ਡੇਰਾ ਬੱਸੀ ‘ਚ ਔਰਤਾਂ ਨਾਲ ਛੇੜਛਾੜ ਅਤੇ ਅਕਾਲੀ ਕੌਂਸਲਰਾਂ ਨਾਲ ਧੱਕੇਸ਼ਾਹੀਆਂ ਦਾ ਬੋਲਬਾਲਾ:ਅਕਾਲੀ ਦਲ
ਜਿਸਮਾਨੀ ਛੇੜਖਾਨੀ ਦਾ ਸ਼ਿਕਾਰ ਹੋਈ ਔਰਤ ਨੇ ਮੀਡੀਆ ਅੱਗੇ ਆਪਣੀ ਵਿਥਿਆ ਸੁਣਾਈ
ਡਾਕਟਰ ਚੀਮਾ ਅਤੇ ਐਨਕੇ ਸ਼ਰਮਾ ਨੇ ਕਿਹਾ ਕਿ ਜੇ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਪਾਰਟੀ ਜ਼ਿਲ੍ਹਾ ਪੱਧਰੀ ਧਰਨਾ ਲਾਵੇਗੀ
ਚੰਡੀਗੜ੍ਹ 14 ਅਗਸਤ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਔਰਤਾਂ ਉੱਤੇ ਜ਼ੁਲਮ ਅਤੇ ਅਕਾਲੀ ਕੌਂਸਲਰਾਂ ਖਿਲਾਫ ਝੂਠੇ ਕੇਸ ਪਾਉਣ ਦੀਆਂ ਘਟਨਾਵਾਂ ਸਭ ਹੱਦਾਂ ਬੰਨੇ ਟੱਪ ਗਈਆਂ ਹਨ। ਜੇਕਰ ਇੱਕ ਹਫਤੇ ਦੇ ਅੰਦਰ ਇਹ ਮਸਲੇ ਹੱਲ ਨਾ ਕੀਤੇ ਗਏ ਤਾਂ ਪਾਰਟੀ ਪ੍ਰਸਾਸ਼ਨ ਦੇ ਖਿਲਾਫ ਅੰਦੋਲਨ ਸ਼ੁਰੂ ਕਰੇਗੀ।
ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਡੇਰਾ ਬੱਸੀ ਵਿਧਾਇਕ ਐਨਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਵੱਲੋਂ ਧੱਕੇਸ਼ਾਹੀਆਂ ਦੇ 16 ਮਾਮਲੇ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਂਦੇ ਗਏ ਸਨ, ਪਰ ਸਰਕਾਰ ਪੀੜਤ ਔਰਤਾਂ ਦੀ ਤਰਸਯੋਗ ਹਾਲਤ ਵੇਖ ਕੇ ਵੀ ਟੱਸ ਤੋ ਮੱਸ ਨਹੀਂ ਹੋਈ। ਉਹਨਾਂ ਕਿਹਾ ਕਿ ਜੇਕਰ ਔਰਤਾਂ, ਆਮ ਜਨਤਾ ਅਤੇ ਅਕਾਲੀ ਕੌਂਸਲਰਾਂ ਵਿਰੁੱਧ ਧੱਕੇਸ਼ਾਹੀਆਂ ਦੇ ਇਹਨਾਂ ਕੇਸਾਂ ਵਿਚ ਦੋਸ਼ੀਆਂ ਦੇ ਵਿਰੁੱਧ ਹਫਤੇ ਦੇ ਅੰਦਰ ਕੋਈ ਕਾਰਵਾਈ ਨਾ ਕੀਤੀ ਗਈ, ਤਾਂ ਅਸੀਂ ਮੁਹਾਲੀ ਵਿਚ ਜ਼ਿਲ੍ਹਾ ਪੱਧਰੀ ਧਰਨਾ ਲਾਵਾਂਗੇ ਅਤੇ ਇਸ ਤੋਂ ਬਾਅਦ ਰਾਜ ਭਰ ਵਿਚ ਇਸ ਮੁੱਦੇ ਨੂੰ ਉਠਾਵਾਂਗੇ।
ਡੇਰਾ ਬੱਸੀ ਵਿਚ ਵਾਪਰੇ ਜਿਸਮਾਨੀ ਛੇੜਖਾਨੀ ਦੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਜ਼ੀਰਕਪੁਰ ਵਿਚ ਇੱਕ ਔਰਤ ਅਤੇ ਉਸ ਦੀ ਨੂੰਹ ਉੱਤੇ ਪੁਲਿਸ ਵੱਲੋਂ ਢਾਹੇ ਕਹਿਰ ਬਾਰੇ ਪਾਰਟੀ ਵੱਲੋਂ ਮੋਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਜਾਣਕਾਰੀ ਦਿੱਤਿਆਂ ਚਾਰ ਦਿਨ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਬਟਲਾਨਾ ਪੁਲਿਸ ਚੌਂਕੀ ਦੇ ਏਐਸਆਈ ਨਰਿੰਦਰਪਾਲ ਸਿੰਘ ਵੱਲੋਂ ਔਰਤ ਦੀ ਖਿੱਚ ਧੂਹ, ਮਾਰਕੁੱਟ ਅਤੇ ਉਸ ਨਾਲ ਛੇੜਖਾਨੀ ਕੀਤੇ ਜਾਣ ਦੇ ਬਾਵਜੂਦ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ ਗਈ।ਇੱਥੋਂ ਤਕ ਕਿ ਔਰਤ ਅਤੇ ਉਸ ਦੀ ਨੂੰਹ ਦੇ ਕੱਪੜੇ ਤਕ ਫਾੜ ਦਿੱਤੇ ਗਏ ਸਨ। ਅਸੀਂ ਪੀੜਤਾ ਵੱਲੋਂ ਦਿੱਤੇ ਬਿਆਨ ਮੁਤਾਬਿਕ ਚੌਂਕੀ ਇੰਚਾਰਜ ਦੀ ਤੁਰੰਤ ਗਿਰਫਤਾਰੀ ਅਤੇ ਉਸ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕਰਦੇ ਹਾਂ। ਇਸ ਮੌਕੇ ਪੀੜਤਾ ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦਿਆਂ ਕਿਹਾ ਕਿ ਉਸ ਵੱਲੋਂ ਆਪਣਾ ਬਿਆਨ ਕਲਮਬੰਦ ਕਰਵਾਏ ਜਾਣ ਦੇ ਬਾਵਜੂਦ ਅਜੇ ਤੀਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ।
ਅਕਾਲੀ ਆਗੂ ਨੇ ਕਿਹਾ ਕਿ ਡੇਰਾ ਬੱਸੀ ਵਿਚ ਔਰਤਾਂ ਖਿਲਾਫ ਅੱਤਿਆਚਾਰਾਂ ਦਾ ਇਹ ਕੋਈ ਇਕਲੌਤਾ ਮਾਮਲਾ ਨਹੀਂ ਹੈ। ਉਹਨਾ ਕਿਹਾ ਕਿ ਇਸ ਤੋਂ ਪਹਿਲਾਂ ਇੱਕ ਅਨੀਤਾ ਨਾਂ ਦੀ ਔਰਤ ਨੂੰ ਇੱਕ ਕਾਂਗਰਸੀ ਨੇ ਸਿਰਫ ਇਸ ਲਈ ਕੁੱਟਿਆ ਸੀ, ਕਿਉਂਕਿ ਜਦੋਂ ਉਹ ਉਹਨਾਂ ਦੇ ਘਰ ਦਾ ਪਾਣੀ ਦਾ ਕੁਨੈਕਸ਼ਨ ਕੱਟ ਰਿਹਾ ਸੀ ਤਾਂ ਉਹ ਔਰਤ ਉਸ ਦੀ ਵੀਡਿਓ ਬਣਾ ਰਹੀ ਸੀ। ਉਹਨਾਂ ਕਿਹਾ ਕਿ ਧੱਕੇਸ਼ਾਹੀਆਂ ਦਾ ਇਹ ਆਲਮ ਹੈ ਕਿ ਪੁਲਿਸ ਨੇ ਕਾਂਗਰਸੀ ਦੇ ਵਿਰੁੱਧ ਕੇਸ ਦਰਜ ਕਰਨ ਦੀ ਥਾਂ ਇੱਕ ਅਕਾਲੀ ਕੌਂਸਲਰ ਸ਼ਿਵ ਕੁਮਾਰ ਟੋਨੀ ਦੇ ਖ਼ਿਲਾਫ ਕੇਸ ਪਾ ਦਿੱਤਾ। ਉਹਨਾ ਕਿਹਾ ਕਿ ਇਸ ਕੌਂਸਲਰ ਦੀ ਗਲਤੀ ਸਿਰਫ ਇੰਨੀ ਸੀ ਕਿ ਉਸ ਦੀ ਪਤਨੀ ਪੀੜਤਾ ਨੂੰ ਹਸਪਤਾਲ ਲੈ ਕੇ ਗਈ ਸੀ ।
ਉਹਨਾਂ ਕਿਹਾ ਕਿ ਡੇਰਾ ਬੱਸੀ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀ ਸੂਝ-ਬੂਝ ਅਤੇ ਸੰਵੇਦਨਸ਼ੀਲਤਾ ਉਸ ਤੌਰ-ਤਰੀਕੇ ਤੋਂ ਵੇਖੀ ਜਾ ਸਕਦੀ ਹੈ,ਜਿਸ ਨਾਲ ਜ਼ੀਰਕਪੁਰ ਵਿਚ ਇੱਕ ਗੈਰ-ਕਾਨੂੰਨੀ ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਔਰਤਾਂ ਵੱਲੋਂ ਛੇੜੇ ਗਏ ਅੰਦੋਲਨ ਨਾਲ ਨਜਿੱਠਿਆ ਗਿਆ ਸੀ। ਡਾਕਟਰ ਚੀਮਾ ਨੇ ਕਿਹਾ ਕਿ ਗੈਰ ਕਾਨੂੰਨੀ ਥਸਰਾਬ ਦੇ ਠੇਕੇ ਵਿਰੁੱਧ ਕਾਰਵਾਈ ਕਰਨ ਦੀ ਥਾਂ ਪੁਲਿਸ ਪ੍ਰਸਾਸ਼ਨ ਨੇ ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਦੇ ਦੋ ਭਰਾਵਾਂ ਅਤੇ ਪੰਜ ਕੌਂਸਲਰਾਂ ਖਿਲਾਫ ਝੂਠੇ ਕੇਸ ਦਰਜ ਕਰ ਲਏ ਸਨ। ਉਹਨਾਂ ਕਿਹਾ ਕਿ ਇੱਕ ਐਸਸੀ ਕੌਂਸਲਰ ਨੂੰ ਇਸ ਝੂਠੇ ਕੇਸ ਕਰਕੇ 15 ਦਿਨ ਜੇਲ੍ਹ ਵਿਚ ਰਹਿਣਾ ਪਿਆ ਸੀ, ਜਦਕਿ ਗੈਰ-ਕਾਨੂੰਨੀ ਸ਼ਰਾਬ ਦਾ ਠੇਕੇ ਦੀ ਤੋੜਭੰਨ ਸਿਰਫ ਔਰਤਾਂ ਵੱਲੋਂ ਕੀਤੀ ਗਈ ਸੀ, ਕਿਉਂਕਿ ਵਾਰ ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਪ੍ਰਸਾਸ਼ਨ ਉਸ ਨੂੰ ਹਟਾਉਣ ਵਿਚ ਨਾਕਾਮ ਰਿਹਾ ਸੀ।
ਇਸ ਮੌਕੇ ਡੇਰਾ ਬੱਸੀ ਵਿਧਾਇਕ ਨੇ ਖੁਲਾਸਾ ਕੀਤਾ ਕਿ ਇੱਥੋਂ ਤਕ ਕਿ ਲਾਲੜੂ ਨਗਰ ਕੌਂਸਲ ਦੇ ਪ੍ਰਧਾਨ ਨੂੰ ਵੀ ਝੂਠਾ ਕੇਸ ਦਰਜ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਸੀ, ਜਦੋਂ ਉਸ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਪ੍ਰਧਾਨ ਬੱਲੂ ਰਾਣਾ, ਜਿਸ ਨੂੰ ਨਾਂ ਤਬਦੀਲ ਕਰਨ ਤੋਂ ਪਹਿਲਾਂ ਕੇਸਰ ਸਿੰਘ ਵਜੋਂ ਜਾਣਿਆ ਜਾਂਦਾ ਸੀ, ਖਿਲਾਫ ਦੋ ਪਹਿਚਾਣਾਂ ਦਾ ਇਸਤੇਮਾਲ ਕਰਨ ਦਾ ਦੋਸ਼ ਲਾ ਕੇ ਕੇਸ ਦਰਜ ਕਰ ਲਿਆ ਸੀ।ਉਹਨਾਂ ਕਿਹਾ ਕਿ ਇੱਕ ਹੋਰ ਕੌਂਸਲਰ ਸੰਜੂ ਰਾਣਾ ਵੱਲੋਂ ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਜੁਆਬ ਦਿੱਤੇ ਜਾਣ ਮਗਰੋਂ ਉਸ ਵਿਰੁੱਧ ਇਹ ਦੋਸ਼ ਲਾ ਕੇ ਝੂਠਾ ਕੇਸ ਪਾ ਦਿੱਤਾ ਕਿ ਉਹ ਗੈਰ ਕਾਨੂੰਨੀ ਕਾਲੋਨੀ ਕੱਟ ਰਿਹਾ ਸੀ। ਉਹਨਾਂ ਕਿਹਾ ਕਿ ਸੰਜੂ ਰਾਣਾ ਦੇ ਨਾਂ ਉੱਤੇ ਕੋਈ ਜ਼ਮੀਨ ਹੀ ਨਹੀਂ ਹੈ ਅਤੇ ਉਸ ਨੇ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਇਸ ਮੌਕੇ ਅਕਾਲੀ ਦਲ ਨੇ ਪਾਰਟੀ ਦੇ ਕੋਂਸਲਰਾਂ ਖ਼ਿਲਾਫ ਦਰਜ ਕੀਤੇ ਗਏ ਹੋਰ ਝੂਠੇ ਕੇਸਾਂ ਦਾ ਵੀ ਖੁਲਾਸਾ ਕੀਤਾ। ਇਹਨਾਂ ਵਿਚੋਂ ਭੁਪਿੰਦਰ ਰਾਣਾ ਖਿਲਾਫ ਸਿਰਫ ਇਸ ਲਈ ਝੂਠਾ ਕੇਸ ਦਰਜ ਕਰ ਲਿਆ ਗਿਆ ਕਿਉਂਕਿ ਉਸ ਨੇ ਇੱਕ ਕਾਰ ਮਾਲਕ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਨੂੰ ਫੋਨ ਕੀਤਾ ਸੀ, ਜਿਸ ਦੀ ਕਾਰ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ ਸੀ। ਇੱਕ ਹੋਰ ਵਿਅਕਤੀ ਜਸਪ੍ਰੀਤ ਉੱਤੇ ਦੁਰਘਟਨਾ ਵਾਲੀ ਥਾਂ ਉੱਤੇ ਝਗੜਾ ਕਰਨ ਦਾ ਦੋਸ਼ ਲਾਇਆ ਗਿਆ ਜਦ ਕਿ ਉਹ ਦੁਰਘਟਨਾ ਵਾਲੀ ਥਾਂ ਉੱਤੇ ਮੌਜੂਦ ਹੀ ਨਹੀਂ ਸੀ। ਉਹਨਾਂ ਕਿਹਾ ਕਿ ਇੱਕ ਹੋਰ ਮਾਮਲੇ ਵਿਚ ਕੌਂਸਲਰ ਜਸਪ੍ਰੀਤ ਲੱਕੀ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਸੀ।

