ਸ਼ਹੀਦੀ ਯਾਦਗਾਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸ਼ਰਧਾਂਜਲੀ ਸਮਾਗਮ
ਪਟਿਆਲਾ, (ਮਧੂਸਾਰ ਬਿਊਰੋ) ਪਟਿਆਲਾ ਦੇ ਆਈ.ਜੀ. ਸ਼੍ਰੀ ਏ.ਐਸ.ਰਾਏ. ਨੇ ਸਮਾਜ ‘ਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਇਆਂ ਦੀ ਲਈ ਜਿੰਮੇਵਾਰ ਤਾਕਤਾਂ ਨੂੰ ਬੇਨਕਾਬ ਕਰਨਾ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ ਸਮਾਜ ਵਿਰੋਧੀ ਇਹਨਾਂ ਤਾਕਤਾਂ ਨੂੰ ਪਹਿਚਾਣ ਕੇ ਸਜਾ ਨਾ ਦਿੱਤੀ ਗਈ ਤਾਂ ਇਹ ਸਮਾਜ ਨੂੰ ਖੋਖਲਾ ਕਰਕੇ ਰੱਖ ਦੇਣਗੀਆਂ।
ਸ਼੍ਰੀ ਰਾਏ ਨੇ ਇਹ ਪ੍ਰਗਟਾਵਾ ਸ਼ਹੀਦੀ ਯਾਦਗਾਰ ਦਿਵਸ ਦੇ ਸਬੰਧ ਵਿੱਚ ਪੁਲਿਸ ਲਾਇਨਜ਼ ਪਟਿਆਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮਾੜੇ ਦੌਰ ਦੌਰਾਨ ਸੁਰੱਖਿਆ ਦਸਤਿਆਂ ਨੂੰ ਇਹ ਪਤਾ ਸੀ ਕਿ ਉਹਨਾਂ ਦੀ ਲੜਾਈ ਕਿਸ ਨਾਲ ਹੈ ਪਰ ਹੁਣ ਉਸ ਮਾੜੇ ਸਮੇਂ ਨਾਲੋਂ ਵੀ ਵੱਡੇ ਦੁਸ਼ਮਣ ਸਾਡੀ ਨੌਜਵਾਨ ਪੀੜੀ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ ਦੇ ਸੌਦਾਗਰ ਹਨ । ਸ਼੍ਰੀ ਰਾਏ ਨੇ ਕਿਹਾ ਕਿ ਇਹਨਾਂ ਲੁਕਵੇਂ ਦੁਸ਼ਮਣਾਂ ਨੂੰ ਪਹਿਚਾਣ ਕੇ ਬੇਨਕਾਬ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸਾਡੇ ਸੁਰੱਖਿਆ ਜਵਾਨਾਂ ਨੇ ਸਮੇਂ-ਸਮੇਂ ‘ਤੇ ਸ਼ਹਾਦਤਾਂ ਦਿੱਤੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਤੋਂ ਪ੍ਰੇਰਨਾ ਲੈ ਕੇ ਆਪਣੇ ਮਨਾਂ ਅੰਦਰ ਦੇਸ਼ ਭਗਤੀ ਦੇ ਜਜਬੇ ਨੂੰ ਪਰਪੱਕ ਕਰਨਾ ਚਾਹੀਦਾ ਹੈ। ਸ਼੍ਰੀ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰਨ ਦੇ ਐਲਾਨ ਦੇ ਨਾਲ- ਨਾਲ ਅੱਤਵਾਦ ਦੌਰਾਨ ਮਾਰੇ ਗਏ ਪੁਲਿਸ ਮੁਲਾਜਮਾਂ ਦੇ ਪਰਿਵਾਰਾਂ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਪ੍ਰਗਟਾਈ ਹੈ।
ਦੇਸ਼ ਦੀ ਬਾਹਰੀ ਤੇ ਅੰਦਰੂਨੀ ਸੁਰੱਖਿਆ ਪ੍ਰਤੀ ਫਰਜ ਨਿਭਾਉਂਦੇ ਹੋਏ ਸ਼ਹੀਦੀਆਂ ਦੇਣ ਵਾਲੇ ਵੱਖ-ਵੱਖ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ: ਰਾਏ ਨੇ ਕਿਹਾ ਕਿ ਕਰੀਬ 58 ਸਾਲ ਪਹਿਲਾਂ 21 ਅਕਤੂਬਰ 1959 ਨੂੰ ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਲੱਦਾਖ ਦੇ ਖੇਤਰ ਹਾਟ ਸਪਰਿੰਗ ਵਿਖੇ ਐਸ.ਆਈ. ਕਰਮ ਸਿੰਘ ਦੀ ਅਗਵਾਈ ਵਿੱਚ ਸਰੱਹਦਾਂ ਦੀ ਰਾਖੀ ਕਰ ਰਹੀ ਸੀ.ਆਰ.ਪੀ. ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ ‘ਤੇ ਚੀਨੀ ਫੌਜਾਂ ਵੱਲੋਂ ਕੀਤੇ ਅਚਾਨਕ ਹਮਲੇ ਕਾਰਨ ਸਾਡੇ ਦੇਸ਼ ਦੇ 10 ਜਵਾਨ ਸ਼ਹੀਦ ਹੋ ਗਏ ਸਨ, ਉਸ ਦਿਨ ਤੋਂ ਪੂਰੇ ਦੇਸ਼ ਭਰ ਵਿੱਚ 21 ਅਕਤੂਬਰ ਦਾ ਦਿਨ ਸ਼ਹੀਦੀ ਯਾਦਗਾਰ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਸੇਵਾ ਦੇ ਫਰਜ਼ ਨੂੰ ਨਿਭਾਉਂਦਿਆਂ ਸ਼ਹਾਦਤਾਂ ਦੇਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ‘ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਗੌਰਵ ਹੋਣਾ ਚਾਹੀਦਾ ਹੈ। ਉਹਨਾਂ ਸ਼ਰਧਾਂਜਲੀ ਸਮਾਰੋਹ ‘ਚ ਸ਼ਾਮਲ ਹੋਈਆਂ ਸਖਸ਼ੀਅਤਾਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸਦੀਵੀਂ ਬਣਾਉਣ ਦੇ ਨਾਲ-ਨਾਲ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫ਼ੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਹਰ ਦੁੱਖ ਸੁੱਖ ਦੀ ਘੜੀ ਵਿੱਚ ਸਾਥ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸ਼੍ਰੀ ਰਾਏ ਨੇ ਪਰੇਡ ਦੀ ਟੁਕੜੀ ਤੋਂ ਸਲਾਮੀ ਲਈ ਅਤੇ ਇਸੇ ਟੁਕੜੀ ਵੱਲੋਂ ਹਥਿਆਰ ਪੁੱਠੇ ਕਰਕੇ ਅਤੇ ਸਾਰਿਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਐਸ.ਪੀ. (ਹੈਡਕੁਆਟਰ) ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਨੇ ਇੱਕ ਸਤੰਬਰ 2016 ਤੋਂ 31 ਅਗਸਤ 2017 ਤੱਕ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸ਼ਹੀਦ ਹੋਣ ਵਾਲੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਮ ਪੜ੍ਹ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਉਪਰੰਤ ਆਈ.ਜੀ. ਸ਼੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ. ਭੂਪਤੀ, ਚੀਫ ਜੁਡੀਸ਼ੀਅਲ ਮੈਜਿਸਟਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਸਕੱਤਰ ਸ਼੍ਰੀ ਅਸ਼ੀਸ਼ ਬਾਂਸਲ ਨੇ ਜ਼ਿਲ੍ਹੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਆਈ.ਜੀ. ਸ਼੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ. ਭੂਪਤੀ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀ ਅਸ਼ੀਸ਼ ਬਾਂਸਲ, ਪੁਲਿਸ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਸ਼ਹੀਦੀ ਯਾਦਗਾਰ ਅਤੇ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਪੁਸ਼ਵ ਮਾਲਾਵਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ਼੍ਰੀ ਰਾਏ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਕੀਤੇ ਐਲਾਨਾਂ ਕਾਰਨ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
ਇਸ ਸਮਾਗਮ ਮੌਕੇ ਐਸ.ਡੀ.ਐਮ. ਅਮਲੋਹ ਸ਼੍ਰੀ ਜਸਪ੍ਰੀਤ ਸਿੰਘ (ਆਈ.ਏ.ਐਸ.), ਐਸ.ਪੀ.ਹੈਡ ਕੁਆਟਰ ਸ਼੍ਰੀਮਤੀ ਕੰਵਰਦੀਪ ਕੌਰ (ਆਈ.ਪੀ.ਐਸ.), ਐਸ.ਪੀ.ਟਰੈਫਿਕ ਸ਼੍ਰੀ ਅਮਰਜੀਤ ਸਿੰਘ ਘੁੰਮਣ, ਐਸ.ਪੀ.ਸਿਟੀ ਸ. ਕੇਸਰ ਸਿੰਘ, ਸਾਬਕਾ ਐਸ.ਪੀ. ਆਰ.ਐਲ. ਮੌਗਾ, ਸਾਬਕਾ ਐਸ.ਪੀ. ਸ਼੍ਰੀ ਗੁਰਿੰਦਰਜੀਤ ਸਿੰਘ ਬੰਗੜ, ਪੁਲਿਸ ਵੈਲਫੇਅਰ ਐਸ਼ੋਸ਼ਈਏਸ਼ਨ ਦੇ ਪ੍ਰਧਾਨ ਸਾਬਕਾ ਇੰਸਪੈਕਟਰ ਸ਼੍ਰੀ ਸ਼ਮਸ਼ੇਰ ਸਿੰਘ ਗੁਡੂ, ਜ਼ਿਲ੍ਹੇ ਦੇ ਸਮੂਹ ਡੀ.ਐਸ.ਪੀ, ਐਸ.ਐਚ.ਓ. ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਹਾਜਰ ਸਨ।

