ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਵਿਖੇ ਤਿੰਨ ਰੋਜ਼ਾ ਖੇਤੀ ਯੁਵਕ ਮੇਲੇ ਦੀ ਗਿੱਧੇ ਦੀ ਧਮਾਲ ਨਾਲ ਸ਼ੁਰੂਆਤ
ਪਟਿਆਲਾ 14 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ‘ਵਰਸਿਟੀ, ਪਟਿਆਲਾ ਵਲੋਂ ਕਰਵਾਇਆ ਜਾਂਦਾ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਅੱਜ ਗਿੱਧੇ ਦੀ ਧਮਾਲ ਨਾਲ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ, ਰਾਜਪੁਰਾ ਰੋਡ ਪਿੰਡ ਕੌਲੀ ਵਿਖੇ ਆਰੰਭ ਹੋ ਗਿਆ।
ਯੁਵਕ ਮੇਲੇ ਦਾ ਉਦਘਾਟਨ ਸ੍ਰੀ ਏ. ਐਸ. ਰਾਏ ਆਈ. ਜੀ. ਪੀ. ਪਟਿਆਲਾ, ਡਾ. ਮਨਜੀਤ ਸਿੰਘ ਨਿੱਜਰ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਵਲੋਂ ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਤੇ ਸਕੱਤਰ ਅਨੂਪਿੰਦਰ ਕੌਰ ਸੰਧੂ ਦੀ ਹਾਜ਼ਰੀ ‘ਚ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਉੱਘੀ ਗਾਇਕਾ ਸਤਵਿੰਦਰ ਕੌਰ ਬਿੱਟੀ, ਡਾ. ਸਤੀਸ਼ ਕੁਮਾਰ ਵਰਮਾ, ਸਾਬਕਾ ਡਾਇਰੈਕਟਰ, ਯੁਵਕ ਭਲਾਈ ਵਿਭਾਗ, ਡਾ. ਗੁਰਸੇਵਕ ਲੰਬੀ, ਮੁਖੀ ਯੁਵਕ ਭਲਾਈ ਵਿਭਾਗ ਨੇ ਸ਼ਿਰਕਤ ਕੀਤੀ। ਉਦਘਾਟਨੀ ਭਾਸ਼ਣ ਦੌਰਾਨ ਏ. ਐਸ. ਰਾਏ. ਨੇ ਕਿਹਾ ਕਿ ਯੁਵਕ ਮੇਲੇ ਸਾਡੇ ਅਮੀਰ ਵਿਰਸੇ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਲਈ ਇੱਕ ਕੜੀ ਦਾ ਕੰਮ ਕਰਦੇ ਹਨ। ਉਨ੍ਰਾਂ ਕਿਹਾ ਕਿ ਨੌਜਵਾਨਾਂ ਅੰਦਰ ਲੁਕੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਇਕ ਪਲੇਟਫਾਰਮ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਇਨ੍ਹਾਂ ਮੇਲਿਆਂ ਦੌਰਾਨ ਸਟੇਜ ਦੇ ਜਰੀਏ ਨੌਜਵਾਨ ਪੀੜ੍ਹੀ ਨੂੰ ਮੁਹੱਇਆ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਅੰਦਰਲੇ ਅਹਿਮ ਗੁਣ ਸਟੇਜ ਰਾਹੀਂ ਲੋਕਾਂ ਨਾਲ ਸਾਂਝ ਪਾਉਣ ਦਾ ਜ਼ਰਿਆ ਬਣ ਜਾਂਦੇ ਹਨ।
ਦੁਪਹਿਰ ਦੇ ਸ਼ੈਸ਼ਨ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਕੇ. ਐਸ. ਪੰਨੂ, ਚੇਅਰਮੈਨ ਪ੍ਰਦੂਸ਼ਣ ਨਿਯੰਤਰਣ ਬੋਰਡ, ਪੰਜਾਬ ਨੇ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਦੇ ਹਨ ਅਤੇ ਇਨ੍ਹਾਂ ਮੇਲਿਆਂ ਵਿਚਲੀਆਂ ਵੱਖ-ਵੱਖ ਪੇਸ਼ਕਾਰੀਆਂ ਜਿੱਥੇ ਸਮਾਜ ਨੂੰ ਚੰਗਾ ਸੁਨੇਹਾ ਦਿੰਦੀਆਂ ਹਨ, ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਪਿਛੋਕੜ ਨਾਲ ਜੋੜ ਕੇ ਵੀ ਰੱਖਦੀਆਂ ਹਨ। ਉਨ੍ਹਾਂ ਹੋਰ ਆਖਿਆ ਕਿ ਅੱਜ ਵੀ ਇਨ੍ਹਾਂ ਯੁਵਕ ਮੇਲਿਆਂ ‘ਚ ਸਾਨੂੰ ਆਪਣੇ ਅਮੀਰ ਵਿਰਸੇ ਦੀ ਝਲਕ ਪੈਂਦੀ ਹੈ।
ਅੱਜ ਇਸ ਮੇਲੇ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਦੀਆਂ ਬਾਖ਼ੂਬੀ ਪੇਸ਼ਕਾਰੀਆਂ ਦਿੱਤੀਆਂ। ਕਾਲਜਾਂ ਦੀਆਂ ਵਿਦਿਆਰਥਣਾਂ ਵਲੋਂ ਸਮਾਜਿਕ ਬੁਰਾਈਆਂ ‘ਤੇ ਚੋਟ ਕਰਦਿਆਂ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਬੋਲੀਆਂ ਨਾਲ ਸਟੇਜ਼ ਉੱਪਰ ਖੂਬ ਧਮਾਲਾਂ ਪਾਈਆਂ।
ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਸਕੱਤਰ ਮੈਡਮ ਅਨੂਪਿੰਦਰ ਕੌਰ ਸੰਧੂ ਆਏ ਹੋਏ ਸਾਰੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ। ਅੱਜ ਹੋਇਆਂ ਮੁਕਾਬਲਿਆਂ ਦੌਰਾਨ ਗਿੱਧੇ ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਮੁਲਤਾਨੀ ਮੱਲ ਮੋਦੀ ਕਾਲਜ ਨੇ ਦੂਜਾ ਤੇ ਖਾਲਸਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਵੋਕਲ ‘ਚ ਸਰਕਾਰੀ ਕਾਲਜ ਫਾਰ ਗਰਲਜ਼ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ ਅਤੇ ਸਰਕਾਰੀ ਮਹਿੰਦਰਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਕੁਇਜ਼ ਮੁਕਾਬਲਿਆਂ ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਯੂਨੀਵਰਸਿਟੀ ਕਾਲਜ ਘਨੌਰ ਨੇ ਦੂਜਾ ਅਤੇ ਏਸ਼ੀਅਨ ਕਾਲਜ ਆਫ ਐਜੂਕੇਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਕਲਾਸੀ ਡਾਂਸ ‘ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਨੇ ਦੂਜਾ ਅਤੇ ਖਾਲਸਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਸ਼ਬਦ ‘ਚ ਖਾਲਸਾ ਕਾਲਜ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਨੇ ਦੂਜਾ ਅਤੇ ਸਰਕਾਰੀ ਮਹਿੰਦਰਾ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਰਜਿਸਟਰਾਰ ਪਵਨ ਕੁਮਾਰ, ਤਾਲਮੇਲ ਅਫਸਰ ਪ੍ਰੋ. ਚਰਨਜੀਤ ਸਿੰਘ ਸੋਹੀ, ਪ੍ਰਿੰਸੀ. ਅਸ਼ੋਕ ਗੋਇਲ, ਪ੍ਰਿੰਸੀ. ਰੋਹਿਤ ਗਰਗ ਆਦਿ ਵੀ ਹਾਜ਼ਰ ਸਨ।

