ਪਦਉਨਤ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰਨ ਲਈ 7 ਨਵੰਬਰ ਨੂੰ ਬੁਲਾਇਆ
ਮੈਰਿਟ ਅਨੁਸਾਰ ਬੁਲਾ ਕੇ ਮਨਪਸੰਦ ਦਾ ਸਟੇਸ਼ਨ ਦਿੱਤਾ ਜਾਵੇਗਾ: ਅਰੁਨਾ ਚੌਧਰੀ
ਚੰਡੀਗੜ੍ਹ, 2 ਨਵੰਬਰ (ਮਧੂਸਾਰ ਬਿਊਰੋ) ਸਿੱਖਿਆ ਵਿਭਾਗ, ਪੰਜਾਬ ਨੇ ਪਦਉਨਤ ਕੀਤੇ ਮਾਸਟਰ ਕਾਡਰ ਦੇ 668 ਅਧਿਆਪਕਾਂ ਨੂੰ ਸਟੇਸ਼ਨ ਦੇਣ ਲਈ 7 ਨਵੰਬਰ ਨੂੰ ਬੁਲਾਇਆ ਹੈ। ਇਨ੍ਹਾਂ ਅਧਿਆਪਕਾਂ ਨੂੰ ਮੈਰਿਟ ਅਨੁਸਾਰ ਬੁਲਾ ਕੇ ਮਨਪਸੰਦ ਦੇ ਸਟੇਸ਼ਨ ਦਿੱਤੇ ਜਾਣਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਬੀਤੇ ਦਿਨੀਂ 668 ਜੇ.ਬੀ.ਟੀ./ਈ.ਟੀ.ਟੀ. ਅਧਿਆਪਕਾਂ ਦੀ ਮਾਸਟਰ ਕਾਡਰ ਵਜੋਂ ਪਦਉਨਤੀ ਕਰ ਕੇ ਨਿਯੁਕਤੀ ਪੱਤਰ ਦਿੱਤੇ ਸਨ। ਇਨ੍ਹਾਂ ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ ਵਿੱਚੋਂ 547 ਸਾਇੰਸ, 49 ਹਿਸਾਬ, 64 ਡੀ.ਪੀ.ਈ., 3 ਖੇਤੀਬਾੜੀ ਅਤੇ 5 ਸੰਸਕ੍ਰਿਤ ਵਿਸ਼ੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਦਉੱਨਤ ਅਧਿਆਪਕਾਂ ਨੂੰ ਸਟੇਸ਼ਨਾਂ ਦੀ ਅਲਾਟਮੈਂਟ ਲਈ 7 ਨਵੰਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਮੈਰਿਟ ਅਨੁਸਾਰ ਬੁਲਾਇਆ ਜਾਵੇਗਾ। ਅਧਿਆਪਕ ਆਪਣੀ ਪਸੰਦ ਅਨੁਸਾਰ ਬੋਰਡ ਉਪਰ ਡਿਸਪਲੇਅ ਸਟੇਸ਼ਨਾਂ ਵਿੱਚੋਂ ਇਕ ਸਟੇਸ਼ਨ ਦੀ ਚੋਣ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੰਗਹੀਣ ਅਧਿਆਪਕਾਂ, ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਮਾਪਿਆਂ ਨੂੰ ਸਟੇਸ਼ਨ ਅਲਾਟਮੈਂਟ ਵਿੱਚ ਪਹਿਲ ਦਿੱਤੀ ਜਾਵੇਗੀ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਦਉਨਤੀਆਂ ਦੇ ਕੇਸਾਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਵਿਸ਼ੇਸ਼ ਨੀਤੀ ਬਣਾਈ ਗਈ ਹੈ। ਇਕ ਸਾਲ ਵਿੱਚ ਦੋ ਵਾਰ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਪਦਉਨਤੀਆਂ ਵਿੱਚ ਆਈ ਖੜੋਤ ਖਤਮ ਹੋਵੇਗੀ। ਅਧਿਆਪਕ ਪੱਖੀ ਹੋਰ ਵੀ ਫੈਸਲੇ ਕੀਤੇ ਗਏ ਹਨ। ਅਧਿਆਪਕਾਂ ਦੇ 4-9-14 ਕੇਸਾਂ ਦੀਆਂ ਸ਼ਕਤੀਆਂ ਅਤੇ ਨਵ ਨਿਯੁਕਤ ਅਧਿਆਪਕਾਂ ਦੇ ਪਰਖ ਕਾਲ ਪੂਰਾ ਹੋਣ ‘ਤੇ ਪੱਤਰ ਜਾਰੀ ਕਰਨ ਦੇ ਅਧਿਕਾਰ ਵੀ ਸਕੂਲ ਮੁਖੀਆਂ ਨੂੰ ਦਿੱਤੇ ਗਏ ਹਨ।

