ਸੀਰੀਆ ‘ਚ ਰੂਸੀ ਹਵਾਈ ਹਮਲਿਆਂ ‘ਚ ਆਈਐਸ ਦੇ 180 ਲੜਾਕੇ ਮਾਰੇ
ਮਾਸਕੋ 7 ਅਕਤੂਬਰ (ਮਧੂਸਾਰ ਬਿਊਰੋ) ਸੀਰੀਆ ‘ਚ ਪਿਛਲੇ 24 ਘੰਟਿਆਂ ਦੌਰਾਨ ਰੂਸ ਵਲੋਂ ਕੀਤੇ ਲੜੀਵਾਰ ਹਮਲਿਆਂ ‘ਚ ਇਸਲਾਮਿਕ ਸਟੇਟ ਦੇ ਕਰੀਬ 120 ਲੜਾਕੇ ਤੇ 60 ਵਿਦੇਸ਼ੀ ਕਿਰਾਏ ਦੇ ਫੌਜੀ ਮਾਰੇ ਗਏ ਹਨ।
ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਕ ਰੂਸੀ ਹਵਾਈ ਹਮਲੇ ‘ਚ ਉਮਰ ਅਲ ਸ਼ਿਸ਼ਨੀ ਸਮੇਤ ਆਈ.ਐੱਸ. ਦੇ ਸੀਨੀਅਰ ਕਮਾਂਡਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਮਾਸਕੋ ਨੇ ਅਲ ਸ਼ਿਸ਼ਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਦਕਿ ਪੈਂਟਾਗਨ ਨੇ 2016 ‘ਚ ਕਿਹਾ ਸੀ ਕਿ ਕਥਿਤ ਲੜਾਕਾ ਇਰਾਕ ‘ਚ ਅਮਰੀਕੀ ਫੌਜ ਦੀ ਕਾਰਵਾਈ ‘ਚ ਮਾਰਿਆ ਗਿਆ ਹੈ। ਮੰਤਾਰਲੇ ਨੇ ਕਿਹਾ ਕਿ ਮਾਇਆਦੀਨ ਇਲਾਕੇ ‘ਚ ਅੱਤਵਾਦੀਆਂ ਦੀ ਇਕ ਚੌਕੀ ਤਬਾਹ ਹੋ ਗਈ ਤੇ ਆਈ.ਐੱਸ. ਦੇ ਘੱਟ ਤੋਂ ਘੱਟ 80 ਲੜਾਕੇ ਮਾਰੇ ਗਏ। ਮੰਤਰਾਲੇ ਨੇ ਕਿਹਾ ਕਿ ਆਈ.ਐੱਸ. ਦੇ 40 ਹੋਰ ਅੱਤਵਾਦੀ ਅਬੂ ਕਮਾਲ ਕਸਬੇ ਦੇ ਨੇੜੇ ਮਾਰੇ ਗਏ ਹਨ। ਮਾਇਆਦੀਨ ਸੀਰੀਆ ‘ਚ ਆਈ.ਐੱਸ. ਦੇ ਕਬਜ਼ੇ ਵਾਲੇ ਆਖਰੀ ਗੜ੍ਹਾਂ ‘ਚੋਂ ਇਕ ਹੈ।
ਦੀਰ ਏਜ਼ੋਰ ਤੋਂ ਦੱਖਣ ਯੂਫਰੇਤਸ ਘਾਟੀ ‘ਚ ਇਕ ਹੋਰ ਹਵਾਈ ਹਮਲੇ ‘ਚ ਟਿਊਨੀਸ਼ੀਆ ਤੇ ਮਿਸਰ ਦੇ 60 ਤੋਂ ਜ਼ਿਆਦਾ ਵਿਦੇਸ਼ੀ ਫੌਜੀ ਮਾਰੇ ਗਏ। ਮੰਤਰਾਲੇ ਨੇ ਕਿਹਾ ਕਿ ਵੱਡੀ ਗਿਣਤੀ ‘ਚ ਵਿਦੇਸ਼ੀ ਕਿਰਾਏ ਦੇ ਫੌਜੀ ਇਰਾਕ ਤੋਂ ਸੀਰੀਆ ਸਰਹੱਦ ‘ਚ ਸਥਿਤ ਅਬੂ ਕਮਾਲ ਨਗਰ ‘ਚ ਆ ਰਹੇ ਹਨ। ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰੂਸੀ ਬਲਾਂ ਨੇ ਆਈ.ਐੱਸ. ਦੇ ਵੱਡੇ ਕਮਾਂਡਰਾਂ ਉਮਰ ਅਲ ਸ਼ਿਸ਼ਨੀ, ਅਲਾ ਅਲ ਦੀਨ ਅਲ ਸ਼ਿਸ਼ਨੀ ਤੇ ਸਲਾਹ ਅਲ ਦੀਨ ਅਲ ਸ਼ਿਸ਼ਨੀ ਨੂੰ ਢੇਰ ਕਰ ਦਿੱਤਾ ਹੈ।

