ਪੰਜਾਬ

ਹਾਈਕੋਰਟ ਵੱਲੋਂ ਖਹਿਰੇ ਖਿਲਾਫ ਕਾਰਵਾਈ ‘ਤੇ ਰੋਕ ਲਾਉਣ ਤੋਂ ਇਨਕਾਰ ਕਰਨ ਮਗਰੋਂ ਅਕਾਲੀ ਦਲ ਨੇ ਆਪ ਆਗੂ ਤੋਂ ਮੰਗਿਆ ਅਸਤੀਫਾ

ਚੰਡੀਗੜ੍ਹ/6 ਨਵੰਬਰ/ਮਧੂਸਾਰ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਹਾਈਕੋਰਟ ਵੱਲੋਂ ਸੁਖਪਾਲ ਖਹਿਰੇ ਨੂੰ ਇੱਕ ਅੰਤਰਾਸ਼ਟਰੀ ਨਸ਼ਾ ਤਸਕਰੀ ਕੇਸ ਵਿਚ ਸਹਿ-ਦੋਸ਼ੀ ਵਜੋਂ ਤਲਬ ਕੀਤੇ ਜਾਣ ਦੀ ਕਾਰਵਾਈ ਉੱਪਰ ਰੋਕ ਲਾਉਣ ਤੋਂ ਕੀਤੇ ਇਨਕਾਰ ਮਗਰੋਂ ਆਪ ਆਗੂ ਕੋਲ ਵਿਰੋਧੀ ਧਿਰ ਦਾ ਆਗੂ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਿਹਾ, ਇਸ ਲਈ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦਾਂ ਸ੍ਰੀ ਨਰੇਸ਼ ਗੁਜਰਾਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਾਈਕੋਰਟ ਵਿਚ ਅੱਜ ਦੇ ਤਾਜ਼ਾ ਘਟਨਾਕ੍ਰਮ ਤੋਂ ਸਪੱਸ਼ਟ ਹੋ ਗਿਆ ਕਿ ਸੁਖਪਾਲ ਖਹਿਰਾ ਪਾਕਿਸਤਾਨੀ ਨਾਲ ਜੁੜੀਆਂ ਤਾਰਾਂ ਵਾਲੇ ਇੱਕ ਨਸ਼ਾ ਤਸਕਰੀ ਦੇ ਮਾਮਲੇ ਵਿਚ ਦੋਸ਼ੀ ਹੈ।
ਉਹਨਾਂ ਕਿਹਾ ਕਿ ਸੁਖਪਾਲ ਖਹਿਰੇ ਦੇ ਵਕੀਲ ਵੱਲੋਂ ਵਾਰ ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਉਸ ਨੂੰ ਕੋਈ ਰਾਹਤ ਦੇਣ ਦੀ ਥਾਂ ਹਾਈ ਕੋਰਟ ਨੇ ਉਸ ਨੂੰ 30 ਨਵੰਬਰ ਨੂੰ ਫਾਜ਼ਿਲਕਾ ਕੋਰਟ ਵਿਚ ਪੇਸ਼ ਹੋਣ ਲਈ ਆਖਿਆ ਹੈ। ਅਦਾਲਤ ਨੇ ਇਹ ਨਿਰਦੇਸ਼ ਦਿੰਦਿਆਂ ਕਿ ਉਸ ਖ਼ਿਲਾਫ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ ਅਮਲ ਵਿਚ ਨਹੀਂ ਲਿਆਂਦੇ ਜਾਣੇ ਚਾਹੀਦੇ, ਖਹਿਰੇ ਨੂੰ ਕੋਰਟ ਵਿਚ ਪੇਸ਼ ਹੋਣ ਲਈ ਕਿਹਾ ਹੈ।
ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਿਸ਼ਟਾਚਾਰ ਇਹੋ ਮੰਗ ਕਰਦਾ ਹੈ ਕਿ ਖਹਿਰਾ ਵਿਰੋਧੀ ਧਿਰ ਦੇ ਆਗੂ ਵਜੋਂ ਤੁਰੰਤ ਅਸਤੀਫਾ ਦੇ ਦੇਵੇ ਤਾਂ ਕਿ ਇਸ ਵੱਕਾਰੀ ਕੁਰਸੀ ਨੂੰ ਕੋਈ ਦਾਗ ਨਾ ਲੱਗੇ। ਉਹਨਾਂ ਕਿਹਾ ਕਿ ਖਹਿਰਾ ਪਹਿਲਾਂ ਹੀ ਸਾਰੇ ਨੈਤਿਕ ਨਿਯਮਾਂ ਦੀ ਧੱਜੀਆਂ ਉਡਾ ਚੁੱਕਿਆ ਹੈ, ਇਸ ਲਈ ਉਸ ਤੋਂ ਅਜਿਹੀ ਉਮੀਦ ਨਹੀਂ ਹੈ। ਇਹ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਫਰਜ਼ ਬਣਦਾ ਹੈ ਕਿ ਉਹ ਖਹਿਰੇ ਨੂੰ ਬਿਨਾਂ ਦੇਰੀ ਕੀਤੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਅਤੇ ਪਾਰਟੀ ਵਿਚੋਂ ਬਾਹਰ ਕੱਢਣ। ਉਹਨਾਂ ਕਿਹਾ ਕਿ ਜੇਕਰ ਕੇਜਰੀਵਾਲ ਖਹਿਰਾ ਖਿਲਾਫ ਤੁਰੰਤ ਕਾਰਵਾਈ ਨਹੀਂ ਕਰਦਾ ਤਾਂ ਪੰਜਾਬੀਆਂ ਨੂੰ ਇਹ ਗੱਲ ਸਪੱਸ਼ਟ ਹੋ ਜਾਵੇਗੀ ਕਿ ਆਪ ਕਨਵੀਨਰ ਵਿਕ ਚੁੱਕਿਆ ਹੈ ਅਤੇ ਖਹਿਰੇ ਨਾਲ ਰਲਿਆ ਹੋਇਆ ਹੈ।
ਸ੍ਰੀ ਗੁਜਰਾਲ ਅਤੇ ਸਰਦਾਰ ਚੰਦੂਮਾਜਰਾ ਨੇ ਕਿਹਾ ਕਿ ਆਪ ਵਲੋਂ ਸੁਖਪਾਲ ਖਹਿਰੇ ਨੂੰ ਬਚਾਉਣ ਅਤੇ ਉਸ ਦਾ ਸਮਰਥਨ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਪ ਵਿਧਾਇਕਾਂ ਉੱਤੇ ਖਹਿਰਾ ਦਾ ਸਮਰਥਨ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਵਿਚ ਆਪ ਵਿਧਾਇਕ ਇਹ ਕਹਿੰਦਿਆਂ ਖਹਿਰਾ ਨੂੰ ਅਸਤੀਫਾ ਦੇਣ ਲਈ ਆਖ ਚੁੱਕੇ ਹਨ ਕਿ ਪਾਰਟੀ ਨਸ਼ਿਆਂ ਦੇ ਮੁੱਦੇ ਉੱਤੇ ਦੋਹਰੇ ਮਾਪਦੰਡ ਨਹੀਂ ਰੱਖ ਸਕਦੀ ਅਤੇ ਇਹ ਅਜਿਹਾ ਦਾਗ ਬਰਦਾਸ਼ਤ ਨਹੀਂ ਕਰ ਸਕੇਗੀ। ਆਪ ਆਗੂਆਂ ਉੱਤੇ ਹੁਣ ਦਬਾਅ ਪਾ ਕੇ ਉਹਨਾਂ ਨੂੰ ਆਪਣੇ ਬਿਆਨ ਬਦਲਣ ਅਤੇ ਖਹਿਰਾ ਨੂੰ ਕਲੀਨ ਚਿੱਟ ਦੇਣ ਲਈ ਕਿਹਾ ਜਾ ਰਿਹਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਆਪ ਵਿਧਾਇਕਾਂ ਲਈ ਇਹ ਪਰਖ ਦੀ ਘੜੀ ਹੈ। ਉਹਨਾਂ ਕਿਹਾ ਕਿ ਤੁਹਾਨੂੰ ਦਿੱਲੀ ਦੀ ਆਪ ਟੀਮ ਵੱਲੋਂ ਵਾਰ ਵਾਰ ਇਸਤੇਮਾਲ ਕੀਤਾ ਗਿਆ ਹੈ। ਤੁਹਾਨੂੰ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਟੋਲੇ ਦੇ ਹੁਕਮਾਂ ਉੱਤੇ ਪੰਜਾਬੀਆਂ ਨੂੰ ਨਸ਼ੇੜੀ ਕਰਾਰ ਦੇਣ ਮਜ਼ਬੂਰ ਕੀਤਾ ਗਿਆ ਸੀ।
ਪੰਜਾਬ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਹੁਣ ਪੰਜਾਬ ਅਤੇ ਇੱਥੋਂ ਦੇ ਨੌਜਵਾਨਾਂ ਵਾਸਤੇ ਤੁਹਾਡੇ ਵੱਲੋਂ ਡਟਣ ਦਾ ਵੇਲਾ ਹੈ ਅਤੇ ਅਜਿਹੇ ਆਗੂ ਦੀ ਨਿਖੇਧੀ ਕਰਨ ਦਾ ਸਮਾਂ ਹੈ, ਜਿਹੜਾ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਸਰਗਨਾ ਹੋਣ ਦਾ ਦੋਸ਼ੀ ਹੈ, ਜਿਸ ਵਾਸਤੇ ਦੂਜੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਸਾਂਸਦਾਂ ਨੇ ਆਪ ਵੱਲੋਂ ਖਹਿਰਾ ਖਿਲਾਫ ਗੈਰ ਜ਼ਮਾਨਤੀ ਵਾਰੰਟਾਂ ਉੱਤੇ ਅਦਾਲਤ ਵੱਲੋਂ ਲਾਈ ਰੋਕ ਨੂੰ ਇੱਕ ਵੱਡੀ ਰਾਹਤ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜ਼ਮੀਨੀ ਤੌਰ ਤੇ ਇਸ ਕੇਸ ਵਿਚ ਕੋਈ ਤਬਦੀਲੀ ਨਹੀਂ ਆਈ ਹੈ। ਖਹਿਰਾ ਅਜੇ ਵੀ ਇਸ ਮਾਮਲੇ ਵਿਚ ਦੋਸ਼ੀ ਹੈ। ਉਸ ਨੂੰ 30 ਨਵੰਬਰ ਨੂੰ ਬਤੌਰ ਦੋਸ਼ੀ ਅਦਾਲਤ ਚਿ ਪੇਸ਼ ਹੋਣਾ ਪੈਣਾ ਹੈ। ਉਸ ਖਿਲਾਫ ਨਿਆਂਇਕ ਕਾਰਵਾਈ ਚੱਲੇਗੀ, ਜਿਸ ਤਹਿਤ ਠੋਸ ਸਬੂਤਾਂ ਨੂੰ ਵੇਖਦਿਆਂ ਉਸ ਨੂੰ ਤਲਬ ਕੀਤਾ ਗਿਆ ਹੈ।

Leave a Reply

Your email address will not be published. Required fields are marked *