ਨਾਭਾ ਦੇ ਆੜ੍ਹਤੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲਾ ਗ੍ਰਿਫਤਾਰ
ਮੋਟਰਸਾਈਕਲ ਅਤੇ ਗ੍ਰਿਫ਼ਤਾਰ ਸੁਖਵਿੰਦਰ ਸਿੰਘ ਦਾ ਵਾਰਦਾਤ ‘ਚ ਵਰਤਿਆ ਗਿਆ ਲਾਇਸੈਂਸੀ ਰਿਵਾਲਵਰ ਦੇ ਪੰਜ ਰੋਂਦ ਬਰਾਮਦ
ਕਾਤਲ ਦਾ ਮ੍ਰਿਤਕ ਦੇ ਭਾਈ ਸੋਨੂੰ ਨਾਲ 38 ਲੱਖ ਰੁਪਏ ਦਾ ਲੈਣ ਦੇਣ ਸੀ, ਪਰ ਭੁਲੇਖੇ ‘ਚ ਕਿਰਾਏ ਦੇ ਕਾਤਲ ਨੇ ਮੋਨਿਕ ਨੂੰ ਗੋਲੀ ਮਾਰੀ
ਪਟਿਆਲਾ (ਮਧੂਸਾਰ ਬਿਊਰੋ) ਪੰਜ ਦਿਨ ਪਹਿਲਾਂ ਨਾਭਾ ਵਿਖੇ ਆੜ੍ਹਤੀ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦੇ ਕੇਸ ਨੂੰ ਪਟਿਆਲਾ ਪੁਲਸ ਨੇ ਹੱਲ ਕਰਨ ਦਾ ਦਾਅਵਾ ਕਰਦੇ ਹੋਏ ਇਸ ਮਾਮਲੇ ਵਿਚ ਸੁਖਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਘਨੁੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ 32 ਬੋਰ ਰਿਵਾਲਵਰ ਤੇ 5 ਰੋਂਦ ਬਰਾਮਦ ਕੀਤੇ ਗਏ ਹਨ ਜਦੋਂ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਿੱਟੂ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਘਨੁੜਕੀ ਅਜੇ ਵੀ ਫਰਾਰ ਹੈ।
ਇਸ ਸੰਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਨਾਭਾ ਦੇ ਆੜ੍ਹਤੀ ਮੋਨਿਕ ਜਿੰਦਲ ਦੀ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਾਤਲ ਦੀ ਭਾਲ ਲਈ ਐਸ. ਐਸ. ਪੀ. ਪਟਿਆਲਾ ਵਲੋਂ ਐਸ. ਪੀ. ਡੀ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. (ਡੀ) ਸੁਖਵਿੰਦਰ ਸਿੰਘ ਚੌਹਾਨ ਅਤੇ ਨਾਭਾ ਪੁਲਸ ਦੀ ਟੀਮ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਪੰਜ ਦਿਨ ਦੀ ਡੂੰਘੀ ਤਫਤੀਸ਼ ਤੋਂ ਬਾਅਦ ਸੁਖਵਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਜੋ ਕਿ ਮੋਨਿਕ ਜਿੰਦਲ ਹੋਰਾਂ ਦਾ ਜਿਮੀਂਦਾਰ ਯਾਨੀ ਕਿ ਗਾਹਕ ਸੀ ਅਤੇ ਉਨ੍ਹਾਂ ਕੋਲ ਫਸਲ ਸੁੱਟਦਾ ਸੀ ਨੂੰ ਗ੍ਰਿਫ਼ਤਾਰ ਕੀਤਾ। ਸੁਖਵਿੰਦਰ ਨੂੰ ਨਾਭਾ ਦੇ ਕੋਲ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਵਿਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਮੋਨਿਕ ਜਿੰਦਲ ਤੇ ਉਸ ਦੇ ਸੋਨੂੰ ਜਿੰਦਲ ਨਾਲ 38 ਲੱਖ ਰੁਪਏ ਦਾ ਲੈਣ ਦੇਣ ਚੱਲਦਾ ਸੀ, ਜਿਸ ਨੂੰ ਲੈ ਕੇ ਕਈ ਵਾਰ ਤਕਰਾਰ ਵੀ ਹੋਈ ਅਤੇ ਸੁਖਵਿੰਦਰ ਸਿੰਘ ਅਸਲ ਵਿਚ ਸੋਨੂੰ ਜਿੰਦਲ ਨੂੰ ਕਤਲ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਸ ਨੇ ਆਪਣੇ ਹੀ ਪਿੰਡ ਦੇ ਬਿੱਟੂ ਸਿੰਘ ਨੂੰ ਸੋਨੂੰ ਦਾ ਕਤਲ ਕਰਨ ਲਈ 3 ਲੱਖ ਰੁਪਏ ਦੇਣੇ ਕਰ ਲਏ। ਸੋਨੂੰ ਦੀ ਪਛਾਣ ਕਰਵਾਉਣ ਲਈ ਇਕ ਦਿਨ ਪਹਿਲਾਂ 25 ਅਕਤੂਬਰ ਨੂੰ ਸੁਖਵਿੰਦਰ ਬਿੱਟੂ ਨੂੰ ਸਾਹਮਣੇ ਦਰਖਤ ਹੇਠਾਂ ਬਿਠਾ ਕੇ ਸੋਨੂੰ ਦੀ ਪਛਾਣ ਕਰਵਾਉਣ ਲਈ ਲੈ ਆਇਆ ਪਰ ਉਸ ਦਿਨ ਦੁਕਾਨ ‘ਤੇ ਸੋਨੂੰ ਤੇ ਮ੍ਰਿਤਕ ਮੋਨਿਕ ਜਿੰਦਲ ਤੇ ਉਨ੍ਹਾਂ ਦਾ ਪਿਤਾ ਵੀ ਸੀ, ਜਿਸ ਕਰਕੇ ਬਿੱਟੂ ਨੂੰ ਸਹੀ ਤਰੀਕੇ ਨਾਲ ਪਛਾਣ ਨਹੀਂ ਹੋ ਸਕੀ। ਅਗਲੇ ਦਿਨ ਜਿਸ ਸਮੇਂ ਅਕਸਰ ਸੋਨੂੰ ਜਿੰਦਲ ਦੁਕਾਨ ‘ਤੇ ਬੈਠਦਾ ਸੀ, ਉਸ ਸਮੇਂ ਹੀ ਸੁਖਵਿੰਦਰ ਬਿੱਟੂ ਨੂੰ ਨਾਲ ਲੈ ਕੇ ਆਇਆ ਪਰ ਉਸ ਦਿਨ ਸੋਨੂੰ ਦੀ ਥਾਂ ‘ਤੇ ਮੋਨਿਕ ਜਿੰਦਲ ਦੁਕਾਨ ‘ਤੇ ਬੈਠਾ ਸੀ। ਉਹ 7 ਵਜੇ ਦੇ ਲਗਭਗ ਪਿੰਡ ਤੋਂ ਚੱਲੇ ਤੇ 7:30 ਵਜੇ ਪਹੁੰਚੇ। ਸੁਖਵਿੰਦਰ ਮੋਟਰਸਾਈਕਲ ਦੇ ਪਿੱਛੇ ਰੁਕ ਗਿਆ ਤੇ ਬਿੱਟੂ ਸਿੱਧਾ ਦੁਕਾਨ ਵਿਚ ਅੰਦਰ ਗਿਆ ਮੋਨਿਕ ਹੇਠਾਂ ਮੂੰਹ ਕਰਕੇ ਕੰਮ ਕਰ ਰਿਹਾ ਸੀ, ਬਿੱਟੂ ਨੇ ਜਾਂਦੇ ਹੀ ਉਸ ਦੇ ਸਿਰ ‘ਤੇ ਰਿਵਾਲਵਰ ਰੱਖੀ ਅਤੇ ਜਿਉਂ ਹੀ ਮੋਨਿਕ ਨੇ ਸਿਰ ਉਪਰ ਚੁੱਕਿਆ, ਬਿੱਟੂ ਨੇ ਮੋਨਿਕ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਮੌਕੇ ‘ਤੇ ਢੇਰੀ ਹੋ ਗਿਆ ਤੇ ਉਹ ਸੁਖਵਿੰਦਰ ਦੇ ਪਿੱਛੇ ਬੈਠ ਕੇ ਫਰਾਰ ਹੋ ਗਏ। ਸੁਖਵਿੰਦਰ ਸਿੰਘ ਦਾ ਮੋਨਿਕ ਹੋਰਾਂ ਨਾਲ ਪਿਛਲੇ ਕਈ ਸਾਲ ਤੋਂ ਲੈਣ ਦੇਣ ਚੱਲਦਾ ਸੀ। ਸੁਖਵਿੰਦਰ ਸਿੰਘ ਉਨ੍ਹਾਂ ਕੋਲ ਫਸਲ ਵੀ ਸੁੱਟਦਾ ਸੀ ਅਤੇ ਖਾਦ ਵਗੈਰਾ ਵੀ ਲੈਂਦਾ ਸੀ। ਡੀ. ਆਈ. ਜੀ. ਗਿੱਲ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਸੁਖਵਿੰਦਰ ਨੇ ਤਿੰਨ ਘੰਟੇ ਪਹਿਲਾਂ ਫੋਨ ਬੰਦ ਕਰ ਲਿਆ ਸੀ ਤਾਂ ਉਸ ਦੀ ਲੋਕੇਸ਼ਨ ਟਰੇਸ ਨਾ ਹੋਵੇ, ਦੂਜਾ ਆਖਰੀ ਕਾਲ ਵੀ ਮੋਨਿਕ ਦੇ ਫੋਨ ‘ਤੇ ਸੁਖਵਿੰਦਰ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੇ ਖਿਲਾਫ ਨਾਭਾ ਵਿਖੇ ਕਤਲ ਤੇ ਆਰਮਜ਼ ਐਕਟ ਦੇ ਤਹਿਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀ. ਆਈ. ਜੀ. ਗਿੱਲ ਨੇ ਦੱਸਿਆ ਕਿ ਮੋਨਿਕ ਜਿੰਦਲ ਨੂੰ ਗੋਲੀ ਮਾਰਨ ਵਾਲਾ ਬਿੱਟੂ ਸਿੰਘ ਪਿੰਡ ਘਨੁੜਕੀ ਦਾ ਰਹਿਣ ਵਾਲਾ ਹੈ, ਜਿਸ ਦੇ ਖਿਲਾਫ ਪਹਿਲਾਂ ਵੀ ਚਾਰ ਕੇਸ ਦਰਜ ਹਨ, ਜਿਨ੍ਹਾਂ ਵਿਚੋਂ ਦੋ ਚੋਰੀ ਦਾ, ਇਕ ਐਕਸਾਈਜ਼ ਐਕਟ ਦਾ ਅਤੇ ਇਕ ਕਾਪੀ ਰਾਈਟ ਐਕਟ ਦਾ ਸੰਗਰੂਰ ਵਿਖੇ ਕੇਸ ਦਰਜ ਹੈ। ਮੁੱਢਲੀ ਜਾਂਚ ਵਿਚ ਪਾਇਆ ਗਿਆ ਹੈ ਕਿ ਬਿੱਟੂ ਸਿੰਘ ਇਕ ਵਾਰ ਦਿੱਲੀ ਪੁਲਸ ਦੀ ਕਸਟਡੀ ਵਿਚੋਂ ਹੱਥਕੜੀ ਸਮੇਤ ਵੀ ਫਰਾਰ ਹੋ ਚੁੱਕਾ ਹੈ, ਜਿਸ ਦੀ ਉਮਰ ਲਗਭਗ 25 ਸਾਲ ਹੈ। ਪੁਲਸ ਬਿੱਟੂ ਦੇ ਸਬੰਧ ਵਿਚ ਹੋਰ ਜਾਣਕਾਰੀ ਵੀ ਇਕੱਠੀ ਕਰ ਰਹੀ ਹੈ। ਇਸ ਮੌਕੇ ਐਸ. ਐਸ. ਪੀ. ਡਾ. ਐਸ. ਭੂਪਤੀ, ਐਸ. ਪੀ. ਡੀ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. ਡੀ ਸੁਖਮਿੰਦਰ ਸਿੰਘ ਚੌਹਾਨ, ਡੀ. ਐਸ. ਪੀ. ਹੈਡਕੁਆਟਰ ਸਤਪਾਲ ਸ਼ਰਮਾ, ਸੀ. ਆਈ. ਏ. ਪਟਿਆਲਾ ਇੰਚਾਰਜ ਇੰਸ. ਦਲਜੀਤ ਸਿੰਘ ਵਿਰਕ, ਨਾਭਾ ਕੋਤਵਾਲੀ ਦੇ ਇੰਚਾਰਜ ਐਸ. ਆਈ. ਕਰਨੈਲ ਸਿੰਘ, ਸੀ. ਆਈ. ਏ. ਸਟਾਫ ਦੇ ਏ. ਐਸ. ਆਈ. ਜੋਗਿੰਦਰ ਸਿੰਘ, ਏ. ਐਸ. ਆਈ. ਹਰਜੀਤ ਸਿੰਘ ਆਦਿ ਹਾਜ਼ਰ ਸਨ।

