ਪਾਕਿਸਤਾਨ ਨੇ ਪੰਜ ਸਾਲਾਂ ‘ਚ 298 ਭਾਰਤੀਆਂ ਨੂੰ ਦਿੱਤੀ ਨਾਗਰਿਕਤਾ : ਮੰਤਰਾਲਾ
ਵਾਸ਼ਿੰਗਟਨ 20 ਅਗਸਤ (ਮਧੂਸਾਰ ਬਿਊਰੋ ਪਾਕਿਸਤਾਨ ਨੇ ਪਿਛਲੇ ਪੰਜ ਸਾਲਾਂ ‘ਚ ਘੱਟ ਤੋਂ ਘੱਟ 298 ਪ੍ਰਵਾਸੀਆਂ ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ, ”2012 ਤੋਂ 14 ਅਪ੍ਰੈਲ 2017 ਤੱਕ ਪ੍ਰਵਾਸੀ ਭਾਰਤੀਆਂ ਨੂੰ ਪਾਕਿਸਤਾਨ ਦੀ ਨਾਗਰਿਕਤਾ ਦਿੱਤੀ ਗਈ ਹੈ।”
ਇਕ ਰਿਪੋਰਟ ਦੇ ਮੁਤਾਬਕ ਇਹ ਬਿਆਨ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੰਸਦ ਮੈਂਬਰ ਸ਼ੇਖ ਰੋਹੇਲ ਅਸਗਰ ਵਲੋਂ ਨੈਸ਼ਨਲ ਅਸੈਂਬਲੀ ‘ਚ ਇਸ ਸਬੰਧ ‘ਚ ਪੁੱਛੇ ਗਏ ਪ੍ਰਸ਼ਨ ਦੇ ਜਵਾਬ ‘ਚ ਆਇਆ ਹੈ। ਪਾਕਿਸਤਾਨ ‘ਚ 2012 ‘ਚ 48 ਭਾਰਤੀ ਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਗਈ, ਜੋ ਕਿ 2013 ‘ਚ ਵਧ ਕੇ 75 ਤੇ 2014 ‘ਚ 76 ਹੋ ਗਈ ਸੀ। ਬਿਆਨ ‘ਚ ਕਿਹਾ ਗਿਆ ਹੈ ਕਿ 2015 ‘ਚ ਸਿਰਫ 15 ਭਾਰਤੀਆਂ ਨੂੰ ਹੀ ਨਾਗਰਿਕਤਾ ਦਿੱਤੀ ਗਈ ਸੀ ਤੇ 2016 ‘ਚ 69 ਭਾਰਤੀਆਂ ਨੂੰ ਨਾਗਰਿਕਤਾ ਦਿੱਤੀ ਗਈ ਸੀ। ਪਾਕਿਸਤਾਨ ਨੂੰ ਹਮੇਸ਼ਾ ਅਜਿਹੇ ਦੇਸ਼ ਦੇ ਰੂਪ ‘ਚ ਜਾਣਿਆ ਜਾਂਦਾ ਹੈ, ਜਿਸ ਦੀ ਨਾਗਰਿਕਤਾ ਹਾਸਲ ਕਰਨਾ ਹਮੇਸ਼ਾ ਹੀ ਮੁਸ਼ਕਲ ਕੰਮ ਰਿਹਾ ਹੈ ਪਰ ਵੱਡੀ ਗਿਣਤੀ ‘ਚ ਭਾਰਤੀ, ਅਫਗਾਨਿਸਤਾਨ, ਬੰਗਲਾਦੇਸ਼ ਤੇ ਬਰਮਾ ਜਿਹੇ ਦੇਸ਼ਾਂ ਦੇ ਪ੍ਰਵਾਸੀ ਇਥੇ ਰਹਿ ਰਹੇ ਹਨ।

