ਪਟਿਆਲਾ

ਬਡੂੰਗਰ ਵੱਲੋਂ ਰਾਹ ਤੋਂ ਭਟਕੀ ਸੰਗਤ ਨੂੰ ਮੁੜ ਗੁਰੂ ਕੇ ਲੜ ਲੱਗਣ ਦਾ ਸੱਦਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਪਟਿਆਲਾ, 29 ਅਗਸਤ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਾ ਦਿਵਸ ਅੱਜ ਸੰਗਤ ਵੱਲੋਂ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਪਰਸੋਂ ਤੋਂ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀ ਸਿੰਘਾਂ ਨੇ ਅਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਥੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਵੀ ਸਮਾਗਮ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਸਭਿੰਨਾ ਕੀਰਤਨ ਰਾਗੀ ਸਿੰਘਾਂ ਵੱਲੋਂ ਕੀਤਾ ਗਿਆ।
ਦੱਸਣਯੋਗ ਹੈ ਕਿ ਇਹ ਸੰਪੂਰਨਤਾ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰ ਕੇ ਇਸਨੂੰ ਸੰਪੂਰਨ ਕਰਨ ਅਤੇ ਇਸਦਾ ਪ੍ਰਕਾਸ਼ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜੇ ਵਿਖੇ ਕਰਵਾਉਣ ਲਈ ਮਨਾਇਆ ਜਾਂਦਾ ਹੈ।
ਇਸ ਮੌਕੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਿੱਖ ਸੰਗਤ ਨੂੰ ਸੰਪੂਰਨਤਾ ਦਿਵਸ ਦੀ ਵਧਾਈ ਦਿੱਤੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪਾਖੰਡਵਾਦ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦਿਆਂ ਸੱਚ ਨਾਲ ਜੁੜਨ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਫਿਰ ਪਾਖੰਡਵਾਦ ਤੇ ਅਖੌਤੀ ਸਾਧ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਵੇਲਾ ਇਕ ਵਾਰ ਫਿਰ ਤੋਂ ਸੱਚ ਦੇ ਉਜਾਗਰ ਹੋਣ ਦਾ ਆਇਆ ਹੈ ਤੇ ਉਹ ਸਮੁੱਚੀ ਸੰਗਤ ਨੂੰ ਅਪੀਲ ਕਰਦੇ ਹਨ ਜੋ ਕਿਸੇ ਗੁੰਮਰਾਹਕੁੰਨ ਪ੍ਰਚਾਰ ਕਾਰਨ ਜਾਂ ਕਿਸੇ ਵੀ ਕਾਰਨ ਰਾਹ ਤੋਂ ਭਟਕ ਗਈ ਸੀ, ਉਹ ਮੁੜ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਲੜ ਲੱਗ ਕੇ ਸਿੱਖੀ ਜੀਵਨ ਵਿਚ ਆਪਣੀ ਵਾਪਸੀ ਕਰੇ। ਉਹਨਾਂ ਕਿਹਾ ਕਿ ਕਹਾਵਤ ਹੈ ਕਿ ਸਵੇਰ ਦਾ ਭੁੱਲਿਆ ਜਦੋਂ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ। ਉਹਨਾਂ ਕਿਹਾ ਕਿ ਜੇਕਰ ਪਿਛਲੇ ਕੁਝ ਵਰ੍ਹਿਆਂ ਦੌਰਾਨ ਸੰਗਤ ਕਿਸੇ ਕਾਰਨ ਭਟਕ ਗਈ ਸੀ ਤਾਂ ਅਜੋਕਾ ਸਮਾਂ ਇਸ ਗਲਤੀ ਨੂੰ ਸੁਧਾਰ ਕੇ ਦੁਬਾਰਾ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਹੈ। ਉਹਨਾਂ ਕਿਹਾ ਕਿ ਗੁਰਬਾਣੀ ਨਾਲ ਜੁੜ ਕੇ ਅਸੀਂ ਜੀਵਨ ਸਫਲਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਖਾਲਸਾ ਪੰਥ ਦਾ ਇਤਿਹਾਸ ਰਿਹਾ ਹੈ ਕਿ ਉਹ ਹਮੇਸ਼ਾ ਭੁੱਲਾਂ ਬਖਸ਼ਾਉਣ ਵਾਲੇ ਨੂੰ ਗਲਤ ਲਾਉਂਦਾ ਰਿਹਾ ਹੈ ਤੇ ਹੁਣ ਵੀ ਖਾਲਸਾ ਪੰਥ ਮੁੱਖ ਧਾਰਾ ਵਿਚ ਸ਼ਾਮਲ ਹੋਣ ਵਾਲਿਆਂ ਲਈ ਤਿਆਰ ਹੈ। ਉਹਨਾਂ ਕਿਹਾ ਕਿ ਉਹ ਹਰ ਜੀਵ ਨੂੰ ਭਾਵੇਂ ਪੁਰਸ਼, ਇਸਤਰੀ, ਬੱਚੇ, ਬਜੁਰਗ ਤੇ ਨੌਜਵਾਨ ਹਨ, ਸਭ ਨੂੰ ਅਪੀਲ ਕਰਦੇ ਹਨ ਕਿ ਗੁਰੂ ਦੇ ਲੜ ਲੱਗ ਕੇ ਆਪਣੀ ਭਟਕਣਾ ਦੂਰ ਕਰਨ।
ਉਹਨਾਂ ਕਿਹਾ ਕਿ ਅੱਜ ਸੱਚ ਦੁਨੀਆਂ ਸਾਹਮਣੇ ਆ ਗਿਆ ਹੈ ਜਿਸ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ, ਸੀ ਬੀ ਆਈ ਦੇ ਜੱਜ ਅਤੇ ਮੀਡੀਆ ਦਾ ਵੱਡਾ ਰੋਲ ਹੈ। ਉਹਨਾਂ ਕਿਹਾ ਕਿ ਇਹ ਸਭ ਵਰਗ ਵਧਾਈ ਦੇ ਪਾਤਰ ਹਨ। ਇਸ ਮੌਕੇ ਸਮਾਗਮ ਵਿਚ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੀ ਏ ਭਗਵੰਤ ਸਿੰਘ ਧੰਗੇੜਾ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਚੇਅਰਮੈਨ ਗੁਰਦੀਪ ਸਿੰਘ ਸ਼ੇਖੂਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਲਾਭ ਸਿੰਘ ਦੇਵੀਨਗਰ ਤੇ ਸਵਿੰਦਰ ਸਿੰਘ ਸੱਭਰਵਾਲ ਵੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਪ੍ਰੋ. ਬਡੂੰਗਰ ਨੂੰ ਸਿਰੋਪਾਓ ਦੀ ਬਖਸ਼ਿਸ਼ ਵੀ ਕੀਤੀ ਗਈ।

Leave a Reply

Your email address will not be published. Required fields are marked *