ਵਿਜੀਲੈਂਸ ਵਲੋਂ ਪਾਵਰ ਕਾਰਪੋਰੇਸ਼ਨ ਦਾ ਐਸ.ਡੀ.ਓ 50 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ
ਚੰਡੀਗੜ•, 27 ਅਕਤੂਬਰ (ਮਧੂਸਾਰ ਬਿਊਰੋ) ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਰਾਹੋਂ ਜਿਲਾ ਐਸ.ਬੀ.ਐਸ ਨਗਰ ਵਿਖੇ ਤਾਇਨਾਤ ਐਸ.ਡੀ.ਓ ਰਾਮ ਲਾਲ ਕਲੇਰ ਨੂੰ 50 ਹਜਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਐਸ.ਡੀ.ਓ ਰਾਮ ਲਾਲ ਕਲੇਰ ਨੂੰ ਹਰਜਿੰਦਰ ਸਿੰਘ, ਵਾਸੀ ਭਾਰਟਾ, ਥਾਣਾ ਰਾਹੋਂ, ਜਿਲਾ ਐਸ.ਬੀ.ਐਸ ਨਗਰ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ 50 ਹਜਾਰ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸਦੀ ਪਤਨੀ ਰਜਿੰਦਰ ਕੌਰ ਵਲੋਂ ਆਪਣੀ ਮਾਲਕੀ ਵਾਲੀ ਜਮੀਨ ਵਿਚ ਨਵਾਂ ਟਿਊਬਵੈਲ ਕੁਨੈਕਸ਼ਨ ਲੈਣ ਲਈ ਇਕ ਦਰਖਾਸਤ ਪੀ.ਐਸ.ਪੀ.ਸੀ.ਐਲ ਰਾਹੋਂ ਦੇ ਦਫਤਰ ਵਿਖੇ ਦਿੱਤੀ ਗਈ ਜਿਸ ‘ਤੇ ਕਾਰਵਾਈ ਕਰਨ ਲਈ ਐਸ.ਡੀ.ਓ ਵਲੋਂ ਹਸਤਾਖਰ ਹੋਣ ਉਪਰੰਤ ਉਚ ਅਧਿਕਾਰੀਆਂ ਨੂੰ ਮੰਜੂਰੀ ਲਈ ਭੇਜਣੀ ਸੀ। ਦਰਖਾਸਤ ‘ਤੇ ਹਸਤਾਖਰ ਕਰਨ ਅਤੇ ਉਚ ਅਧਿਕਾਰੀਆਂ ਨੂੰ ਮੰਜੂਰੀ ਲਈ ਭੇਜਣ ਬਦਲੇ ਉਕਤ ਐਸ.ਡੀ.ਓ ਵਲੋਂ 50 ਹਜਾਰ ਰੁਪਏ ਦੀ ਮੰਗ ਕੀਤੀ ਗਈ।
ਵਿਜੀਲੈਂਸ ਵਲੋਂ ਦੋਸ਼ਾਂ ਦੀ ਪੜਤਾਲ ਉਪਰੰਤ ਐਸ.ਡੀ.ਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 50 ਹਜਾਰ ਰੁਪਏ ਕਾਬੂ ਕਰ ਲਿਆ ਗਿਆ।
ਬੁਲਾਰੇ ਨੇ ਦੱਸਿਆ ਕਿ ਉਕਤ ਐਸ.ਡੀ.ਓ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੇ ਦੇ ਥਾਣਾ ਜਲੰਧਰ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

