ਅੱਖਾਂ ਦਾਨ ਕਰਕੇ ਕਿਸੇ ਦੀ ਹਨ੍ਹੇਰੀ ਜਿੰਦਗੀ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ – ਡਾ. ਬਲਵਿੰਦਰ ਸਿੰਘ
ਪਟਿਆਲਾ 24 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਨਾਏ ਜਾ ਰਹੇ ਅੱਖਾਂ ਦਾਨ ਪੰਦਰਵਾੜ੍ਹੇ ਤਹਿਤ ਮਾਤਾ ਕੌਸ਼ੱਲਿਆ ਹਸਪਤਾਲ ਤੋਂ ਅੱਖਾਂ ਦਾਨ ਸਬੰਧੀ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਮੈਡੀਕਲ ਸੁਪਰਡੈਂਟ ਡਾ. ਅੰਜੂ ਗੁਪਤਾ, ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਪ੍ਰਧਾਨ ਆਈ.ਐਮ.ਏ ਡਾ. ਜਤਿੰਦਰ ਕਾਂਸਲ, ਅੱਖਾਂ ਦੇ ਮਾਹਰ ਡਾ. ਵਰਿੰਦਰ ਗਰਗ, ਡਾ. ਗੁਰਜੀਤ ਸਿੰਘ, ਹਰਦੀਪ ਸਿੰਘ ਅਪਥਾਲਮਿਕ ਅਫਸਰ, ਪ੍ਰਿੰਸੀਪਲ ਨਰਸਿੰਗ ਸਕੂਲ ਨੀਲਮ ਅਰੋੜਾ, ਭਾਗ ਸਿੰਘ ਅਤੇ ਸ੍ਰੀਮਤੀ ਜ਼ਸਜੀਤ ਕੌਰ ਦੋਨੋਂ ਡਿਪਟੀ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਮਰਨ ਉਪਰੰਤ ਅੱਖਾਂ ਦਾ ਦਾਨ ਬਹੁਤ ਹੀ ਮਹੱਤਵਪੂਰਨ ਦਾਨ ਹਨ। ਅੱਖਾਂ ਦਾਨ ਕਰਕੇ ਕਿਸੇ ਦੀ ਹਨ੍ਹੇਰੀ ਜਿੰਦਗੀ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਅੱਜ ਮਿਤੀ 24 ਤੋਂ 8 ਸਤੰਬਰ ਤੱਕ ਅੱਖਾ ਦਾਨ ਕਰਨ ਸਬੰਧੀ ਪੰਦਰਵਾੜ੍ਹਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜ੍ਹੇ ਦੌਰਾਨ ਲੋਕਾਂ ਨੁੰ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿੰਨ੍ਹਾਂ ਦੀਆਂ ਅੱਖਾਂ ਵਿਚ ਫੌਲੇ ਪੈ ਜਾਂਦੇ ਹਨ, ਉਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਬਦਲ ਕੇ ਉਨ੍ਹਾਂ ਨੂੰ ਨਿਗ੍ਹਾ ਦਿੱਤੀ ਜਾ ਸਕਦੀ ਹੈ ਬਸ਼ਰਤੇ ਸਾਡੇ ਕੋਲ ਕਿਸੇ ਵੱਲੋਂ ਦਾਨ ਕੀਤੀਆਂ ਅੱਖਾਂ ਹੋਣ। ਉਨ੍ਹਾਂ ਕਿਹਾ ਕਿ ਮਰਨ ਤੋਂ 6 ਘੰਟੇ ਦੇ ਅੰਦਰ ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ਅਤੇ ਸਾਨੂੰ ਸਮਾਜ ਵਿੱਚ ਫੈਲੇ ਅੰਧ ਵਿਸ਼ਵਾਸ਼ਾਂ ਕਿ ਜੇਕਰ ਅੱਖਾਂ ਦਾਨ ਕਰ ਦਿੱਤੀਆਂ ਤਾਂ ਅਗਲੇ ਜਨਮ ਵਿੱਚ ਅੰਨ੍ਹੇ ਪੈਦਾ ਹੋਵਾਂਗੇ ਤੋਂ ਵੀ ਬਚਣਾ ਚਾਹੀਦਾ ਹੈ।
ਇਸ ਮੌਕੇ ਡਾ. ਮਲਹੋਤਰਾ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਸਾਨੁੰ ਅੱਖਾਂ ਨੁੰ ਤਿੱਖੀਆਂ ਚੀਜਾਂ ਜਿਵੇਂ ਕਿ ਚਾਕੂ, ਤੀਰ, ਸੂਈ, ਕੈਂਚੀ, ਗੁੱਲੀ ਡੰਡਾ ਆਦਿ ਦੀ ਸੱਟ ਤੋਂ ਬਚਾਉਣਾ ਚਾਹੀਦਾ ਹੈ।ਪਟਾਕੇ, ਤੇਜ਼ ਰੋਸ਼ਨੀ ਆਦਿ ਤੋਂ ਆਪਣੀਆਂ ਅੱਖਾਂ ਨੁੰ ਬਚਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜੇਕਰ ਅੱਖਾਂ ਵਿੱਚ ਚਿੱਟਾ ਮੋਤੀਆ ਹੋਵੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਉਸਦਾ ਆਪਰੇਸ਼ਨ ਕਰਕੇ ਲੈਂਜ਼ ਮੁਫਤ ਪਾਏ ਜਾਂਦੇ ਹਨ।ਇਸ ਮੌਕੇ 120 ਦੇ ਕਰੀਬ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਮੈਡੀਕਲ , ਪੈਰਾ ਮੈਡੀਕਲ ਸਟਾਫ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਫਾਰਮ ਭਰੇ ਗਏ।

