ਦਿਵਾਲੀ ਮੌਕੇ ਲੋੜਵੰਦਾਂ ਨੂੰ ਸਹਾਇਤਾ ਕੇਂਦਰ ਦਾ ਤੋਹਫਾ
ਕੇਂਦਰ ਵਿਖੇ ਕੋਈ ਵੀ ਵਿਅਕਤੀ, ਬਜੁਰਗ ਜਾਂ ਬੱਚਾ ਖਾਣੇ, ਕੱਪੜੇ, ਕਿਤਾਬਾਂ, ਦਵਾਈਆਂ ਆਦਿ ਦੀ ਲੋੜ ਲਈ ਆ ਸਕਦਾ ਹੈ: ਪਰਨੀਤ ਕੌਰ
ਬ੍ਰਹਮ ਮਹਿੰਦਰਾ ਵੱਲੋਂ ਸਹਾਇਤਾ ਕੇਂਦਰ ਪ੍ਰੋਜੈਕਟ ਦੀ ਸ਼ਲਾਘਾ, ਰੈਡ ਕਰਾਸ ਨੂੰ ਕੇਂਦਰ ਲਈ ਦਿੱਤੇ 50 ਹਜ਼ਾਰ ਰੁਪਏ
ਪਟਿਆਲਾ, 18 ਅਕਤੂਬਰ (ਮਧੂਸਾਰ ਬਿਊਰੋ) ਇਸ ਵਾਰ ਗਰੀਬਾਂ ਅਤੇ ਲੋੜਵੰਦਾਂ ਦੀ ਦਿਵਾਲੀ ਵੀ ਆਮ ਲੋਕਾਂ ਵਾਂਗ ਹੋਣ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿਵਾਲੀ ਮੌਕੇ ਲੋੜਵੰਦਾਂ ਨੂੰ ਸਹਾਇਤਾ ਕੇਂਦਰ ਦਾ ਤੋਹਫਾ ਦਿੱਤਾ ਗਿਆ ਹੈ। ਇਹ ਸਹਾਇਤਾ ਕੇਂਦਰ ਪੰਜਾਬ ਦਾ ਅਜਿਹਾ ਪਹਿਲਾ ਕੇਂਦਰ ਹੈ ਜਿੱਥੇ ਲੋੜਵੰਦ ਲੋਕਾਂ ਅਤੇ ਬੱਚਿਆਂ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਸਮੱਗਰੀ ਦਿੱਤੀ ਜਾਵੇਗੀ।
ਸ਼ਹਿਰ ਦੇ ਲੋਕਾਂ ਨੂੰ ਵਨ ਸਟਾਪ ਸੈਂਟਰ ਦੇ ਰੂਪ ਵਿੱਚ ਸਹਾਇਤਾ ਕੇਂਦਰ ਸਮਰਪਿਤ ਕਰਨ ਆਏ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕੇਂਦਰ ਬਾਰੇ ਦੱਸਦਿਆਂ ਕਿਹਾ ਕਿ ਇਸ ਕੇਂਦਰ ਵਿਖੇ ਕੋਈ ਵੀ ਵਿਅਕਤੀ ਬਜੁਰਗ ਜਾਂ ਬੱਚਾ ਖਾਣੇ, ਕੱਪੜੇ, ਕਿਤਾਬਾਂ, ਦਵਾਈਆਂ ਆਦਿ ਦੀ ਲੋੜ ਲਈ ਆ ਸਕਦਾ ਹੈ। ਇਸ ਮੌਕੇ ਉਹਨਾਂ ਨਾਲ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਸਨ।
ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਰੈਡ ਕਰਾਸ ਦੀ ਸਹਾਇਤਾ ਨਾਲ ਗੁਰੂਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਤੋਂ ਜੇਲ੍ਹ ਵੱਲ ਜਾਣ ਵਾਲੀ ਰੋਡ ‘ਤੇ ਰਹਿਮਤ ਰਸੋਈ ਨੇੜੇ ਬਣੇ ਇਸ ਕੇਂਦਰ ਨੂੰ ਸ਼ਹਿਰ ਦੇ 49 ਪ੍ਰਾਈਵੇਟ ਸਕੂਲਾਂ ਦੀ ਮੱਦਦ ਨਾਲ ਚਲਾਇਆ ਜਾਵੇਗਾ। ਇਹਨਾਂ ਸਕੂਲਾਂ ਦੇ ਬੱਚੇ ਆਪਣੇ ਵੱਲੋਂ ਕੱਪੜੇ, ਖਿਲੌਣੇ, ਕਿਤਾਬਾਂ, ਕਾਪੀਆਂ, ਬੂਟ ਅਤੇ ਥੋੜੀ ਮਾਤਰਾਂ ਵਿੱਚ ਪੈਸੇ ਵੀ ਦਾਨ ਕਰਨਗੇ। ਉਹਨਾ ਦੱਸਿਆ ਕਿ ਸਕੂਲ ਜਾਣ ਵਾਲੇ ਬੱਚਿਆਂ ‘ਚ ਦਾਨ ਕਰਨ ਦੀ ਅਤੇ ਲੋਕਾਂ ਦੀ ਸਹਾਇਤਾ ਕਰਨ ਦੀ ਆਦਤ ਪਾਉਣ ਲਈ ਉਪਰਾਲਾ ਕਰਨਾ ਵੀ ਇਸ ਸਹਾਇਤਾ ਕੇਂਦਰ ਦਾ ਇੱਕ ਮੰਤਵ ਹੈ। ਇਸ ਨਾਲ ਲੋੜਵੰਦ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਜਾ ਸਕੇ ਅਤੇ ਉਹਨਾਂ ਨੂੰ ਪੜਾਈ ਵੱਲ ਲਾਇਆ ਜਾ ਸਕੇ।
ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇੱਕ ਐਨ.ਜੀ.ਓ. ਅਤੇ ਲੋੜਵੰਦਾਂ ਦੇ ਵਿੱਚ ਇੱਕ ਮਾਧਿਆਮ ਦਾ ਕੰਮ ਕਰੇਗਾ ਜਿਸ ਨਾਲ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਅਤੇ ਸਿਖਿਆ ਦਾ ਸਾਧਨ ਉਪਲੱਬਧ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਐਨ.ਜੀ.ਓ. ਜਾਂ ਹੋਰ ਨੌਜਵਾਨ ਸੰਗਠਨ ਹਰ ਰੋਜ ਕਿਸੇ ਵਿਸ਼ੇਸ਼ ਇਲਾਕੇ ਤੋਂ ਕੱਪੜੇ ਜੂਤੇ ਆਦਿ ਇੱਕਠੇ ਕਰਕੇ ਰੈਡ ਕਰਾਸ ਸਹਾਇਤਾ ਕੇਂਦਰ ਵਿੱਚ ਜਮ੍ਹਾ ਕਰਵਾ ਸਕਦੇ ਹਨ। ਜਿਹਨਾਂ ਨੂੰ ਬਾਅਦ ਵਿੱਚ ਵੰਡਿਆਂ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਏ.ਡੀ.ਸੀ. ਵਿਕਾਸ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸਹਾਇਤਾ ਕੇਂਦਰ ਦਾ ਪ੍ਰੋਜੈਕਟ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਰੈਡ ਕਰਾਸ ਨੂੰ ਸਹਾਇਤਾ ਕੇਂਦਰ ਲਈ ਆਪਣੇ ਅਖਤਿਆਰੀ ਫੰਡ ‘ਚੋਂ 50 ਹਜ਼ਾਰ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਉਹ ਇਸ ਪ੍ਰੋਜੈਕਟ ਤੋਂ ਕਾਫ਼ੀ ਪ੍ਰਭਾਵਿਤ ਹਨ ਕਿਉਂਕਿ ਇਸ ਪ੍ਰੋਜੈਕਟ ਨਾਲ ਇੱਕ ਪਾਸੇ ਗਰੀਬਾਂ ਦੀ ਮਦਦ ਕੀਤੀ ਜਾ ਰਹੀ ਹੈ, ਦੂਜੇ ਪਾਸੇ ਮੌਜੂਦਾ ਸਰੋਤਾਂ ਨਾਲ ਪੁਰਾਣੇ ਸਮਾਨ ਨੂੰ ਠੀਕ ਕਰਕੇ ਵੇਚਣ ਦਾ ਕੰਮ ਵੀ ਕੀਤਾ ਜਾਵੇਗਾ ਜਿਸ ਨਾਲ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਮੁੜ ਗਰੀਬ ਬੱਚਿਆਂ ‘ਤੇ ਖਰਚ ਕੀਤਾ ਜਾਵੇਗਾ।
ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਦੀ ਜਾਂ ਕਿਸੇ ਹੋਰ ਕਿਸੇ ਚੀਜ ਦੇ ਰੂਪ ਵਿੱਚ ਸਹਾਇਤਾ ਕੇਂਦਰ ‘ਚ ਆਉਣ ਵਾਲੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਨ ਇਸ ਨਾਲ ਖਾਸ ਤੌਰ ‘ਤੇ ਬੱਚਿਆਂ ਨੂੰ ਪੜਾਇਆ ਜਾ ਸਕੇ ਅਤੇ ਵਧੀਆ ਸਿਖਿਆ ਦਿੱਤੀ ਜਾ ਸਕੇ। ਉਹਨਾਂ ਦੱਸਿਆ ਕਿ ਦਿਵਾਲੀ ਵਾਲੇ ਦਿਨ ਉਹ ਵੀ ਆਪਣੇ ਘਰ ਦਾ ਉਹ ਸਮਾਨ ਜਿਸ ਦੀ ਹੁਣ ਲੋੜ ਨਹੀਂ ਰਹੀ ਇਸੇ ਕੇਂਦਰ ਵਿਖੇ ਲਿਆ ਕੇ ਦੇ ਰਹੇ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸ਼ੌਕਤ ਅਹਿਮਦ ਪਰੇ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ਼੍ਰੀ ਪ੍ਰਿਤਪਾਲ ਸਿੰਘ ਸਿੱਧੂ,ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ, ਸ਼੍ਰੀਮਤੀ ਸ਼ਾਇਨਾ ਕਪੂਰ, ਸ਼੍ਰੀ ਜਸਵਿੰਦਰ ਸਿੰਘ ਜੁਲਕਾਂ, ਸ਼੍ਰੀ ਵਿਜੇ ਕੁਮਾਰ ਕੂਕਾ ਅਤੇ ਹੋਰ ਕਈ ਆਗੂ ਵੀ ਹਾਜ਼ਰ ਸਨ।

