ਪਟਿਆਲਾ

ਬੱਚਿਆਂ ਦੇ ਸਰੀਰਕ ਤੇ ਬੌਧਿਕ ਵਿਕਾਸ ਵਿੱਚ ਖੇਡਾਂ ਦਾ ਮਹੱਤਵਪੂਰਨ ਯੋਗਦਾਨ-ਧਰਮਸੋਤ

ਰਾਇਮਲ ਮਾਜਰੀ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ
ਭਾਦਸੋਂ (ਪਟਿਆਲਾ) 16 ਅਗਸਤ (ਮਧੂਸਾਰ ਬਿਊਰੋ) ਜਿਸ ਦੇਸ਼ ਦੇ ਬੱਚੇ ਸਰੀਰਕ ਤੇ ਦਿਮਾਗੀ ਤੌਰ ‘ਤੇ ਮਜਬੂਤ ਹੋਣ ਉਹ ਦੇਸ਼ ਹੀ ਹਮੇਸ਼ਾਂ ਤਰੱਕੀ ਕਰਦੇ ਹਨ।

ਖੇਡਾਂ ਬੱਚਿਆਂ ਦੇ ਸਰੀਰਕ ਤੇ ਬੌਧਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸ: ਸਾਧੂ ਸਿੰਘ ਧਰਮਸੋਤ ਨੇ ਭਗਤ ਧੰਨਾ ਜੀ ਵੈਲਫੇਅਰ ਸਪੋਰਟਸ ਕਲੱਬ ਵੱਲੋਂ ਪਿੰਡ ਰਾਇਮਲ ਮਾਜਰੀ ਵਿਖੇ ਗੁੱਗਾ ਨੌਮੀ ਦੇ ਅਵਸਰ ‘ਤੇ ਕਰਵਾਏ ਖੇਡ ਮੇਲੇ ਮੌਕੇ ਕਬੱਡੀ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡਣ ਉਪਰੰਤ ਕੀਤਾ।
ਧਰਮਸੋਤ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਉੱਧਮ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਲੜੇ ਸੰਘਰਸ਼ ਮੌਕੇ ਇੱਕ ਅਗਾਂਹਵਧੂ ਦੇਸ਼ ਤੇ ਨਰੋਏ ਸਮਾਜ ਦਾ ਸੁਪਨਾ ਲਿਆ ਸੀ। ਸ: ਧਰਮਸੋਤ ਨੇ ਕਿਹਾ ਕਿ ਸਾਡੇ ਸ਼ਹੀਦਾਂ ਦਾ ਇਹ ਸੁਪਨਾ ਤਾਂ ਹੀ ਪੂਰਾ ਹੋ ਸਕੇਗਾ ਜੇ ਸਾਡੀ ਨੌਜਵਾਨ ਪੀੜ੍ਹੀ ਸਰੀਰਕ ਤੇ ਬੌਧਿਕ ਤੌਰ ‘ਤੇ ਮਜਬੂਤ ਹੋ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ।
ਕੈਬਨਿਟ ਮੰਤਰੀ ਸ: ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਖੇਡਾਂ ਲਈ ਵਿਸ਼ੇਸ਼ ਬਜਟ ਦੀ ਵਿਵਸਥਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਖੇਡ ਮੇਲਿਆਂ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ ਉÎੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਵੀ ਇਹ ਖੇਡ ਮੇਲੇ ਸਹਾਈ ਹੁੰਦੇ ਹਨ। ਇਸ ਮੌਕੇ ਸ: ਧਰਮਸੋਤ ਨੇ ਭਗਤ ਧੰਨਾ ਜੀ ਵੈਲਫੇਅਰ ਸਪੋਰਟਸ ਕਲੱਬ ਪਿੰਡ ਰਾਇਮਲ ਮਾਜਰੀ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਤੇ ਕਬੱਡੀ ਦੀਆਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਮਹੰਤ ਹਰਵਿੰਦਰ ਖਨੌੜਾ ਨੇ ਸਮਾਗਮ ਵਿੱਚ ਪੁੱਜਣ ‘ਤੇ ਸ਼੍ਰੀ ਧਰਮਸੋਤ ਤੇ ਹੋਰ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਕਲੱਬ ਦੇ ਪ੍ਰਧਾਨ ਸ: ਦਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਰਾਇਮਲ ਮਾਜਰੀ ਤੇ ਦੂਰ ਦੁਰਾਡੇ ਤੋਂ ਪੁੱਜੇ ਖੇਡ ਪ੍ਰੇਮੀ ਤੇ ਪਤਵੰਤੇ ਵੀ ਹਾਜ਼ਰ ਸਨ।
ਪਿੰਡ ਰਾਇਮਲ ਮਾਜਰੀ ਦੇ ਖੇਡ ਮੇਲੇ ਮੌਕੇ ਕਬੱਡੀ ਦੇ 32 ਕਿਲੋ ਵਰਗ ਵਿੱਚ ਪਿੰਡ ਜਰਗੜ੍ਹੀ ਦੀ ਟੀਮ ਪਹਿਲੇ ਤੇ ਕੱਜਲ ਮਾਜਰਾ ਦੂਸਰੇ ਸਥਾਨ ‘ਤੇ ਰਹੀ, 37 ਕਿਲੋ ਵਰਗ ਵਿੱਚ ਅਕਬਰਪੁਰ ਛੰਨਾ ਦੀ ਟੀਮ ਪਹਿਲੇ ਤੇ ਰਾਇਮਲ ਮਾਜਰੀ ਦੂਸਰੇ ਸਥਾਨ ‘ਤੇ ਰਹੀ, 42 ਕਿਲੋ ਵਰਗ ਵਿੱਚ ਫਿਰੋਜ਼ਪੁਰ ਕਠਾਲਾ ਦੀ ਟੀਮ ਪਹਿਲੇ ਤੇ ਰੇਰੂ ਸਾਹਿਬ ਦੀ ਦੂਜੇ, 47 ਕਿਲੋ ਵਰਗ ਵਿੱਚ ਡੇਰਾ ਬਾਬਾ ਸਹਿਜਲੀ ਦੀ ਪਹਿਲੇ ਤੇ ਬਾਬਾ ਰੇਰੂ ਸਾਹਿਬ ਦੂਜੇ ਜਦਕਿ 52 ਕਿਲੋ ਵਰਗ ਵਿੱਚ ਭਾਦਸੋਂ ਦੀ ਟੀਮ ਪਹਿਲੇ ਤੇ ਪਿੰਡ ਖੀਰਨੀਆਂ ਦੀ ਦੂਜੇ ਸਥਾਨ ‘ਤੇ ਰਹੀ।

Leave a Reply

Your email address will not be published. Required fields are marked *