ਪੰਜਾਬ

ਮੋਦੀ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣੇ ਬ੍ਰਹਮ ਮਹਿੰਦਰਾ, ਰਾਜ ਪੱਧਰੀ ਸਮਾਗਮ ‘ਚ ਝਾੜੂ ਲਗਾਕੇ ਸਵੱਛਤਾ ਬਾਰੇ ਪ੍ਰੇਰਿਆ

ਪਟਿਆਲਾ, 15 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਮੁੱਚੇ ਦੇਸ਼ ‘ਚ ਸਵੱਛ ਭਾਰਤ ਅਭਿਆਨ ਤਹਿਤ ਮੁਹਿੰਮ ਚਲਾਈ ਹੋਈ, ਜਿਸ ਨੂੰ ਕਈ ਰਾਜਾਂ ਵੱਲੋਂ ਤਵੱਜੋਂ ਵੀ ਦਿੱਤੀ ਜਾ ਰਹੀ ਹੈ। ਅਕਸਰ ਵਿਰੋਧੀ ਧਿਰਾਂ ਦੇ ਆਗੂ ਮੋਦੀ ਖਿਲਾਫ਼ ਅਕਸਰ ਭੜਾਸ ਕੱਢਦੇ ਰਹਿੰਦੇ ਹਨ, ਪ੍ਰੰਤੂ ਕਈ ਸਿਆਸੀ ਆਗੂਆਂ ਨੂੰ ਨਾ ਚਾਹੁੰਦਿਆਂ ਹੋਇਆ ਵੀ ਉਸ ਮਿਸ਼ਨ ਦਾ ਹਿੱਸਾ ਬਣਨਾ ਪੈਂਦਾ, ਜਿਸ ਦੀ ਉਨ੍ਹਾਂ ਦਾ ਮਨ ਇਜ਼ਾਜਤ ਨਹੀਂ ਦਿੰਦਾ ਅਤੇ ਮਨ ਦੇ ਪ੍ਰਗਟਾਵੇ ਆਪ ਮੁਹਾਰੇ ਵੀ ਆ ਜਾਂਦੇ ਹਨ, ਜਿਸ ਦੀ ਮਿਸਾਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਿੱਧੂਵਾਲ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਰਾਜ ਪੱਧਰੀ ਸਮਾਗਮ ‘ਚ ਵੇਖਣ ਸਮੇਂ ਮਿਲੀ।

ਰਾਜ ਪੱਧਰੀ ਸਮਾਗਮ ਦੌਰਾਨ ਸੂਬਾ ਸਰਕਾਰ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਫਾਈ ਸਬੰਧੀ ਪ੍ਰੇਰਦਿਆਂ ਮੋਦੀ ਵੱਲੋਂ ਚਲਾਈ ਸਵੱਛ ਭਾਰਤ ਮੁਹਿੰਮ ਬਾਰੇ ਲੰਮਾ ਚੌੜਾ ਭਾਸ਼ਣ ਦਿੱਤਾ ਅਤੇ ਖੁਦ ਝਾੜੂ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਸਵੱਛ ਭਾਰਤ ਮੁਹਿੰਮ ਨੂੰ ਅਗਾਂਹ ਤੋਰਿਆ।
ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਰੱਖੇ ਗਏ ਇਸ ਰਾਜ ਪੱਧਰੀ ਪ੍ਰੋਗਰਾਮ ਵਿੱਚ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਨਾਲ ਹੀ ਚੰਗੀ ਸਿਹਤ ਸੰਭਵ ਹੈ। ਉਹਨਾਂ ਕਿਹਾ ਕਿ ਜੇਕਰ ਸਾਡਾ ਆਲਾ ਦੁਆਲਾ ਸਾਫ ਨਹੀਂ ਹੈ ਤਾਂ ਅਸੀਂ ਸਿਰਫ ਅਤੇ ਸਿਰਫ ਬਿਮਾਰੀਆਂ ਨੂੰ ਹੀ ਘਰ ਵਿੱਚ ਲਿਆਵਾਗੇ।
ਸ੍ਰੀ ਬ੍ਰਹਮ ਮਹਿੰਦਰਾ ਨੇ ਸਵੱਛ ਅਤੇ ਸਿਹਤਮੰਦ ਪੰਜਾਬ ਮੁਹਿੰਮ ਦੀ ਸੁਰੂਆਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਦੀ ਸਾਫ-ਸਫਾਈ ਦੇ ਨਾਲ-ਨਾਲ ਵਾਤਾਵਰਨ ਨੂੰ ਚੰਗਾ ਰੱਖਣ ਲਈ ਰੁੱਖ ਵੀ ਲਗਾਏ ਜਾਣੇ ਚਾਹੀਦੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਵਿੱਚ ਸਾਫ ਸਫਾਈ ਦੇ ਹਾਲਾਤ ਕੁਝ ਚੰਗੇ ਨਹੀਂ ਸਨ ਪਰ ਹੁਣ ਇਸ ਵਿੱਚ ਕਾਫੀ ਸੁਧਾਰ ਆ ਗਿਆ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਪਟਿਆਲਾ ਸ਼ਹਿਰ ਦਾ ਨੰਬਰ ਦੇਸ਼ ਭਰ ਵਿੱਚ 411ਵਾਂ ਸੀ ਪਰ ਆਨ ਲਾਈਨ ਰਿਪੋਰਟ ਮੁਤਾਬਿਕ ਪਟਿਆਲਾ 149ਵੇਂ ਸਥਾਨ ‘ਤੇ ਚਲ ਰਿਹਾ ਹੈ ਅਤੇ ਇਸ ਨੂੰ ਹੋਰ ਵੀ ਅੱਗੇ ਲਿਆਉਣਾ ਹੈ। ਇਸ ਲਈ ਸਾਰੀਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ।
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਜਿਲ੍ਹਾ ਪਟਿਆਲਾ ਅਧੀਨ ਕੁੱਲ 928 ਪਿੰਡ ਪੈਂਦੇ ਹਨ, ਜਿਹਨਾਂ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਨ) ਅਧੀਨ ਪਖਾਨੇ ਬਣਵਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਹੁਣ ਤੱਕ ਜਿਲ੍ਹੇ ਦੇ 700 ਤੋਂ ਵੱਧ ਪਿੰਡ ਖੁੱਲ੍ਹੇ ਚੋਂ ਸੌਂਚ ਮੁਕਤ ਹੋ ਚੁੱਕੇ ਹਨ ਅਤੇ ਬਾਕੀ ਦੇ ਪਿੰਡਾਂ ਵਿੱਚ ਵੀ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ, ਇਸ ਪ੍ਰੋਗਰਾਮ ਤਹਿਤ ਲਾਭਪਾਤਰੀਆਂ ਵੱਲੋਂ ਪਖਾਨੇ ਆਪ ਬਣਾਏ ਜਾਂਦੇ ਹਨ, ਜਿਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 5000 ਰੁਪਏ ਦੀਆਂ ਤਿੰਨ ਕਿਸਤਾਂ, ਪੜਾਅ ਵਾਰ ਕੰਮ ਦੀ ਪ੍ਰਗਤੀ ਅਨੁਸਾਰ, ਲਾਭਪਾਤਰੀ ਨੂੰ ਕੁੱਲ 15000 ਰੁਪਏ ਦਿੱਤੇ ਜਾਂਦੇ ਹਨ। ਮੋਟੀਵੇਟਰਾਂ ਦੀਆਂ ਟੀਮਾਂ ਵੱਲੋਂ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਹਵਾਦਾਰ ਅਤੇ ਵਧੀਆ ਕਿਸਮ ਦੇ ਪਖਾਨੇ ਬਣਾਉਣ ਲਈ ਉਤਸਾਹਿਤ ਕੀਤਾ ਜਾਂਦਾ ਹੈ। ਇਹਨਾਂ ਮੋਟੀਵੇਟਰਾਂ ਦੀ ਵਧੀਆ ਕਾਰਗੁਜਾਰੀ ਕਰਕੇ ਹੀ ਜਿਲ੍ਹੇ ਦੇ 90ਫੀਸਦੀ ਤੋਂ 95 ਫੀਸਦੀ ਘਰਾਂ ਵੱਲੋਂ ਬਾਥਰੂਮ-ਕਮ-ਟੁਆਇਲਟ ਦਾ ਮਾਡਲ ਅਪਣਾਇਆ ਗਿਆ ਹੈ। ਹੋਰ ਤਾਂ ਹੋਰ ਲੋਕਾਂ ਵੱਲੋਂ ਟੁਆਇਲਟ ਦੀ ਉਸਾਰੀ ਲਈ 15000 ਰੁਪਏ ਦੀ ਸਰਕਾਰੀ ਸਹਾਇਤਾ ਦੇ ਨਾਲ-ਨਾਲ 5000 ਰੁਪਏ ਤੋਂ ਲੈ ਕੇ 20000 ਰੁਪਏ ਜਾਂ ਇਸ ਤੋਂ ਵੱਧ ਆਪਣੇ ਪੱਧਰ ਤੇ ਲਗਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਇਸ ਮਾਡਲ ਅਪਣਾਉਣ ਦਾ ਇਹ ਫਾਇਦਾ ਹੋਇਆ ਹੈ ਕਿ ਲੋਕ ਟੁਆਇਲਟ ਮੁਕੰਮਲ ਹੋਣ ਤੋਂ ਪਹਿਲਾਂ ਹੀ ਇਸ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਉਹਨਾਂ ਦੀਆਂ ਸਵੱਛਤਾ ਆਦਤਾਂ ਵਿੱਚ ਗੁਣਾਤਮਕ ਸੁਧਾਰ ਹੋਇਆ ਹੈ। ਇਹਨਾਂ ਬਣਾਏ ਗਏ ਟੁਆਇਲਟਾਂ ਦਾ ਪਾਣੀ ਸੈਪਟਿਕ ਟੈਂਕਾਂ ਰਾਹੀ ਜਮੀਨ ਦੇ ਹੇਠਲੇ ਖੱਡਿਆਂ ਵਿੱਚ ਪਾ ਦਿੱਤਾ ਜਾਂਦਾ ਹੈ, ਜਿਸ ਕਰਕੇ ਨਿਕਾਸੀ ਵਾਲਾ ਗੰਦਾ ਪਾਣੀ ਪਿੰਡ ਦੀਆਂ ਗਲੀਆਂ-ਨਾਲੀਆਂ ਵਿੱਚ ਨਹੀਂ ਠਹਿਰਦਾ ਅਤੇ ਪਿੰਡ ਦਾ ਵਾਤਾਵਰਣ ਸਵੱਛ ਰਹਿੰਦਾ ਹੈ। ਇਸ ਤਰ੍ਹਾਂ ਇਹ ਪਖਾਨੇ ਵਾਤਾਵਰਣ ਦੇ ਅਨੁਕੂਲ ਵੀ ਹਨ।

Leave a Reply

Your email address will not be published. Required fields are marked *