ਪੰਜਾਬਪਟਿਆਲਾ

ਹਿੰਦੂ ਧਰਮ ਲਈ ਸੀਸ ਦੇ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਰਹਿਬਰ ਬਣੇ : ਪ੍ਰੋ. ਬਡੂੰਗਰ

ਪਟਿਆਲਾ 4 ਅਕਤੂਬਰ (ਮਧੂਸਾਰ ਬਿਊਰੋ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਦਿਵਸ ਸਬੰਧੀ ਚੱਲ ਰਹੀ ਲੜੀ ਤਹਿਤ ਸ੍ਰੀ ਆਖੰਡ ਪਾਠ ਸਾਹਿਬ ਪਾਠ ਦੇ ਭੋਗ ਪੈਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਤਹਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਮਹਾਨ ਕੀਰਤਨ ਸਮਾਗਮ ਕਰਵਾਇਆ ਗਿਆ।

ਮਹਾਨ ਕੀਰਤਨ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਦਿਵਸ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 16 ਹਾੜ੍ਹ, 17 ਅੱਸੂ 1732 ਈ. ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀਂ ਬਹਾਦਰਗੜ੍ਹ ਵਿਖੇ ਪਹੁੰਚੇ ਸਨ। ਹਿੰਦੂ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸੀਸ ਦਾ ਬਲੀਦਾਨ ਦੇ ਕੇ ਦੁਨੀਆ ਦੇ ਸਾਹਮਣੇ ਅਜਿਹੇ ਧਾਰਮਿਕ ਰਹਿਬਰ ਬਣੇ, ਜਿਸ ਦੀ ਮਿਸਾਲ ਸਮੁੱਚੇ ਸੰਸਾਰ ‘ਚ ਨਹੀਂ ਮਿਲਦੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਸ਼ਹਾਦਤ ਕਈ ਪੱਖਾਂ ਤੋਂ ਮਹਾਨ ਤੇ ਵਿਲੱਖਣ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਆਮ ਤੌਰ ‘ਤੇ ਕਾਤਲ ਮਕਤੂਲ ਪਾਸ ਜਾਂਦਾ ਹੈ ਪਰੰਤੂ ਗੁਰੂ ਸਾਹਿਬ ਸ਼ਹਾਦਤ ਦੇਣ ਲਈ ਆਪ ਦਿੱਲੀ ਗਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨਤਾ ਤੇ ਵਡਿਆਈ ਇਸੇ ‘ਚ ਹੈ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਦਿੱਤਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਪ੍ਰਮਾਤਮਾ ਨੂੰ ਪਾਉਣ ਅਤੇ ਗੁਰੂ ਦੀ ਪ੍ਰਾਪਤੀ ਲਈ ਮਨੁੱਖਤਾ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਵਾਂਗ ‘ਸੱਚ’ ਵਾਲੇ ਮਾਰਗ ਦਾ ਪੱਲਾ ਫੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸੋਮਾ ਹਨ, ਜਿਸ ‘ਚ ਸੰਤ-ਮਹਾਂਪੁਰਸ਼ਾਂ, ਭਗਤਾਂ ਤੇ ਗੁਰੂ ਬਾਣੀ ਦੇ ਅਨਮੋਲ ਖਜ਼ਾਨੇ ਨੂੰ ਪਾਉਣ ਲਈ ਸਮਰਪਿਤ ਦੀ ਭਾਵਨਾ ਨਾਲ ‘ਅਕੀਦਾ’ ਅਤੇ ‘ਵਿਸ਼ਵਾਸ਼’ ਨੂੰ ਦ੍ਰਿੜ ਕਰਨ ਦਾ ਧਾਰਨੀ ਬਣਨਾ ਹੋਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜੌਕੇ ਸਮੇਂ ‘ਚ ਮਾਪਿਆਂ ਨੂੰ ਬੱਚਿਆਂ ਅਤੇ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦੇ ਹੋਏ ਸਿੱਖ ਧਰਮ, ਸਿੱਖੀ ਅਤੇ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਨਾਲ ਸਬੰਧਤ ਗੁਰੂ ਇਤਿਹਾਸ, ਸਿੱਖ ਰਹਿਤ ਮਰਿਯਾਦਾ ਅਤੇ ਗੁਰਮਤਿ ਪ੍ਰੰਪਰਾਵਾਂ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਦੇ ਸ਼ੰਕਿਆਂ ਅਤੇ ਭਰਮ-ਭੁਲੇਖੇ ਦੂਰ ਕੀਤੇ। ਉਨ੍ਹਾਂ ਕਿਹਾ ਕਿ ਮਨੁੱਖੀ ਸਖਸੀਅਤ ‘ਚ ਨਿਖਾਰ ਲਿਆਉਣ ਲਈ ਹਰ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣਾ ਹੋਵੇਗਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਰਾਹੀਂ ਸੰਸਾਰ ਭਰ ‘ਚ ਪੈ ਰਹੀ ‘ਸ਼ਬਦ ਗੁਰੂ’ ਦੀ ਗੂੰਜ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੱਤੀ।
ਮਹਾਨ ਕੀਰਤਨ ਸਮਾਗਮ ਦੌਰਾਨ ਹਜ਼ੂਰੀ ਰਾਗੀ ਜੱਥਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਭਾਈ ਮਹਿਲ ਸਿੰਘ ਢਾਡੀ ਜਥੇ ਨੇ ਵੱਡੀ ਗਿਣਤੀ ‘ਚ ਜੁੜੀਆਂ ਸੰਗਤਾਂ ਨੂੰ ਗੁਰੂ ਇਤਿਹਾਸ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਗੁਰਦੁਆਰਾ ਸ੍ਰੀ ਦੁਖਨਿਵਾਰਨ ਸਹਿਬ ਦੇ ਹੈਡ ਗ੍ਰੰਥੀ ਗਿਆਨੀ ਭਾਈ ਪ੍ਰਣਾਮ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਨਿੱਜੀ ਸਹਾਇਕ ਭਗਵੰਤ ਸਿੰਘ ਧੰਗੇੜਾ, ਬਲਵਿੰਦਰ ਸਿੰਘ ਦੌਣ ਕਲਾਂ, ਗੁਰਦੀਪ ਸਿੰਘ ਸ਼ੇਖਪੁਰਾ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੇਵਕ ਜਥੇ ਦੇ ਸਹਿਯੋਗੀ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *