ਪੰਜਾਬ

ਦਮਦਮੀ ਟਕਸਾਲ ਦੇ ਸ਼ਾਨਾਮੱਤੇ ਨਾਮ ਦੀ ਕਿਸੇ ਨੂੰ ਦੁਰਵਰਤੋਂ ਨਹੀਂ ਕਰਨ ਦਿਆਂਗੇ: ਮੁੱਖ ਬੁਲਾਰਾ ਦਮਦਮੀ ਟਕਸਾਲ

ਅੰਮ੍ਰਿਤਸਰ 24 ਅਕਤੂਬਰ (ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਵਾਲਿਆਂ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਗੁਰਬਾਣੀ ਦਾ ਅਰਥ ਸਟੀਕ ਤਿਆਰ ਕੀਤਾ ਹੈ ਜਿਸ ਦਾ ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਦਮਦਮੀ ਟਕਸਾਲ ਦੇ ਸੰਪ੍ਰਦਾਈ ਅਰਥਾਂ ਦਾ ਸਟੀਕ ਹੈ।

ਅਖਬਾਰਾਂ ਵਿੱਚ ਛੱਪੇ ਇਸ ਬਿਆਨ ਨੂੰ ਪੜ੍ਹਣ ਉਪਰੰਤ ਦਮਦਮੀ ਟਕਸਾਲ ਵੱਲੋਂ ਸੰਗਤਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਇਹ ਸਟੀਕ ਦਮਦਮੀ ਟਕਸਾਲ ਵੱਲੋਂ ਤਿਆਰ ਕੀਤਾ ਹੋਇਆ ਨਹੀਂ ਅਤੇ ਨਾਲ ਹੀ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੂੰ ਕਿਹਾ ਗਿਆ ਕਿ ਉਹ ਟਕਸਾਲ ਦਾ ਨਾਮ ਵਰਤਣ ਤੋਂ ਗੁਰੇਜ ਕਰਨ। ਸਧਾਰਨ ਸੋਝੀ ਰੱਖਣ ਵਾਲਾ ਮਨੁੱਖ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਜੇਕਰ ਰੰਧਾਵੇ ਵਾਲਿਆਂ ਦੇ ਦਾਅਵੇ ਮੁਤਾਬਿਕ ਇਹ ਸਟੀਕ ਜਾਰੀ ਹੋ ਜਾਂਦਾ ਤਾਂ ਭਵਿੱਖ ਵਿੱਚ ਹਮੇਸ਼ਾ ਹੀ ਦਮਦਮੀ ਟਕਸਾਲ ਨੂੰ ਇਸ ਸਟੀਕ ਵਿੱਚ ਰਹੀਆਂ ਉਣਤਾਈਆਂ ਲਈ ਸੰਗਤਾਂ ਨੂੰ ਜਵਾਬਦੇਹ ਹੋਣਾ ਪੈਣਾ ਸੀ। ਇਸ ਲਈ ਸੰਗਤ ਨੂੰ ਸਮੇਂ ਸਿਰ ਸੁਚੇਤ ਕਰਨਾ ਜਰੂਰੀ ਸੀ। ਬਾਕੀ ਜੋ ਬਿਆਨ ਸੰਤ ਹਰੀ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਰੀ ਕੀਤਾ ਹੈ ਉਹ ਅੱਤ ਘਟੀਆ ਸੋਚ ਦਾ ਪ੍ਰਤੀਕ ਹੈ ਕਿਉਂਕਿ ਇਕ ਪਾਸੇ ਤਾਂ ਆਨੇ ਬਹਾਨੇ ਦਮਦਮੀ ਟਕਸਾਲ ਦਾ ਨਾਮ ਸਟੀਕ ਨਾਲ ਜੋੜਣ ਦਾ ਯਤਨ ਕਰਦੇ ਹਨ ਅਤੇ ਦੂਜੇ ਪਾਸੇ ਇਸੇ ਟਕਸਾਲ ਨੂੰ ਡੇਰੇਦਾਰ ਦੱਸਦੇ ਹਨ। ਜਦੋਂ ਕਿ ਦੁਨੀਆਂ ਵਿੱਚ ਵੱਸਦੇ ਸਿੱਖ ਜਾਣਦੇ ਹਨ ਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਜੱਥੇਬੰਦੀ ਹੈ। ਇਸ ਦੇ ਮੁਖੀਆਂ ਨੇ ਸਮੇਂ-ਸਮੇਂ ਪੰਥ ਲਈ ਸ਼ਹਾਦਤਾਂ ਦਿੱਤੀਆਂ ਹਨ। ਬਾਕੀ ਉਹ ਆਪਣੇ ਮੂੰਹੋ ਆਪ ਹੀ ਆਪਣੀ ਤਾਰੀਫ ਕਰਦਿਆਂ ਕਹਿੰਦੇ ਹਨ ਕਿ ਸੰਤ ਹਰੀ ਸਿੰਘ ਦੀ 10 ਸਾਲਾਂ ਦੀ ਕਰੜੀ ਮਿਹਨਤ ਹੈ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਦਮਦਮੀ ਟਕਸਾਲ ਦਾ ਨਾਮ ਵਰਤਣ ਦੀ ਕੀ ਜਰੂਰਤ ਹੈ? ਅਸਲ ਵਿੱਚ ਉਨ੍ਹਾਂ ਨੂੰ ਆਪਣੇ ਹੀ ਅੰਦਰ ਦਾ ਡਰ ਸਤਾਅ ਰਿਹਾ ਹੈ ਕਿ ਉਨ੍ਹਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਟੇਪ ਰਿਕਾਰਡ ਕੀਤੀ ਕਥਾ ਵਿਆਖਿਆ ਨੂੰ ਕਿਸੇ ਕੋਲੋਂ ਲਿਖਵਾ ਕੇ ਅਤੇ ਉਸ ਨੂੰ ਪ੍ਰਿੰਟ ਕਰਵਾ ਕੇ ਪੰਥ ਦੇ ਵੱਡੇ ਵਿਦਵਾਨ ਹੋਣ ਦਾ ਮਾਅਰਕਾ ਮਾਰਨ ਦਾ ਯਤਨ ਕੀਤਾ ਸੀ ਅਤੇ ਦੂਜੇ ਪਾਸੇ ਉਹ ਇਹ ਵੀ ਭਲੀ ਭਾਂਤ ਜਾਣਦੇ ਹਨ ਕਿ ਅਜਿਹਾ ਕਰਨਾ ਸਿਧਾਂਤਕ ਅਤੇ ਕਾਨੂੰਨੀ ਜੁਰਮ ਹੈ। ਇਸ ਲਈ ਉਹ ਚੋਰ ਅਤੇ ਚਤੁਰਾਈ ਦੇ ਸਿਧਾਂਤ ਨੂੰ ਵਰਤ ਕੇ ਤੀਸ ਮਾਰ ਖਾਂ ਬਣਨਾ ਚਾਹੁੰਦੇ ਸਨ। ਇਸ ਦਾ ਕਾਨੂੰਨੀ ਤੌਰ ‘ਤੇ ਵੀ ਹਿਸਾਬ ਲਿਆ ਜਾਵੇਗਾ। ਬਾਕੀ ਭਾਈ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸੰਗਤਾਂ ਨੂੰ ਦੱਸ ਦੇਣ ਕਿ ਉਹ ਕਿਹੜੇ ਸੰਨ ਵਿੱਚ ਅਤੇ ਕਿੰਨੇ ਸਾਲ ਦਮਦਮੀ ਟਕਸਾਲ ਵਿੱਚੋਂ ਵਿੱਦਿਆ ਪ੍ਰਾਪਤ ਕਰਦੇ ਰਹੇ?
ਅਖੀਰ ਵਿੱਚ ਦਮਦਮੀ ਟਕਸਾਲ ਵੱਲੋਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਮਦਮੀ ਟਕਸਾਲ ਨੇ ਨਾ ਕਿਸੇ ਵਿਦਵਾਨ ਦਾ ਲਿਖਿਆ ਹੋਇਆ ਜਾਂ ਰਿਕਾਰਡ ਕੀਤਾ ਹੋਇਆ ਸਾਹਿਤ ਚੋਰੀ ਕੀਤਾ ਹੈ ਅਤੇ ਨਾ ਹੀ ਦਮਦਮੀ ਟਕਸਾਲ ਅਜਿਹਾ ਕਰਨ ਦਾ ਕਿਸੇ ਨੂੰ ਅਧਿਕਾਰ ਦੇਵੇਗੀ। ਦਮਦਮੀ ਟਕਸਾਲ ਨਾ ਹੀ ਕਿਸੇ ਪ੍ਰਚਾਰਕ ਜਾਂ ਵਿਦਵਾਨ ਨੂੰ ਧਮਕਾਉਂਦੀ ਜਾਂ ਡਰਾਉਂਦੀ ਹੈ ਅਤੇ ਨਾ ਹੀ ਕਿਸੇ ਦਾ ਡਰ ਮੰਨਦੀ ਹੈ। ਸਗੋ ਗੁਰੂ ਕਲਗੀਧਰ ਪਾਤਿਸ਼ਾਹ ਵੱਲੋਂ ਚਲਾਏ ਸਿਧਾਂਤਾਂ ਦੀ ਭੈਅ ਭਾਵਨੀ ਵਿੱਚ ਰਹਿਣ ਵਾਲੀ ਜੱਥੇਬੰਦੀ ਹੈ।

Leave a Reply

Your email address will not be published. Required fields are marked *