ਤੰਬਾਕੂ ਛੱਡਣ ਲਈ ਮਜਬੂਤ ਇੱਛਾ ਸ਼ਕਤੀ ਦਾ ਹੋਣਾ ਜਰੂਰੀ ਡਾ. ਮਲਕੀਤ ਸਿੰਘ
ਪਟਿਆਲਾ, 22 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਤੰਬਾਕੂ ਜਾ ਕਿਸੇ ਵੀ ਕਿਸਮ ਦਾ ਨਸ਼ਾ ਛੱਡਣ ਲਈ ਦ੍ਰਿੜ ਇੱਛਾ ਸ਼ਕਤੀ ਦਾ ਹਣਾ ਬਹੁਤ ਜਰੂਰੀ ਹੈ, ਜੇਕਰ ਨਸ਼ੀਲੇ ਪਦਾਰਥ ਖਾਣ ਵਾਲਾ ਵਿਅਕਤੀ ਆਪਣੀ ਜਿੰਦਗੀ ਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਆਪਣੀ ਇੱਛਾ ਸ਼ਕਤੀ ਮਜਬੂਤ ਕਰ ਲੈਂਦਾ ਹੈ ਤਾਂ ਉਹ ਤੰਬਾਕੂ ਆਦਿ ਛੱਡਣ ਦੇ ਮਕਸਦ ਨੂੰ ਜਲਦੀ ਪੂਰਾ ਕਰ ਸਕਦਾ ਹੈ।
ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਮਲਕੀਤ ਸਿੰਘ ਸਹਾਇਕ ਸਿਹਤ ਅਫਸਰ ਕਮ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ ਨੇ ਤੰਬਾਕੂ ਮੁਕਤ ਪੰਜਾਬ ਮੁਹਿੰਮ ਤਹਿਤ ਜਾਗਰੂਕਤਾ ਵੈਨ ਦਾ ਸੀ.ਐਚ.ਸੀ ਤ੍ਰਿਪੜੀ ਵਿਖੇ ਪਹੁਚਣ ਤੇ ਨਿੱਘਾ ਸਵਾਗਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਤੰਬਾਕੂ ਦੇ ਮਾਰੂ ਪ੍ਰਭਾਵਾਂ ਸਬੰਧੀ ਸਮਾਜ ਦੇ ਹਰ ਇੱਕ ਵਰਗ ਨੂੰ ਜਾਗਰੂਕ ਕੀਤਾ ਜਾਣਾ ਸਮੇਂ ਦੀ ਅਹਿਮ ਲੋੜ੍ਹ ਹੈ ਕਿਉਕਿ ਜਾਗਰੂਕਤਾ ਦੀ ਕਮੀ ਵੀ ਤੰਬਾਕੂ ਦੇ ਪਾਸਾਰ ਦਾ ਕਾਰਨ ਬਣਦੀ ਹੈ।ਜਿਸ ਸਦਕਾ ਅਸੀਂ ਤੰਬਾਕੂ ਨੂੰ ਨਹੀਂ ਸਗੋਂ ਤੰਬਾਕੂ ਸਾਨੂੰ ਦਿਨੋਂ ਦਿਨ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਲੋਕ ਕਿਸ਼ੋਰ ਅਵਸਥਾ ਜਾ ਚੜਦੀ ਉਮਰ ਵਿੱਚ ਹੀ ਸੌਂਕ ਵੱਜੋਂ ਤੰਬਾਕੂ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਕਦੋਂ ਇਹ ਸ਼ੌਂਕ ਆਦਤ ਵਿੱਚ ਬਦਲ ਜਾਂਦਾ ਹੈ, ਉਨ੍ਹਾਂ ਨੂੰ ਪਤਾ ਤੱਕ ਨਹੀਂ ਲੱਗਦਾ।ਉਨ੍ਹਾਂ ਕਿਹਾ ਕਿ ਸਿਗਰੇਟ ਨੋਸ਼ੀ ਕਰਦੇ ਸਮੇਂ ਉਸਦੇ ਨਜਦੀਕ ਬੈਠੇ ਲੋਕਾਂ ਤੇ ਵੀ ਇਸ ਧੂੰਏ ਦਾ ਮਾੜ੍ਹਾ ਅਸਰ ਪੈਂਦਾ ਹੈ। ਇਸ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਸਦੇ ਧੂੰਏ ਤੋਂ ਬਚਿਆ ਜਾਵੇ ਅਤੇ ਉਸਨੂੰ ਸਿਗਰੇਟ ਨੋਸ਼ੀ ਤੋਂ ਰੋਕਿਆ ਜਾਵੇ।
ਇਸ ਮੌਕੇ ਡਾ. ਮਨਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਗਰੇਟ ਦੇ ਧੂਏ ਵਿੱਚ 4000 ਦੇ ਕਰੀਬ ਹਾਨੀਕਾਰਕ ਕੈਮੀਕਲ ਹੁੰਦੇ ਹਨ ਜੋ ਸਿਹਤ ਲਈ ਜਹਿਰ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀੜ੍ਹੀ/ਸਿਗਰੇਟ, ਜਰਦਾ, ਗੁਟਕਾ, ਖੈਣੀ ਆਦਿ ਵਰਗੀਆਂ ਚੀਜਾਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਵਿੱਚ ਫੇਫੜੇ ਦਾ ਕੈਂਸਰ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਸਾਹ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।ਇਸ ਮੌਕੇ ਕ੍ਰਿਸ਼ਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ ਅਤੇ ਸੀ.ਐਚ.ਸੀ ਦਾ ਸਮੂਹ ਮੈਡਕਲ ਅਤੇ ਪੈਰਾ ਮੈਡੀਕਲ ਸਟਾਫ ਹਾਜਰ ਸੀ।

