ਪੰਜਾਬਪਟਿਆਲਾ

‘ਸਿੱਖ ਨਸਲਕੁਸ਼ੀ’ ਨਾ ਭੁੱਲਣ ਵਾਲਾ ‘ਦਰਦ’, ਜੋ ਅਕਹਿ ਤੇ ਅਸਹਿ ਹੈ : ਪ੍ਰੋ. ਬਡੂੰਗਰ

’84 ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ‘ਚ ਦੇਰੀ ਲੋਕਤੰਤਰ ਅਤੇ ਸੰਵਿਧਾਨ ‘ਤੇ ਕਲੰਕ : ਪ੍ਰੋ. ਬਡੂੰਗਰ
ਸ਼੍ਰੋਮਣੀ ਕਮੇਟੀ ਵੱਲੋ ਨਵੰਬਰ 1984 ਦੇ ਸ਼ਹੀਦਾਂ ਨੂੰ ਅਰਦਾਸ ਰਾਹੀਂ ਸ਼ਰਧਾ ਸਤਿਕਾਰ ਭੇਂਟ
ਪਟਿਆਲਾ (ਮਧੂਸਾਰ ਬਿਊਰੋ) ਨਵੰਬਰ 1984 ਸਿੱਖ ਕਤਲੇਆਮ ‘ਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਅਤੇ ਭੁਝੰਗੀਆਂ ਨੂੰ ਯਾਦ ਕਰਕੇ ਅਤੇ ਸਮੂਹ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਮੂਲ ਮੰਤਰ ਦੇ ਪਾਠ ਅਤੇ ਅਰਦਾਸ ਕਰਕੇ ਸ਼ਰਧਾ ਸਤਿਕਾਰ ਭੇਂਟ ਕੀਤਾ ਗਿਆ।

ਇਸ ਮੌਕੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਵੱਲੋਂ ਅਰਦਾਸ ਕੀਤੀ ਗਈ। ਅਰਦਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਮੂਹ ਸਟਾਫ, ਅਧਿਕਾਰੀ ਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਨਾ ਭੁੱਲਣ ਵਾਲਾ ਦਰਦ ਹੈ, ਜਿਸ ਦੀ ਟੀਸ ਰਹਿੰਦੀ ਦੁਨੀਆ ਤੱਕ ਪੈਂਦੀ ਰਹੇਗੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਦਾ ਇਹ ਕਾਲਾ ਦਿਨ ਸਮੁੱਚੇ ਪੰਥ ਨੂੰ ਜ਼ਬਰ ਅਤੇ ਜ਼ੁਲਮ ਖਿਲਾਫ਼ ਲਾਮਬੰਦ ਹੋਣ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਨਵੰਬਰ 1984 ਦੌਰਾਨ ਕੇਂਦਰ ਦੀ ਕਾਂਗਰਸ ਸਰਕਾਰ ਨੇ ਜ਼ਬਰ-ਜ਼ੁਲਮ ਕਰਦਿਆਂ ਸਿੱਖ ਨਸਲਕੁਸ਼ੀ ਕੀਤੀ, ਜੋ ਅਕਹਿ ਤੇ ਅਸਹਿ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਕੌਮ’ ਦੇਸ਼ ਭਗਤੀ ਵਾਲੀ ਅਜਿਹੀ ਕੌਮ ਹੈ, ਜਿਸ ਨੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਦੇਸ਼ ਦੀ ਹੋਂਦ ਹਸਤੀ ਤੇ ਧਰਮ ਸੱਭਿਆਚਾਰ ਨੂੰ ਬਚਾਉਣ ਲਈ ਸਮੇਂ-ਸਮੇਂ ਕੁਰਬਾਨੀਆਂ ਕਰਕੇ ਖਾਲਸਾ ਪੰਥ ਦੀ ਚੜ੍ਹਦੀਕਲਾ ਦੀ ਸਮੁੱਚੇ ਸੰਸਾਰ ਅੱਗੇ ਮਿਸਾਲ ਪੇਸ਼ ਕੀਤੀ।
ਉਨ੍ਹਾਂ 33ਵਰ੍ਹੇ ਬੀਤਣ ਮਗਰੋਂ ਵੀ ਨਵੰਬਰ 1984 ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤੇ ਜਾਣ ‘ਚ ਕੀਤੀ ਜਾ ਰਹੀ ਦੇਰੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ‘ਸੱਚਾਈ’ ਇਤਿਹਾਸ ਬਣ ਚੁੱਕੀ ਹੈ, ਜਿਸ ਨੂੰ ਸਾਡੀਆਂ ਸਰਕਾਰਾਂ ਝੁਠਲਾ ਨਹੀਂ ਸਕਦੀਆਂ। ਉਨ੍ਹਾਂ ਕਿਹਾ ਕਿ ਜਾਂਚ ਅਤੇ ਨਿਆਂ ਦੇਣ ‘ਚ ਕੀਤੀ ਜਾ ਦੇਰੀ ਲੋਕਤੰਤਰ ਅਤੇ ਸੰਵਿਧਾਨ ‘ਤੇ ਕਲੰਕ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਿਰਦਾਰ ਅਤੇ ਵਿਹਾਰ ਪੱਖ ਤੋਂ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ, ਜਿਸ ਨੇ ਸਿੱਖਾਂ ਦਾ ਵਿਰੋਧ ਹੀ ਨਹੀਂ ਕੀਤਾ, ਸਗੋਂ ‘ਸਿੱਖ ਕੌਮ’, ‘ਸਿੱਖੀ ਸਿਧਾਂਤਾਂ’ ਤੇ ‘ਧਰਮ ਸੱਭਿਆਚਾਰ’ ਦੀ ਹੋਂਦ ਹਸਤੀ ਨੂੰ ਮਿਟਾਉਣ ਲਈ ਕੋਝੇ ਹੱਥਕੰਡੇ ਅਪਣਾਏ ਅਤੇ ਸਿੱਖ ਨਸਲਕੁਸ਼ੀ ਕੀਤੀ, ਜਿਨ੍ਹਾਂ ਦੇ ਪਰਿਵਾਰ ਅੱਜ ਵੀ ਇਨਸਾਫ ਲੈਣ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੋਚੀ ਸਮਝੀ ਸਾਜਿਸ਼ ਤਹਿਤ ‘ਸਿੱਖ ਨਸਲਕੁਸ਼ੀ’ ਕੀਤੀ, ਜੋ ਦੁਨੀਆ ਦੀ ਸਭ ਤੋਂ ਮੰਦਭਾਗੀ ਘਟਨਾ ਹੈ।
ਸ਼੍ਰੋਮਣੀ ਕਮੇਟੀ ਪ੍ਰਬੰਧਾਂ ਅਧੀਨ ਜ਼ਿਲ੍ਹੇ ਭਰ ਦੇ ਗੁਰਦੁਆਰਿਆਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਗੁਰਦੁਆਰਾ ਮੋਤੀ ਬਾਗ ਸਾਹਿਬ ਅਤੇ ਵੱਖ-ਵੱਖ ਗੁਰਦੁਆਰਿਆਂ ‘ਚ ਮੂਲ ਮੰਤਰ ਦੇ ਪਾਠ ਅਤੇ ਅਰਦਾਸ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।
ਅਰਦਾਸ ਸਮਾਗਮ ਦੌਰਾਨ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਬਲਦੇਵ ਸਿੰਘ ਖਾਲਸਾ, ਜਥੇਦਾਰ ਲਾਭ ਸਿੰਘ ਦੇਵੀਨਗਰ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਗਿਆਨੀ ਪ੍ਰਿਤਪਾਲ ਸਿੰਘ, ਨਿੱਜੀ ਸਹਾਇਕ ਸ. ਭਗਵੰਤ ਸਿੰਘ ਧੰਗੇੜਾ, ਸ. ਅਮਰਜੀਤ ਸਿੰਘ ਸਿੱਧੂ, ਸ. ਨਰਦੇਵ ਸਿੰਘ ਆਕੜ੍ਹੀ, ਸ. ਰਣਧੀਰ ਸਿੰਘ ਰੱਖੜਾ, ਸ਼ ਮੈਨੇਜਰ ਸ. ਕਮਲਜੀਤ ਸਿੰਘ, ਐਡੀ. ਮੈਨੇਜਰ ਸ. ਕਰਨੈਲ ਸਿੰਘ, ਮੀਤ ਪ੍ਰਧਾਨ ਸ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *