ਪੰਜਾਬ

ਮੈਗਾ ਰੁਜ਼ਗਾਰ ਮੇਲੇ ‘ਚ ਨੌਜਵਾਨਾਂ ਨਾਲ ਹੋਇਆ ਮੈਗਾ ਧੋਖਾ : ਬਿਕਰਮ ਮਜੀਠੀਆ

ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵਾਸਤੇ ਭਰਤੀ ਲਈ ਕੋਈ ਮਾਪਦੰਡ ਨਿਰਧਾਰਤ ਨਹੀ ਕੀਤੇ, ਜਿਸ ਕਰਕੇ ਨੌਜਵਾਨਾਂ ਦਾ ਸੋਸ਼ਣ ਹੋ ਰਿਹਾ ਹੈ
ਚਰਨਜੀਤ ਚੰਨੀ ਨੂੰ ਕਿਹਾ ਕਿ ਰਾਂਖਵਾਂਕਰਨ ਨੂੰ ਰੁਜ਼ਗਾਰ ਮੇਲੇ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ
ਚੰਡੀਗੜ੍ਹ 5 ਸਤੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਅੱਜ ਲਾਏ ਗਏ ‘ਮੈਗਾ ਰੁਜ਼ਗਾਰ ਮੇਲੇ’ ਨੂੰ ਪੰਜਾਬ ਦੇ ਨੌਜਵਾਨਾਂ ਨਾਲ ‘ਮੈਗਾ ਧੋਖਾ’ ਕਰਾਰ ਦਿੰਦਿਆਂ ਕਿਹਾ ਹੈ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਤੋਂ ਨਾਂਹ ਕੀਤੀ ਜਾ ਚੁੱਕੀ ਹੈ ਅਤੇ ਉਹਨਾਂ ਦੇ ਹੱਥਾਂ ਵਿਚ ਪ੍ਰਾਈਵੇਟ ਕੰਪਨੀਆਂ ਦੇ ਨਿਯੁਕਤੀ-ਪੱਤਰ ਫੜਾ ਦਿੱਤੇ ਗਏ ਹਨ। ਪਾਰਟੀ ਨੇ ਕਿਹਾ ਕਿ ਇਹਨਾਂ ਤਕਨੀਕੀ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਰੈਗੁਲਰ ਭਰਤੀ ਤਹਿਤ ਨੌਜਵਾਨਾਂ ਕੋਲ ਅਜਿਹੀਆਂ ਪ੍ਰਾਈਵੇਟ ਨੌਕਰੀਆਂ ਦਾ ਵਿਕਲਪ ਪਹਿਲਾਂ ਹੀ ਮੌਜੂਦ ਸੀ।

ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇੱਕ ਜਾਅਲੀ ਪ੍ਰੋਗਰਾਮ ਦਾ ‘ਰੁਜ਼ਗਾਰ ਮੇਲੇ’ ਦੇ ਤੌਰ ਤੇ ਨਾਮਕਰਨ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਕਾਂਗਰਸ ਪਾਰਟੀ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਘਰ ਘਰ ਨੌਕਰੀ ਦੇ ਵਾਅਦੇ ਦੀ ਪੂਰਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੋਈ ਵੀ ਸਰਕਾਰੀ ਭਰਤੀ ਨਹੀਂ ਕੀਤੀ ਹੈ ਅਤੇ ਨਾ ਹੀ ਕਿਸੇ ਵੀ ਮਹਿਕਮੇ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਹੈ। ਜੇਕਰ ਕੋਈ ਕਾਂਗਰਸ ਦੇ ਘਰ ਘਰ ਨੌਕਰੀ ਦੇ ਵਾਅਦੇ ਉੱਤੇ ਯਕੀਨ ਕਰਦਾ ਹੈ ਤਾਂ ਸਰਕਾਰ ਨੂੰ ਪੂਰੇ ਸੂਬੇ ਅੰਦਰ 50 ਤੋਂ 60 ਲੱਖ ਘਰਾਂ ਨੂੰ ਨੌਕਰੀਆਂ ਦੇਣ ਲਈ ਹਰ ਮਹੀਨੇ ਇੱਕ ਲੱਖ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ।
ਅਕਾਲੀ ਆਗੂ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਹ ਅਖੌਤੀ ਰੁਜ਼ਗਾਰ ਮੇਲਾ ਲਗਾਇਆ ਗਿਆ ਸੀ, ਉਹ ਬੇਹੱਦ ਸ਼ਰਮਨਾਕ ਸੀ ਅਤੇ ਇਸ ਨੇ ਸਰਕਾਰ ਦੇ ਕੰਮਕਾਜ ਦੇ ਤਰੀਕੇ ਉੱਤੇ ਧੱਬਾ ਲਾ ਦਿੱਤਾ ਹੈ। ਵਿਦਿਆਰਥੀਆਂ ਦੁਆਰਾ ਕੀਤੀਆਂ ਬੇਨਤੀਆਂ ਅਤੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਰੁਜਗਾਰ ਮੇਲੇ ਤਹਿਤ ਨੌਕਰੀਆਂ ਦੀ ਭਰਤੀ ਵਾਸਤੇ ਕੋਈ ਮਾਪਦੰਡ ਨਿਰਧਾਰਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਿੱਟੇ ਵਜੋਂ ਵਿਦਿਆਰਥੀਆਂ ਨੂੰ ਇੰਨੀਆਂ ਤਨਖਾਹਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ ਹਨ, ਜਿਹੜੀਆਂ ਕਿ ਦਿਹਾੜੀਦਾਰਾਂ ਲਈ ਨਿਰਧਾਰਤ ਘੱਟੋ-ਘੱਟ ਦਿਹਾੜੀ ਤੋਂ ਵੀ ਘੱਟ ਹਨ। ਇੰਨਾ ਹੀ ਨਹੀਂ ਇੰਨੀਆਂ ਘੱਟ ਤਨਖਾਹਾਂ ਵਾਲੀਆਂ ਨੌਕਰੀਆਂ ਵੀ ਦੋ ਸਾਲ ਦੇ ਬਾਂਡ ਦੀ ਸ਼ਰਤ ਨਾਲ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਸ਼ਰੇਆਮ ਵਿਦਿਆਰਥੀਆਂ ਦਾ ਸੋਸ਼ਣ ਹੈ।
ਅਕਾਲੀ ਦਲ ਦੇ ਤਰਜਮਾਨ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਤਕਨੀਕੀ ਕਾਲਜਾਂ ਵਿਚ ਨੌਕਰੀਆਂ ਦੀ ਭਰਤੀ ਦੀ ਸਾਰੀ ਕਾਰਵਾਈ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਆਪਣੇ ਹੱਥਾਂ ਵਿਚ ਲਏ ਜਾਣ ਦੇ ਬਾਵਜੂਦ ਚੰਨੀ ਨੇ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਦਲਿਤਾਂ ਦੀ ਭਰਤੀ ਸੰਬੰਧੀ ਕੋਈ ਰਾਂਖਵਾਂਕਰਨ ਦੀ ਨੀਤੀ ਨਹੀਂ ਬਣਾਈ ਹੈ। ਉਹਨਾਂ ਕਿਹਾ ਕਿ ਚੰਨੀ ਖੁਦ ਨੂੰ ਦਲਿਤਾਂ ਦਾ ਮਸੀਹਾ ਕਹਿੰਦਾ ਹੈ, ਪਰ ਉਹ ਦਲਿਤਾਂ ਅਤੇ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਨਾਕਾਮ ਸਾਬਿਤ ਹੋਇਆ ਹੈ। ਉਸ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਰਾਂਖਵਾਂਕਰਨ ਨੂੰ ਰੁਜ਼ਗਾਰ ਮੇਲੇ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ?
ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਦੋਂ ਸਰਕਾਰ ਦੁਆਰਾ ਲਗਾਏ ਗਏ 21 ਰੁਜ਼ਗਾਰ ਮੇਲੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ ਤਾਂ ਸਰਕਾਰ ਨੇ ਵਿਦਿਆਰਥੀਆਂ ਨੂੰ ਠੱਗਣ ਦੀ ਇੱਕ ਨਵੀਂ ਸਕੀਮ ਘੜ ਲਈ ਹੈ।ਉਹਨਾਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਉਦੇਸ਼ ਨਾਲ ਪ੍ਰਾਈਵੇਟ ਕੰਪਨੀਆਂ ਨਾਲ ਥੋਕ ਵਿਚ ਐਮਓਯੂ ਸਹੀਬੰਦ ਕਰ ਲਏ ਹਨ। ਇਹਨਾਂ ਐਮਓਯੂ ਦਾ ਕੀ ਹਸ਼ਰ ਹੋਣਾ ਹੈ, ਇਹ ਅਜੇ ਵੇਖਣਾ ਹੈ, ਕਿਉਂਕਿ ਅੱਜ ਦੇ ਸਮਾਗਮ ਵਿਚ ਕਾਰਪੋਰੇਟ ਜਗਤ ਸਰਕਾਰ ਕੋਲੋਂ ਆਪਣੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਮੰਗ ਨੂੰ ਲਾਗੂ ਕਰਵਾਉਣ ਵਿਚ ਵੱਧ ਦਿਲਚਸਪੀ ਲੈ ਰਿਹਾ ਸੀ। ਇਸ ਤੋਂ ਇਲਾਵਾ, ਨੌਕਰੀਆਂ ਦੀ ਭਰਤੀ ਦੀ ਇਹ ਕਾਰਵਾਈ ਨਾਕਾਮ ਹੋ ਗਈ ਹੈ, ਕਿਉਂਕਿ ਇੰਨੇ ਘੱਟ ਤਨਖਾਹਾਂ ਵਾਲੀਆਂ ਦਿੱਤੀਆਂ ਰੁਜ਼ਗਾਰ ਪੇਸ਼ਕਸ਼ਾਂ ਨੂੰ ਵਿਦਿਆਰਥੀਆਂ ਰੱਦ ਕਰ ਰਹੇ ਹਨ ਤਾਂ ਫਿਰ ਇਹ ਐਮਓਯੂ ਕਿਸ ਤਰ੍ਹਾਂ ਕਾਮਯਾਬ ਹੋਣਗੇ? ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਗੰਭੀਰ ਹੁੰਦੀ ਤਾਂ ਇਸ ਨੇ ਮੌਜੂਦਾ ਨੌਕਰੀ ਦੀ ਮੁਹਿੰਮ ਤਹਿਤ ਅਪਲਾਈ ਕਰਨ ਵਾਲੇ 4 ਲੱਖ ਵਿਦਿਆਰਥੀਆਂ ਨੂੰ ਵਧੀਆਂ ਤਨਖਾਹਾਂ ਉੱਤੇ ਰੁਜ਼ਗਾਰ ਮੁਹੱਈਆ ਕਰਵਾ ਦੇਣਾ ਸੀ ਨਾ ਕਿ ਉਹਨਾਂ ਨੂੰ ਸਿਰਫ 8000 ਰੁਪਏ ਤੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀਆਂ ਪੇਸ਼ਕਸ਼ਾਂ ਦੇਣੀਆਂ ਸਨ। ਐਮਓਯੂ ਸਹੀਬੰਦ ਕਰਨ ਦੀ ਕੀ ਲੋੜ ਸੀ? ਕੀ ਇਹ ਨੌਜਵਾਨਾਂ ਨਾਲ ਮਾਰੀ ਗਈ ਇੱਕ ਹੋਰ ਠੱਗੀ ਨਹੀਂ ਹੈ।
ਇਹ ਕਹਿੰਦਿਆਂ ਕਿ ਇਹਨਾਂ ਸਾਰੇ ਤੱਥਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਦਾ ਹਰ ਘਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਵਾਲਾ ਵਾਅਦਾ ਪੂਰਾ ਕਰਨ ਦਾ ਕੋਈ ਇਰਾਦਾ ਨਹੀਂ ਹੈ, ਉਹਨਾਂ ਕਿਹਾ ਕਿ ਸਪੱਸ਼ਟ ਹੋ ਗਿਆ ਹੈ ਕਿ ਇਹ ਵਾਅਦਾ ਸਿਰਫ ਨੌਜਵਾਨਾਂ ਦੀਆਂ ਵੋਟਾਂ ਲੈਣ ਲਈ ਕੀਤਾ ਗਿਆ ਸੀ। ਨੌਜਵਾਨਾਂ ਨੂੰ ਮੁਫਤ ਮੋਬਾਇਲ ਫੋਨ ਦੇਣ ਵਰਗੇ ਹੋਰ ਵੀ ਬਹੁਤ ਵਾਅਦੇ ਕੀਤੇ ਗਏ ਸਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਨੌਜਵਾਨਾਂ ਨਾਲ ਠੱਗੀ ਮਾਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਸੀਂ ਕਾਂਗਰਸ ਪਾਰਟੀ ਵੱਲੋਂ ਪੰਜਾਬੀ ਨੌਜਵਾਨਾਂ ਨਾਲ ਕੀਤੇ ਸਾਰੇ ਧੋਖਿਆਂ ਖਿਲਾਫ ਇੱਕ ਜਨ ਮੁਹਿੰਮ ਖੜ੍ਹੀ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਸਾਰੀਆਂ ਖਾਲੀ ਪਈਆਂ ਸਰਕਾਰੀ ਅਸਾਮੀਆਂ ਭਰਵਾਉਣ ਲਈ ਅਤੇ ਪ੍ਰਾਈਵੇਟ ਕੰਪਨੀਆਂ ਵਿਚ ਯੋਗਤਾ, ਮੈਰਿਟ ਅਤੇ ਸਹੀ ਰਾਂਖਵਾਕਰਨ ਤਹਿਤ ਚੰਗੀਆਂ ਤਨਖਾਹਾਂ ਉੱਤੇ ਨੌਕਰੀਆਂ ਦੀ ਭਰਤੀ ਵਾਸਤੇ ਇੱਕ ਮੁਹਿੰਮ ਸ਼ੁਰੂ ਕਰਾਂਗੇ।

Leave a Reply

Your email address will not be published. Required fields are marked *