ਇਫਕੋ ਵੱਲੋਂ ਕਿਸਾਨ ਅਤੇ ਸਹਿਕਾਰੀ ਸੰਮੇਲਨ: ਕਿਸਾਨ ਰਸਾਇਣਕ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ
ਹਰੀ ਖਾਦ, ਜੈਵਿਕ ਖਾਦਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਰਲਾਉਣ ‘ਤੇ ਜੋਰ
ਪਟਿਆਲਾ, 5 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਦੁਨੀਆਂ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਆਪਣੀ ਸੁਨਹਿਰੀ ਪੰਜਾਹਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਕਿਸਾਨ ਅਤੇ ਸਹਿਕਾਰੀ ਸੰਮੇਲਨ ਦਾ ਸਫ਼ਲ ਆਯੋਜਨ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਯੂ.ਐੱਸ.ਅਵਸਥੀ ਮੈਨੇਜਿੰਗ ਡਾਇਰੈਕਟਰ, ਇਫਕੋ ਸਨ।
ਪ੍ਰੋਗਰਾਮ ਦੀ ਪ੍ਰਧਾਨਗੀ ਸ. ਕੌਰ ਸਿੰਘ (ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ, ਮੰਡਲ ਪਟਿਆਲਾ) ਅਤੇ ਵਿਸ਼ੇਸ਼ ਮਹਿਮਾਨ ਡਾ. ਜਸਵਿੰਦਰ ਸਿੰਘ (ਐਡੀਸ਼ਨਲ ਡਾਇਰੈਕਟਰ ) ਕੇ.ਵੀ.ਕੇ.ਰੌਣੀ, ਸ੍ਰੀ ਯੋਗੇਂਦਰ ਕੁਮਾਰ (ਸੀਨੀਅਰ ਐਗਜੀਕਿਊਟਿਵ ਡਾਇਰੈਕਟਰ, ਇਫਕੋ), ਜੋਗਿੰਦਰ ਪਾਲ ਮਹਿਤਾ ਏਰੀਆ ਮੈਨੇਜਰ, ਸ਼ੀ ਧਰਮ ਆਦੇਸ਼ (ਡੀ.ਆਰ. ਪਟਿਆਲਾ ਕੋਆ: ਸੋਸਾਇਟੀ) ਹਾਜ਼ਰ ਸਨ। ਇਫਕੋ ਏਰੀਆਂ ਅਫਸਰ ਲੁਧਿਆਣਾ ਅਧੀਨ ਪੈਂਦੇ ੪ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮੋਹਾਲੀ, ਬਰਨਾਲਾ ਤੋਂ ਸਹਿਕਾਰੀ ਸਭਾਵਾਂ, ਕਿਸਾਨ ਅਤੇ ਬੀਬੀਆਂ ਨੇ ਭਾਰੀ ਸੰਖਿਆ ਵਿੱਚ ਲਗਭਗ 1500 ਪ੍ਰਤੀ ਭਾਗੀਆਂ ਨੇ ਹਿੱਸਾ ਲਿਆ । ਇਸ ਮੌਕੇ ‘ਤੇ 10 ਅਗਾਂਹਵਧੂ ਕਿਸਾਨਾਂ ਅਤੇ 10 ਸਹਿਕਾਰਤਾ ਦੇ ਖੇਤਰ ਵਿੱਚ ਵੱਡਮੁੱਲੀਆਂ ਸਖਸ਼ੀਅਤਾਂ ਨੂੰ ਪ੍ਰਾਪਤੀਆਂ ਲਈ ਪ੍ਰਸੰਸਾ ਪੱਤਰ ਅਤੇ ਇਫਕੋ – ਟੋਕੀਓ ਮੈਡੀਕਲ ਪਾਲਿਸੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਇਫਕੋ ਅਤੇ ਸਹਿਯੋਗੀ ਸੰਸਥਾਵਾਂ ਦੇ ਸਟਾਲ ਲਾਏ ਗਏ ਅਤੇ ਇਫਕੋ ਬਜ਼ਾਰ ਵਿੱਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ।
ਮੁੱਖ ਮਹਿਮਾਨ ਨੇ ਸੰਬੋਧਨ ਕਰਦੇ ਹੋਏ ਸਹਿਕਾਰੀ ਸਾਥੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਫਕੋ ਅੱਜ ਸੁਨਹਿਰੀ ਵਰ੍ਹੇਗੰਢ ਮਨਾ ਰਹੀ ਹੈ ਤਾਂ ਇਸਦਾ ਸਾਰਾ ਸਿਹਰਾ ਤੁਹਾਡਾ ਇਫਕੋ ਵਿੱਚ ਵਿਸ਼ਵਾਸ਼ ਨੂੰ ਜਾਂਦਾ ਹੈ। ਜਦੋਂ 3 ਨਵੰਬਰ 1967 ਨੂੰ ਮਾਤਰਾ 57 ਸਹਿਕਾਰੀ ਸਭਾਵਾਂ ਦੇ ਨਾਲ ਇਫਕੋ ਦਾ ਮੁੱਢ ਵੱਝਿਆ ਸੀ ਤਾਂ ਉਸ ਸਮੇਂ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਸਹਿਕਾਰੀ ਅਦਾਰਿਆਂ ਵੱਲੋਂ ਆਇਆ ਸੀ । ਇਸ ਲਈ ਉਹ ਹਮੇਸ਼ਾ ਪੰਜਾਬ ਦੇ ਸਹਿਕਾਰੀ ਵਿਭਾਗਾਂ ਦੇ ਰਿਣੀ ਰਹਿਣਗੇ । ਉਨ੍ਹਾਂ ਪੰਜਾਬੀ ਸੂਰਵੀਰ, ਯੋਧੇ ਅਤੇ ਅਣਥੱਕ ਕਿਸਾਨਾਂ ਨੂੰ ਵੀ ਪ੍ਰਣਾਮ ਕਰਦੇ ਹੋਏ ਕਿਹਾ ਕਿ ਹਰੀ ਕ੍ਰਾਂਤੀ ਵਿੱਚ ਜਿਸ ਤਰ੍ਹਾਂ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਹੁਣ ਲੋੜ ਵਾਤਾਵਰਣ, ਮਿੱਟੀ ਅਤੇ ਪਾਣੀ ਸੰਭਾਲਣ ਦੀ ਹੈ। ਮਿੱਟੀ ਅਤੇ ਵਾਤਾਵਰਣ ਦੀ ਸ਼ੁੱਧੀਕਰਨ ਲਈ ਕਿਸਾਨਾਂ ਨੂੰ ਹਰੀ ਖਾਦ, ਜੈਵਿਕ ਖਾਦਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਰਲਾਉਣ ਤੇ ਜੋਰ ਦਿੱਤਾ। ਸੰਸਥਾ ਸ਼ੁਰੂ ਤੋਂ ਹੀ ਖੇਤੀ ਕਿਸਾਨ ਅਤੇ ਸਹਿਕਾਰਤਾ ਨੂੰ ਸਮਰਪਿਤ ਹੈ ਜਿਸ ਦੇ ਫਲਸਰੂਪ ਅੱਜ 4 ਕਰੋੜ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ । ਸਾਡਾ ਕੰਮ ਸਿਰਫ ਖਾਦ ਬਣਾ ਕੇ ਵੇਚਣਾ ਨਹੀਂ ਬਲਕਿ ਕਿਸਾਨ ਪਰਿਵਾਰਾਂ ਦੇ ਕਲਿਆਣ ਲਈ ਹਮੇਸ਼ਾ ਅੱਗੇ ਰਹਿੰਦੇ ਹਾਂ । ਡਾ. ਅਵਸਥੀ ਨੇ ਦੱਸਿਆ ਕਿ ‘ਸੰਤੁਲਤ ਖਾਦ ਪ੍ਰੋਗਰਾਮ’ ਲੈ ਕੇ ਤੁਰੀ ਇਫਕੋ ਅੱਜ ਵੀ ਉਸੇ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧ ਰਹੀ ਹੈ ਉਹਨਾਂ ਸਭਾਵਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਖਾਦਾਂ ਤੋਂ ਬਿਨ੍ਹਾਂ ਹੋਰ ਵਪਾਰਕ ਕੰਮਾਂ ਦੇ ਰਾਹੀਂ ਹੀ ਕਾਰੋਬਾਰ ਵਧਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਫਕੋ ਈ ਬਜ਼ਾਰ ਦੇ ਰਾਹੀਂ ਕਿਸਾਨ ਆਪਣੀ ਲੋੜ ਦਾ ਕੋਈ ਵੀ ਸਮਾਨ ਬਿਨ੍ਹਾਂ ਕਿਸੇ ਵਿਚੋਲੇ ਦੇ ਸਿੱਧਾ ਖਰੀਦ ਜਾਂ ਵੇਚ ਸਕਦਾ ਹੈ ਤੇ ਇਸਦੇ ਨਾਲ ਹੀ ਅਸੀਂ ਭਾਰਤੀ ਖੇਤੀ ਨੂੰ ਡਿਜੀਟਲ ਪਲੇਟਪਾਰਮ ਦੇਣ ਦਾ ਜੋ ਵਾਅਦਾ ਕੀਤਾ ਸੀ ਇਫਕੋ ਡਿਟੀਟਲ ਪਲੇਟ ਫਾਰਮ ਰਾਹੀਂ ਪੂਰਾ ਕਰ ਰਹੇ ਹਾਂ । ਉਹਨਾਂ ਕਿਹਾ ਕਿ ਕੋਈ ਵੀ ਸਹਿਕਾਰੀ ਸੰਸਥਾ ਅਗਰ ਖੇਤੀਬਾੜੀ ਨਾਲ ਸੰਬੰਧਤ ਕੋਈ ਵੀ ਨਵੀਂ ਤਕਨੀਕੀ ਜਾਣਕਾਰੀ ਜਾਂ ਮਸ਼ੀਨ ਬਣਵਾ ਕੇ ਵੇਚਣਾ ਚਾਹੁੰਦਾ ਹੈ ਤਾਂ ਸੰਸਥਾ ਉਸ ਨੂੰ 50% ਵਿੱਤੀ ਮੱਦਦ ਦੇਣ ਲਈ ਤਿਆਰ ਹੈ । ਮੇਰਾ ਮੰਨਣਾ ਹੈ ਕਿ ਕਿਸਾਨਾਂ ਦਾ ਸ਼ੋਸ਼ਣ ਸਿਰਫ਼ ਸਹਿਕਾਰਤਾ ਦੇ ਵਿਕਾਸ ਨਾਲ ਹੀ ਰੁੱਕ ਸਕਦਾ ਹੈ । ਸ. ਕੌਰ ਸਿੰਘ (ਜੇ.ਆਰ. ਕੋਆ: ਸਹਿਕਾਰੀ ਸਹਿਭਾਵਾਂ, ਪਟਿਆਲਾ) ਨੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ ਇਫਕੋ ਸਹਿਕਾਰਤਾ ਦਾ ਗੌਰਵ ਹੈ ਤੇ ਬਾਕੀ ਸਾਰੇ ਅਦਾਰਿਆਂ ਲਈ ਆਦਰਸ਼ ਸੰਸਥਾ ਹੈ, ਜਿੱਥੇ ਕਿਸਾਨਾਂ ਨੂੰ ਵਧੀਆ ਖਾਦ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ ਇਸ ਦੇ ਨਾਲ-ਨਾਲ ਪਿਛਲੇ 15 ਵਰ੍ਹਿਆਂ ਤੋਂ ਮੈਂਬਰ ਸੋਸਾਇਟੀਆਂ ਨੂੰ 20% ਦੀ ਦਰ ਤੇ ਡਿਵੀਡੈਂਟ ਦੇ ਕੇ ਸਹਿਕਾਰੀ ਸਭਾਵਾਂ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕੀਤਾ ਹੈ । ਉਹਨਾਂ ਕਿਹਾ ਕਿ ਡਾ. ਅਵਸਥੀ ਦੀ ਮਿਹਨਤ ਸਦਕਾ ਹੀ ਅੱਜ ਇਫਕੋ ਇਸ ਬੁਲੰਦੀ ‘ਤੇ ਪਹੁੰਚੀ ਹੈ ।
ਸ਼੍ਰੀ ਯੋਗੇਂਦਰ ਕੁਮਾਰ (ਐਗਜੀਕਿਊਟਿਵ ਡਾਇਰੈਕਟਰ ਇਫਕੋ) ਨੇ ਕਿਹਾ ਕਿ ਕਿਸਾਨਾਂ ਨੂੰ ਸੰਤੁਲਤ ਖੁਰਾਕ ਪ੍ਰੋਗਰਾਮ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ । ਉਹਨਾਂ ਰਸਾਇਣਿਕ ਖਾਦਾਂ ਦੀ ਬੇਲੋੜੀ ਵਰਤੋਂ ਦੇ ਦੁਸ਼ਪ੍ਰਭਾਵਾਂ ‘ਤੇ ਚਿੰਤਾ ਕਰਦਿਆਂ ਕਿਹਾ ਕਿ ਇਹਨਾਂ ਖਾਦਾਂ ਦੇ ਨਾਲ ਨਾਲ ਮਿੱਟੀ ਵਿੱਚ ਜੈਵਿਕ ਖਾਦਾਂ, ਗੋਬਰ, ਹਰੀਆਂ ਖਾਦਾਂ, ਸਾਗਰਿਕਾ ਆਦਿ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ। ਉਹਨਾਂ ਸਾਗਰਿਕਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ 100% ਕੁਦਰਤੀ ਹੈ ਅਤੇ ਸਮੁੰਦਰੀ ਬੂਟੀ ਤੋਂ ਤਿਆਰ ਕੀਤਾ ਜਾਂਦਾ ਹੈ ਇਸ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਹਨ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦਾ ਹੈ ।
ਸ਼੍ਰੀ ਜੇ.ਪੀ. ਮਹਿਤਾ (ਸੀਨੀਅਰ ਏਰੀਆ ਮੈਨੇਜਰ ਇਫਕੋ) ਨੇ ਮੁੱਖ ਮਹਿਮਾਨ, ਸਹਿਕਾਰੀ ਵਿਭਾਗ ਦੇ ਅਫ਼ਸਰਾਂ, ਮੁਲਾਜ਼ਮਾਂ ਹੋਰ ਪਤਵੰਤੇ ਸੱਜਣਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਤੇ ਸਭ ਦਾ ਪ੍ਰੋਗਰਾਮ ਵਿੱਚ ਸਮੇਂ ਸਿਰ ਪੁੱਜਣ ਲਈ ਧੰਨਵਾਦ ਕੀਤਾ । ਮੁੱਖ ਮਹਿਮਾਨ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਉਹ ਅਤੇ ਉਹਨਾਂ ਦੀ ਟੀਮ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਖੇਤੀ ਅਤੇ ਸਹਿਕਾਰਤਾ ਦੇ ਆਰਥਿਕ ਸੁਧਾਰਾਂ ਲਈ ਯੋਜਨਾਵਾਂ ਉਲੀਕਣਗੇ । ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸਹਿਕਾਰੀ ਵਿਭਾਗ ਦੇ ਸਹਾਇਕ ਰਜਿਸਟਰਾਰ ਅਤੇ ਇੰਸਪੈਕਟਰ ਵੀ ਹਾਜ਼ਰ ਸਨ। ਸਟੇਜ਼ ਦੀ ਜ਼ਿੰਮੇਵਾਰੀ ਇਫਕੋ ਫੀਲਡ ਅਫ਼ਸਰ ਜਗਜੀਤ ਸਿੰਘ ਨੇ ਨਿਭਾਈ ।

