ਪੁਲੀਸ ‘ਤੇ ਸਿਆਸੀ ਦਬਾਅ ਪਾ ਕੇ ਸਰਕਾਰੀ ਤੌਰ ‘ਤੇ ਕੀਤੀਆਂ ਜਾ ਰਹੀਆਂ ਹਨ ਬੇਅਦਬੀਆਂ : ਮਜੀਠੀਆ
ਅੰਮ੍ਰਿਤਸਰ 22 ਅਗਸਤ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਸਤਾ ਦੀ ਦੁਰਵਰਤੋਂ ਕਰਦਿਆਂ ਅਤੇ ਪੁਲੀਸ ‘ਤੇ ਸਿਆਸੀ ਦਬਾਅ ਪਾ ਕੇ ਸਰਕਾਰੀ ਤੌਰ ‘ਤੇ ਬੇਅਦਬੀਆਂ ਕੀਤੀਆਂ ਜਾ ਰਹੀਆਂ ਜਿਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।
ਉਹਨਾਂ ਕਿਹਾ ਕਿ ਰਾਜ ਵਿੱਚ ਸ਼ਹੀਦਾਂ ਦੇ ਪਵਿੱਤਰ ਅਸਥਾਨਾਂ ਦੀ ਬੇਅਦਬੀ ਅਤੇ ਦਲਿਤ ਭਾਈਚਾਰੇ ਨਾਲ ਕੀਤਾ ਜਾ ਰਿਹਾ ਧਕਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਸ਼ਹੀਦਾਂ ਦੇ ਅਸਥਾਨ ਗੁਰਦਵਾਰਾ ਛੋਟਾ ਘੱਲੂਘਾਰਾ ( ਗੁਰਦਾਸਪੁਰ)’ਚ ਹੋਈ ਬੇਅਦਬੀ ਅਤੇ ਪਿੰਡ ਟਪਿਆਲਾ ਦੇ ਦਲਿਤ ਭਾਈਚਾਰੇ ‘ਤੇ ਧੱਕੇਸ਼ਾਹੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਤਾਂ ਇਨਸਾਫ਼ ਲਈ ਅਕਾਲੀ ਦਲ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਜ਼ਬਰਦਸਤ ਮੁਹਿੰਮ ਵਿੱਢੀ ਜਾਵੇਗੀ।ਉਹਨਾਂ ਦੱਸਿਆ ਕਿ ਮੌਜੂਦਾ ਹਲਾਤਾਂ ‘ਤੇ ਵਿਚਾਰਾਂ ਕਰ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਮਾਝੇ ਦੇ ਆਗੂਆਂ ਨਾਲ ਮੀਟਿੰਗ 25 ਅਗਸਤ ਨੂੰ ਕੀਤੀ ਜਾ ਰਹੀ ਹੈ।
ਸ: ਮਜੀਠੀਆ ਨੇ ਦੋਸ਼ ਲਾਇਆ ਕਿ ਪ੍ਰਤਾਪ ਸਿੰਘ ਬਾਜਵਾ ਅਖੌਤੀ ਸਰਬੱਤ ਖ਼ਾਲਸਾ ਦੇ ਆਗੂਆਂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਬਣਾ ਰਿਹਾ ਹੈ । ਉਹਨਾਂ ਕਿਹਾ ਕਿ ਪਿਛਲੇ ਸਮੇਂ ‘ਚ ਚੱਬੇ ਦੇ ਸਥਾਨ ‘ਤੇ ਹੋਂਦ ਵਿੱਚ ਆਏ ਅਖੌਤੀ ਪੰਥਕ ਆਗੂਆਂ ਦਾ ਗੁਰਦਵਾਰਾ ਘੱਲੂਘਾਰਾ ਦੇ ਦੋਸ਼ੀਆਂ ਨੂੰ ਬਚਾਉਣ ਲਈ ਬਾਜਵਾ ਦੇ ਘਰ ਬੈਠ ਕੇ ਸਾਜ਼ਿਸ਼ਾਂ ਘੜਨ ਨਾਲ ਅਕਾਲੀ ਦਲ ਦੀ ਚੱਬੇ ਪ੍ਰਤੀ ਸਟੈਂਡ ਦੀ ਵੀ ਪੁਸ਼ਟੀ ਹੋ ਗਈ ਹੈ ਅਤੇ ਹੁਣ ਕੋਈ ਭੁਲੇਖਾ ਨਹੀਂ ਰਿਹਾ ਕਿ ਚੱਬੇ ਦਾ ਵਾਕਿਆ ਕਾਂਗਰਸੀਆਂ ਦੀ ਕਾਢ ਸੀ।
ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਹਾਲਾਤ ਨੂੰ ਵਿਗਾੜ ਕੇ ਪਹਿਲੇ ਦੀ ਤਰਾਂ ਸਿਆਸੀ ਲਾਹਾ ਲੈਣ ਦੀ ਪੁਰਾਣੀ ਪਿਰਤ ਅੱਜ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ।ਉਹਨਾਂ ਦੋਸ਼ ਲਾਇਆ ਕਿ ਅੱਜ ਕਾਂਗਰਸ ਦੇ ਰਾਜ ਵਿੱਚ ਨਾ ਤਾਂ ਦਲਿਤ ਭਾਈਚਾਰਾ ਅਤੇ ਨਾ ਹੀ ਧੀਆਂ ਭੈਣਾਂ ਸੁਰਖਿਅਤ ਹਨ, ਸਗੋਂ ਸਿਆਸੀ ਤੌਰ ‘ਤੇ ਬੇਅਦਬੀਆਂ ਵੀ ਸ਼ੁਰੂ ਹੋ ਗਈਆਂ ਹਨ।
ਪੱਤਰਕਾਰਾਂ ਨੂੰ ਵੱਖ ਵੱਖ ਵੀਡੀਉ ਰਿਕਾਰਡਿੰਗ ਵਿਖਾਉਂਦਿਆਂ ਸ: ਮਜੀਠੀਆ ਨੇ ਗੁਰਦਵਾਰਾ ਛੋਟਾ ਘੱਲੂਘਾਰਾ ( ਗੁਰਦਾਸਪੁਰ) ਵਿਖੇ ਹੋਈਆਂ ਹਿਰਦੇਵੇਧਕ ਘਟਨਾਵਾਂ ਨੂੰ ਸਰਕਾਰੀ ਬੇਅਦਬੀ ਗਰਦਾਨਦਿਆਂ ਕਿਹਾ ਕਿ ਕਾਂਗਰਸੀ ਸੰਸਦ ਪ੍ਰਤਾਪ ਸਿੰਘ ਬਾਜਵਾ ਦੇ ਇਸ਼ਾਰਿਆਂ ‘ਤੇ ਉਸ ਦੇ ਨਜਦੀਕੀ ਸਮਾਜ ਵਿਰੋਧੀ ਅਨਸਰਾਂ ਅਤੇ ਕਾਂਗਰਸੀ ਗੁੰਡਿਆਂ ਵੱਲੋਂ ਪਸ਼ਚਾਤਾਪ ਵਜੋਂ ਰਖਾਏ ਗਏ ਸ੍ਰੀ ਅਖੰਡ ਪਾਠ ਨੂੰ ਖੰਡਿਤ ਕਰਨ ਨਾਲ ਹਰ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ।ਉਹਨਾਂ ਸਵਾਲ ਉਠਾਉਦਿਆ ਕਿਹਾ ਕਿ ਗੁਰਦਵਾਰੇ ‘ਚ ਸ: ਬਾਜਵਾ ਦੇ ਨਜ਼ਦੀਕੀਆਂ ਵੱਲੋਂ ਕੀਤੇ ਜਾ ਰਹੇ ਅਨੈਤਿਕ ਕੰਮਾਂ ਨੂੰ ਲੈ ਕੇ ਪਸ਼ਚਾਤਾਪ ਵਜੋਂ ਰਖਾਏ ਗਏ ਅਖੰਡ ਪਾਠ ਦੌਰਾਨ ਕੀ ਕੋਤਾਹੀ ਹੋਈ ਕਿ ਸੰਗਤ ਨੂੰ ਤਾਂ ਉੱਥੇ ਜਾਣ ਨਹੀਂ ਦਿੱਤਾ ਗਿਆ ਪਰ ਕਾਂਗਰਸ ਦੇ ਸ਼ਰਾਬੀ ਅਤੇ ਗੁੰਡੇ ਅਨਸਰ ਪੁਲੀਸ ਸੁਖਿਆ ਹੇਠ ਪਾਠ ਖੰਡਿਤ ਕਰਨ ਪਹੁੰਚ ਗਏ।ਉਹਨਾਂ ਕਿਹਾ ਕਿ ਕਾਂਗਰਸੀਆਂ ਦੀ ਨਾਲਾਇਕੀ ਨੂੰ ਛੁਪਾਉਣ ਲਈ ਪੁਲੀਸ ਰਾਹੀਂ ਦਬਾਅ ਪਾਇਆ ਜਾ ਰਿਹਾ ਹੇ। ਉਹਨਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਸੁਰੱਖਿਆ ਨੂੰ ਢਾਹ ‘ਤੇ ਲਾਉਣ ਲਈ ਜ਼ਿੰਮੇਵਾਰ ਡੀ ਐੱਸ ਪੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ•ਾਂ ਦੱਸਿਆ ਕਿ ਉਕਤ ਘਟਨਾ ਦੇ ਸੰਬੱਧ ਵਿੱਚ ਦਰਜ ਕੇਸ ਨੂੰ ਲੈ ਕੇ ਕੋਈ ਵੀ ਅਕਾਲੀ ਵਰਕਰ ਜ਼ਮਾਨਤ ਨਹੀਂ ਕਰਾਏਗਾ।

