ਪ੍ਰੋ. ਬਡੂੰਗਰ ਨੇ ਅਹਿਮ ਫੈਸਲਿਆਂ ‘ਤੇ ਲਗਾਈ ਮੋਹਰ
ਸ਼੍ਰੋਮਣੀ ਕਮੇਟੀ ਸਿੱਖ ਸਿਕਲੀਗਰ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਗੰਭੀਰ : ਪ੍ਰੋ. ਬਡੂੰਗਰ
ਜਲੰਧਰ ਦੇ 45 ਸਿੱਖ ਸਿਕਲੀਗਰ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਦੀ ਮਿਲੇਗੀ ਮਾਲੀ ਸਹਾਇਤਾ
‘ਗਾਵਹੁ ਸਚੀ ਬਾਣੀ ਸੀਜ਼ਨ-2’ ਕਰਵਾਉਣ ਦਾ ਫੈਸਲਾ
ਛੱਤੀਸੀਗੜ੍ਹ ਸਿਕਲੀਗਰ ਬੱਚਿਆਂ ਦੀਆਂ ਫੀਸਾਂ ਦੇਣ ਦਾ ਫੈਸਲਾ
ਪਟਿਆਲਾ 27 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਧਰਮ ਪ੍ਰਚਾਰ ਕਮੇਟੀ ਦੀ ਅਹਿਮ ਬੈਠਕ ਹੋਈ। ਇਸ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਚਾਰ ਅਧੀਨ ਲਿਆਂਦੇ ਸੁਝਾਵਾਂ ਤੋਂ ਬਾਅਦ ਅਹਿਮ ਫੈਸਲਿਆਂ ‘ਤੇ ਮੋਹਰ ਲੱਗਾ ਦਿੱਤੀ ਗਈ ਹੈ।
ਬੈਠਕ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਭਰ ‘ਚ ਅੱਜ ਧਰਮ ਪ੍ਰਚਾਰ ਲਹਿਰ ਪ੍ਰਚੰਡ ਰੂਪ ਧਾਰਨ ਕਰ ਚੁੱਕੀ ਹੈ, ਜਿਸ ਤਹਿਤ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ‘ਚ ਪ੍ਰਪੱਕ ਬਣਾਈ ਰੱਖਣ ਲਈ ‘ਗਾਵਹੁ ਸਚੀ ਬਾਣੀ ਸੀਜ਼ਨ-2’ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤੇ ਜਾ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਧਰਮ ਪ੍ਰਚਾਰ ਕਮੇਟੀ ਅਧੀਨ ਚੱਲ ਰਹੇ ਧਾਰਮਿਕ ਅਦਾਰਿਆਂ ਮਿਸ਼ਨਰੀ ਕਾਲਜ, ਅਕੈਡਮੀਆਂ ਅਤੇ ਇੰਸਟੀਚਿਊਟਾਂ ‘ਚ ਕੋਰਸ ਕਰ ਰਹੇ ਸਿਖਿਆਰਥੀਆਂ ਨੂੰ ਨੌਕਰੀ ‘ਚ ਪਹਿਲ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਜੋ ਉਹ ਆਪਣੇ ਭਵਿੱਖ ਨੂੰ ਹੋਰ ਸੁਨਹਿਰਾ ਬਣਾ ਸਕਣ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਛੱਤੀਸਗੜ੍ਹ ਰਾਏਪੁਰ ਵਿਖੇ ਸਿਕਲੀਗਰ 80 ਬੱਚਿਆਂ ਦੀਆਂ ਫੀਸਾਂ ਲਈ 2, ਲੱਖ 34,000 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਪੰਜ ਪਿਆਰੇ (ਬਿਹਾਰ), ਗੁਰਦੁਆਰਾ ਸਿੰਘ ਸਭਾ ਸ਼ਿੰਗਾਨਾ (ਮੱਧ ਪ੍ਰਦੇਸ਼), ਗੁਰਦੁਆਰਾ ਸਾਹਿਬ ਭਗਵਾਨਪੁਰਾ (ਮੱਧ ਪ੍ਰਦੇਸ਼), ਗੁਰਦੁਆਰਾ ਸਾਹਿਬ ਭੱਦਰੀ (ਮੱਧ ਪ੍ਰਦੇਸ਼) ਚਾਰੇ ਗੁਰਦੁਆਰੇ ਸਾਹਿਬਾਨਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ, ਜਿਸ ਕਾਰਨ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕਾਰਜ ਜਾਰੀ ਰਹਿਣਗੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਸਿਕਲੀਗਰ ਭਾਈਚਾਰੇ ਦਾ ਸਿੱਖ ਸਮਾਜ ‘ਚ ਅਹਿਮ ਭੂਮਿਕਾ ਰਹੀ ਹੈ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦੀਆਂ ਮੁਸ਼ਕਲਾਂ ਅਤੇ ਮਸਲਿਆਂ ਨੂੰ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ, ਜਿਸ ਤਹਿਤ ਵੱਖ-ਵੱਖ 45 ਸਿੱਖ ਸਿਕਲੀਗਰ ਜਲੰਧਰ ਦੇ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗੁਰੂ ਨਾਨਕ ਨਗਰ ਵਿਜੈਵਾੜਾ ਵਿਖੇ ਸਿਕਲੀਗਰਾਂ ਅਤੇ ਵਣਜਾਰਿਆਂ ਦੇ ਵਿੱਦਿਆ ਹਾਸਲ ਕਰ ਰਹੇ ਸਿੱਖਾਂ ਦੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜ ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਥ ਦੀ ਸਿਰਮੌਰ ਸੰਸਥਾ ਹੈ, ਜਿਸ ਵੱਲੋਂ ਧਰਮ ਪ੍ਰਚਾਰ ਕਾਰਜਾਂ ਤਹਿਤ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖ ਕੌਮ ਦੇ ਮਹਾਨ ਵਿਰਸੇ ਨਾਲ ਜੋੜਨ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ‘ਗਾਵਹੁ ਸਚੀ ਬਾਣੀ ਸੀਜ਼ਨ-1 ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਇਸ ਲੜੀ ਨੂੰ ਅਗਾਂਹ ਤੋਰਿਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਵਾਲਾ ਬਣਾਇਆ ਜਾ ਸਕੇ।
ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ, ਐਡੀਸ਼ਨਲ ਸੈਕਟਰੀ ਸੁਖਦੇਵ ਸਿੰਘ ਭੂਰਾ ਕੋਹਨਾਂ, ਰਾਮਪਾਲ ਸਿੰਘ ਬੈਣੀਵਾਲ, ਪ੍ਰਿਤਪਾਲ ਸਿੰਘ ਲੁਧਿਆਣਾ, ਭਾਈ ਅਜੈਬ ਸਿੰਘ, ਤੇਜਿੰਦਰਪਾਲ ਸਿੰਘ, ਮਨਜੀਤ ਸਿੰਘ, ਸੁਖਵਰਤ ਸਿੰਘ ਪਨੂੰ, ਨਿੱਜੀ ਸਹਾਇਕ ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ।

