ਸੀਨੀਅਰ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਆਮ ਆਦਮੀ ਲਈ ਇਨਸਾਫ ਦੀ ਮੰਗ
ਇਨਸਾਫ ਲੈਣ ਵਾਸਤੇ ਦੋਵੇਂ ਆਗੂਆਂ ਕੋਲ ਲੋਕ ਦਹਿਲਾ ਦੇਣ ਵਾਲੇ ਕੇਸ ਲੈ ਕੇ ਆਏ
ਚੰਡੀਗੜ੍ਹ/17 ਅਗਸਤ/ਮਧੂਸਾਰ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਆਮ ਲੋਕਾਂ ਅਤੇ ਸਿਆਸੀ ਵਿਰੋਧੀਆਂ ਨੂੰ ਇਨਸਾਫ ਦੇਵੇ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਕਾਨੂੰਨ ਕਿਤੇ ਖੰਭ ਲਾ ਕੇ ਉੱਡ ਗਿਆ ਹੈ ਅਤੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ।
ਪਾਰਟੀ ਦਫਤਰ ਵਿਚ ਆਮ ਲੋਕਾਂ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਵੱਡੀ ਗਿਣਤੀ ਵਿਚ ਲੋਕਾਂ ਨੇ ਇਹਨਾਂ ਦੋਵੇਂ ਆਗੂਆਂ ਤਕ ਪਹੁੰਚ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਕਾਂਗਰਸ ਦੇ ਰਾਜ ਵਿਚ ਇਨਸਾਫ ਨਹੀਂ ਮਿਲ ਰਿਹਾ ਹੈ।
ਅਕਾਲੀ ਕੌਂਸਲਰਾਂ ਨੇ ਸਵੇਰੇ ਸਰਦਾਰ ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਕਾਂਗਰਸੀ ਗੁੰਡੇ ਕੌਂਸਲਰਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਹਨਾਂ ਉੱਤੇ ਹਮਲੇ ਕਰ ਰਹੇ ਹਨ। ਖਰੜ ਦੇ ਆਗੂ ਰਣਜੀਤ ਸਿੰਘ ਗਿੱਲ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਜੀਤੀ ਪਡਿਆਲਾ ਨਾਂ ਦਾ ਇੱਕ ਕਾਂਗਰਸੀ ਕੁਰਾਲੀ ਕਮੇਟੀ ਪ੍ਰਧਾਨ ਕ੍ਰਿਸ਼ਨਾ ਦੇਵੀ ਦੇ ਘਰ ਵਿਚ ਗਿਆ ਕੌਂਸਲਰ ਰਮਾਕਾਂਤ ਨੂੰ ਬੰਦੂਕ ਦੀ ਨੋਕ ਉੱਤੇ ਉੱਥੋਂ ਲੈ ਗਿਆ। ਉਹਨਾਂ ਕਿਹਾ ਕਿ ਇਹ ਬਦਮਾਸ਼ੀ ਉੁਸ ਸਮੇਂ ਕੀਤੀ ਗਈ, ਜਦੋਂ 9 ਅਕਾਲੀ ਕੌਂਸਲਰ ਉੱਥੇ ਇੱਕ ਮੀਟਿੰਗ ਕਰ ਰਹੇ ਸਨ। ਉਹਨਾਂ ਕਿਹਾ ਕਿ ਕੌਂਸਲਰ ਨੂੰ ਸਿਰਫ ਕੁੱਟਿਆ ਹੀ ਨਹੀਂ ਗਿਆ, ਸਗੋਂ ਧਮਕੀ ਵੀ ਦਿੱਤੀ ਗਈ ਕਿ ਜੇ ਉਹ ਕਾਂਗਰਸ ਪਾਰਟੀ ਦੇ ਮਗਰ ਨਾ ਚੱਲਿਆ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ।
ਸਰਦਾਰ ਬਾਦਲ ਨੇ ਇਸ ਮੁੱਦੇ ਉੱਤੇ ਡੀਜੀਪੀ ਸੁਰੇਸ਼ ਅਰੋੜਾ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਚੁਣੇ ਨੁੰਮਾਇਦਿਆਂ ਖਿਲਾਫ ਅਜਿਹੀ ਹਿੰਸਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਭ ਕਮੇਟੀ ਦੇ ਉਪ ਪ੍ਰਧਾਨ ਦੀ ਚੋਣ, ਜੋ ਕਿ ਭਲਕੇ ਹੋਣੀ ਹੈ, ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਰਿਹਾ ਹੈ। ਉਹਨਾਂ ਡੀਜੀਪੀ ਨੂੰ ਕੁਰਾਲੀ ਦੇ ਸਾਰੇ ਕੌਂਸਲਰਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਲਈ ਆਖਿਆ ਅਤੇ ਨਾਲ ਹੀ ਉਹਨਾਂ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ , ਜਿਹਨਾਂ ਨੇ ਕੌਂਸਲਰ ਰਮਾਕਾਂਤ ਨੂੰ ਕੁੱਟਿਆ ਅਤੇ ਧਮਕਾਇਆ ਸੀ।
ਇੱਕ ਹੋਰ ਮਾਮਲੇ ਵਿਚ ਇੱਕ ਪਰਿਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਘ ਬਾਦਲ ਨਾਲ ਮੁਲਾਕਾਤ ਕਰਕੇ ਇਹ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਕ ਕਤਲ ਕੇਸ ਵਿਚ ਇਨਸਾਫ ਨਹੀਂ ਮਿਲ ਰਿਹਾ ਹੈ। ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਸੁਖਬੀਰ ਬਾਦਲ ਨੂੰ ਦੱਸਿਆ ਕਿ 21 ਮਾਰਚ 2017 ਨੂੰ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਚ ਤਿਲਕ ਰਾਜ ਅਤੇ ਕੁੱਝ ਹੋਰ ਵਿਅਕਤੀਆਂ ਨੇ ਮਿਲ ਕੇ ਉਸ ਦੇ ਪਤੀ ਗੁਰਵਿੰਦਰ ਸਿੰਘ ਮਦਾਨ ਦਾ ਕਤਲ ਕਰ ਦਿੱਤਾ ਸੀ। ਪਰਿਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਵਿਖਾਈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਜਲਾਲਾਬਾਦ ਸਿਟੀ ਪ੍ਰਧਾਨ ਦਰਸ਼ਨ ਵਟਸ, ਉਸ ਦਾ ਪੁੱਤਰ ਅਨੁਰਾਗ ਵਟਸ ਅਤੇ ਉਸ ਦਾ ਭਤੀਜਾ ਸਪਨ ਸੁਖੀਜਾ ਨੇ ਇਹ ਹਮਲਾ ਕਰਵਾਇਆ ਸੀ।
ਸਰਦਾਰ ਸੁਖਬੀਰ ਬਾਦਲ ਨੇ ਫਾਜ਼ਲਿਕਾ ਦੇ ਐਸਐਸਪੀ ਨੂੰ ਫੋਨ ਕਰਕੇ ਇਸ ਮਾਮਲੇ ਵਿਚ ਇਨਸਾਫ ਦਿਵਾਉਣ ਲਈ ਆਖਿਆ। ਉਹਨਾਂ ਨੇ ਐਸਐਸਪੀ ਨੂੰ ਦੱਿਸਆ ਕਿ ਇਸ ਪਰਿਵਾਰ ਉੱਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਕਾਂਗਰਸੀ ਗੁੰਡਿਆਂ ਦੁਆਰਾ ਪੀੜਤ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਇਹ ਕਹਿੰਦਿਆਂ ਕਿ ਕਤਲ ਕੇਸਾਂ ਵਿਚ ਕੋਈ ਸਮਝੌਤਾ ਲਾਗੂ ਨਹੀਂ ਹੁੰਦਾ, ਉਹਨਾਂ ਨੇ ਐਸਐਸਪੀ ਨੂੰ ਆਖਿਆ ਕਿ ਉਹ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਨ।

