ਕੈਪਟਨ ਸਰਕਾਰ ਵਲੋਂ 53000 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਨੂੰ ਬੇਰੁਜ਼ਗਾਰ ਕਰਨ ਦੀ ਤਿਆਰੀ !
ਪਟਿਆਲਾ 27 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ 53000 ਹਜਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਬੇਰੁਜਗਾਰ ਕਰਨ ਦਾ ਅਮਲ, ਆਂਗਣਵਾੜੀ ਸੈਂਟਰਾਂ ਦੇ 3 ਤੋਂ 6 ਸਾਲ ਤੱਕ ਦੇ ਬੱਚਿਆ ਦੀਆਂ ਪ੍ਰੀ ਨਰਸਰੀ ਕਲਾਸਾਂ ਦੇ ਦਾਖਲੇ ਸਰਕਾਰੀ ਸਕੂਲਾਂ ਵਿੱਚ 14 ਨਵੰਬਰ ਤੋਂ ਸ਼ੁਰੂ ਕਰਕੇ ਕੀਤਾ ਜਾ ਰਿਹਾ ਹੈ, ਇਹ ਕਦਮ ਪੰਜਾਬ ਸਰਕਾਰ ਵੱਲੋਂ ਅੱਤ ਦਾ ਮਜ਼ਦੂਰ ਵਿਰੋਧੀ ਅਤੇ ਸਰਕਾਰ ਦੀ ਆਪਣੀ ਕਹਿਣੀ ਤੇ ਕਰਨੀ ਦੇ ਵੀ ਵਿਰੁੱਧ ਹੈ। ਜਿਹੜੀ ਸਰਕਾਰ ਸਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕਰਕੇ ਆਈ ਸੀ ਕਿ ਹਰ ਘਰ ਪੱਕੀ ਨੌਕਰੀ ਦਿੱਤੀ ਜਾਵੇਗੀ ਪਰ ਅੱਜ ਉਹੀ ਸਰਕਾਰ ਰੁਜਗਾਰ ਦੇਣ ਦੀ ਬਜਾਏ ਰੁਜਗਾਰ ਖੋਹਣ ਦੀ ਨੀਤੀ ਤੇ ਚਲ ਪਈ ਹੈ।
ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਦਹਾਕਿਆਂ ਤੋਂ ਮਾਮੂਲੀ ਉਜਰਤਾਂ ਬਦਲੇ ਦਰਜਨਾਂ ਕਿਸਮ ਦੇ ਸਰਵੇਅ ਅਤੇ ਛੋਟੇ ਬੱਚਿਆ ਨੂੰ ਪੜਾਉਣ ਸਮੇਤ ਸਾਂਭ ਸੰਭਾਲ ਦਾ ਕੰਮ ਕਰਦੀਆਂ ਆ ਰਹੀਆਂ ਇਨ੍ਹਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਦਾ ਅਮਲ ਸ਼ੁਰੂ ਕੀਤਾ ਜਾਂਦਾ ਪਰ ਇਸਦੇ ਉਲਟ ਮਾਰੂ ਫੈਸਲਾ ਲੈਕੇ ਸਰਕਾਰ ਆਂਗਣਵਾੜੀ ਸੈਂਟਰਾਂ ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ।
ਪੰਜਾਬ ਏਟਕ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਬਰਾੜ ਅਤੇ ਧਾਲੀਵਾਲ ਨੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਕਿਹਾ ਹੈ ਕਿ ਬਕਾਇਦਗੀ ਨਾਲ ਵਧੀਆ ਢੰਗ ਨਾਲ ਚਲ ਰਹੇ ਆਂਗਣਵਾੜੀ ਸੈਂਟਰਾਂ ਨੂੰ ਖਤਮ ਕਰਕੇ ਵਰਕਰਾਂ ਦਾ ਰੋਜਗਾਰ ਖੋਹਣ ਵਰਗੇ ਫੈਸਲੇ ਨੂੰ ਰੱਦ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਜਿਥੇ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਚਲ ਰਹੀ ਹੈ ਉਨ੍ਹਾਂ ਉਪਰ ਹੋਰ ਵਾਧੂ ਬੋਝ ਨਾ ਪਾਇਆ ਜਾਵੇ।
ਆਗੂਆਂ ਵਲੋਂ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਜਮਹੂਰੀ ਤਰੀਕੇ ਨਾਲ ਮਜਦੂਰ ਵਰਗ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਰੋਸ ਪ੍ਰਦਰਸ਼ਨ, ਮੁਜਾਹਰੇ ਧਰਨੇ ਆਦਿ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਕੁਚਲਣ ਲਈ ਪੁਲੀਸ ਸ਼ਕਤੀ ਦੀ ਵਰਤੋਂ ਕੀਤੀ ਜਾ ਰਹੀ ਹੈ, ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨ ਇਸ ਤੋਂ ਵੀ ਘਿਨਾਉਣਾ ਕੰਮ ਜੋ ਸਰਕਾਰ ਨੇ ਹੁਣ ਸ਼ੁਰੂ ਕੀਤਾ ਹੈ ਉਹ ਹੈ ਮਜਦੂਰ ਸੰਗਠਨਾਂ ਦੇ ਆਗੂਆਂ ਅਤੇ ਕਾਰਕੁੰਨਾਂ ਵਿਰੁੱਧ ਮੁਕਦਮੇ ਬਣਾਕੇ ਜਿਲਾ ਵਿੱਚ ਬੰਦ ਕੀਤਾ ਜਾ ਰਿਹਾ ਹੁਣੇ ਹੁਣੇ ਆਗਣਵਾੜੀ ਵਰਕਰਾਂ ਵਲੋ ਪੰਜਾਬ ਦੇ ਸਾਰੇ ਜਿਲਿਆ ਵਿੱਚ ਜੋ ਪ੍ਰਦਰਸ਼ਨ ਕੀਤੇ ਜਾ ਰਹੇ ਉਨ੍ਹਾਂ ਦੀ ਅਗਵਾਈ ਕਰਦੀਆਂ ਆਗੂ ਔਰਤਾਂ ਵਿਰੁੱਧ ਮੁਕਦਮੇ ਬਣਾਕੇ ਜੇਲਾਂ ਵਿੱਚ ਬੰਦ ਕਰਨਾ ਇਕ ਸਿਰੇ ਦੀ ਤਾਨਾਸ਼ਾਹੀ ਵਾਲੀ ਕਾਰਵਾਈ ਹੈ।
ਧਾਲੀਵਾਲ ਅਤੇ ਬਰਾੜ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੋਰ ਦੇ ਕੇ ਕਿਹਾ ਕਿ 21 ਅਕਤੂਬਰ ਨੂੰ ਅਬੋਹਰ ਵਿਖੇ ਆਂਗਣਵਾੜੀ ਵਰਕਰਾਂ ਦੀ ਏਟਕ ਨਾਲ ਸਬੰਧਤ ਜਥੇਬੰਦੀ ਵੱਲੋਂ ਸ੍ਰੀਮਤੀ ਸਰੋਜ ਰਾਣੀ ਦੀ ਅਗਵਾਈ ਵਿੱਚ ਜੋ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਸੀ ਉਸ ਸਮੇਂ ਪ੍ਰਸ਼ਾਸਨ ਨੇ ਮੰਗ ਪੱਤਰ ਹਾਸਲ ਕਰਕੇ ਕਿਹਾ ਸੀ ਕਿ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਵਾਕੇ ਗਲਬਾਤ ਕੀਤੀ ਜਾਵੇਗੀ ਸੋ ਇਸ ਗਲਬਾਤ ਲਈ ਮੀਟਿੰਗ ਦਾ ਸਮਾਂ ਅਤੇ ਸਥਾਨ ਤਹਿ ਕਰਕੇ ਆਂਗਣਵਾੜੀ ਵਰਕਰਾਂ ਦੇ ਮਸਲੇ ਹੱਲ ਕੀਤੇ ਜਾਣ।

