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤੇ ਤੇ ਕਲਾ ਪ੍ਰੇਮੀ ਵੀ ਹਾਜਰ ਸਨ।

Leave a Reply

Your email address will not be published. Required fields are marked *