ਅਟਲ ਬਿਹਾਰੀ ਵਾਜਪਾਈ ਨੂੰ ਭੇਜੀ ਗੁੰਮਨਾਮ ਚਿੱਠੀ ‘ਚ ਲਗਾਏ ਗਏ ਸਨ ਸੰਗੀਨ ਦੋਸ਼
ਚੰਡੀਗੜ੍ਹ 25 ਅਗਸਤ (ਮਧੂਸਾਰ ਬਿਊਰੋ) ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭੇਜੀ ਗੁੰਮਨਾਮ ਚਿੱਠੀ ‘ਚ ਜਿਣਸੀ ਸ਼ੋਸ਼ਣ ਸਮੇਤ ਕਈ ਸੰਗੀਨ ਦੋਸ਼ ਲਗਾਏ ਸਨ, ਜਿਸ ਦਾ ਉਤਾਰਾ ਇਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਵੀ ਭੇਜਿਆ ਗਿਆ ਸੀ। ਚਿੱਠੀ ਵਿਚ ਦੋਸ਼ ਸਨ ਕਿ ਪੀੜਤਾ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਸਿਰਸਾ ਦੇ ਡੇਰਾ ਸੱਚਾ ਸੌਦਾ ਵਿਚ ਪੰਜ ਸਾਲ ਤੋਂ ਇਕ ਸਾਧਵੀ ਦੇ ਰੂਪ ਵਿਚ ਰਹਿ ਰਹੀ ਹੈ।
ਦੋਸ਼ ਲਗਾਇਆ ਗਿਆ ਸੀ ਕਿ ਸਾਧਵੀਆਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਸਾਧਵੀ ਨੇ ਆਪਣੀ ਹੱਡਬੀਤੀ ਵੀ ਦੱਸੀ ਸੀ, ਜਿਸ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਘਟਨਾ 1999 ਦੀ ਹੈ ਅਤੇ ਪੱਤਰ 2001 ਵਿਚ ਲਿਖਿਆ ਗਿਆ ਸੀ ਅਤੇ ਸ਼ਿਕਾਇਤ 2002 ਵਿਚ ਦਰਜ ਕੀਤੀ ਗਈ ਸੀ, ਉਸ ਸਮੇਂ ਹਾਈਕੋਰਟ ਨੇ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਸਤੰਬਰ 2002 ਵਿਚ ਮਾਮਲੇ ਦੀ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਸੀ.ਬੀ.ਆਈ. ਨੇ ਜਾਂਚ ਵਿਚ ਉਕਤ ਤੱਥਾਂ ਨੂੰ ਸਹੀ ਪਾਇਆ ਅਤੇ ਡੇਰਾ ਮੁਖੀ ਰਾਮ ਰਹੀਮ ਦੇ ਖਿਲਾਫ਼ ਵਿਸ਼ੇਸ਼ ਅਦਾਲਤ ਦੇ ਸਾਹਮਣੇ 31 ਜੁਲਾਈ 2007 ਵਿਚ ਦੋਸ਼ ਪੱਤਰ ਦਾਖਲ ਕਰ ਦਿੱਤਾ।

