ਪ੍ਰੋ. ਬਡੂੰਗਰ ਦੀ ਸੁਚੱਜੀ ਅਗਵਾਈ ‘ਚ ‘ਧਰਮ ਪ੍ਰਚਾਰ ਲਹਿਰ’ ਸਿਖਰਾਂ ਨੂੰ ਛੂੰਹੀ
ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਮੁਹਿੰਮ ਹੋਰ ਤੇਜ਼
ਸ਼੍ਰੋਮਣੀ ਕਮੇਟੀ ਸਥਾਪਨਾ ਦਿਵਸ, ਮਾਤਾ ਸਾਹਿਬ ਕੌਰ ਅਤੇ 15 ਭਗਤਾਂ ਦੀ ਯਾਦ ‘ਚ ਹੋਣਗੇ ਸਮਾਗਮ
ਪਟਿਆਲਾ 14 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਸੁਚੱਜੀ ਅਗਵਾਈ ‘ਚ ਮਾਲਵੇ ਦੀ ਧਰਤੀ ਤੋਂ ਆਰੰਭੀ ‘ਧਰਮ-ਪ੍ਰਚਾਰ-ਲਹਿਰ’ ਦੇ ਪ੍ਰਚਾਰ ਅਤੇ ਪਸਾਰ ਦਾ ਘੇਰਾ ਵਿਸ਼ਾਲ ਹੋਣਾ ਅਤੇ ਸੰਗਤਾਂ ਦਾ ਧਰਮ ਪ੍ਰਚਾਰ ਲਹਿਰ ਨਾਲ ਜੁੜਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਲਹਿਰ ਪੰਜਾਬ, ਹਰਿਆਣਾ ਹਿਮਾਚਲ ਤੋਂ ਇਲਾਵਾ ਹੋਰਨਾਂ ਸੂਬਿਆਂ ‘ਚ ‘ਪ੍ਰਚੰਡ’ ਰੂਪ ਧਾਰਨ ਕਰ ਚੁੱਕੀ ਹੈ, ਜੋ ਭਵਿੱਖ ‘ਚ ਦੇਸ਼ ਵਿਆਪੀ ਲਹਿਰ ਬਣਨ ਵੱਲ ਵੱਧ ਗਈ ਹੈ।
ਅਜੌਕੀ ਪੀੜ੍ਹੀ ਨੂੰ ਸੁਚੇਤ ਕਰਨ ਅਤੇ ਉਨ੍ਹਾਂ ‘ਚ ਚੇਤਨਾ ਲਿਆਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਤੋਂ ਇਲਾਵਾ ਅਜ਼ਾਦੀ ਸੰਗਰਾਮ ‘ਚ ਯੋਗਦਾਨ ਪਾਉਣ ਵਾਲੇ, ਖਾਲਸਾ ਪੰਥ ਦੀਆਂ ਮਹਾਨ ਸਖਸ਼ੀਅਤਾਂ, ਸਿੱਖ ਨਾਇਕਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਰਵਾਏ ਜਾ ਰਹੇ ਸੈਮੀਨਾਰਾਂ ਅਤੇ ਗੁਰਮਤਿ ਸਮਾਗਮਾਂ ਦੌਰਾਨ ਵੱਡੀ ਗਿਣਤੀ ‘ਚ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ, ਜਿਸ ਨਾਲ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।
ਪ੍ਰੋ. ਬਡੂੰਗਰ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨਾਂ ਨੂੰ ਸਿੱਖ ਇਤਿਹਾਸ ਦੇ ਮਹਾਨ ਵਿਰਸੇ ਨਾਲ ਜੋੜ ਕੇ ਸਿੱਖੀ ਸਰੂਪ ‘ਚ ਲਿਆ ਕੇ ਬਾਣੀ ਅਤੇ ਬਾਣੇ ਦਾ ਧਾਰਨੀ ਬਣਾਉਣਾ ਅਤੇ ਗੁਰਮਤਿ ਫਲਸਫ਼ੇ ਨੂੰ ਦ੍ਰਿੜ ਕਰਨ ਤੋਂ ਇਲਾਵਾ ਸਮਾਜਕ ਕੁਰੀਤੀਆਂ ਦੇ ਖਾਤਮੇ ਲਈ, ਵਾਤਾਵਰਣ ਦੀ ਸੰਭਾਲ, ਸਿੱਖਿਆ ਨੂੰ ਮਿਆਰੀ ਬਣਾਉਣ ਅਤੇ ਖੇਡਾਂ ਦੇ ਖੇਤਰ ‘ਚ ਮੀਲ ਪੱਥਰ ਸਥਾਪਿਤ ਕੀਤੇ ਜਾਣ ਲੱਗ ਪਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਖੇਤਰਾਂ ‘ਚ ਸੁਚਾਰੂ ਢੰਗ ਨਾਲ ਕੀਤੇ ਜਾ ਰਹੇ ਕਾਰਜਾਂ ਦਾ ਵਿਸਥਾਰ ਕਰਨ ਅਤੇ ਧਰਮ ਪ੍ਰਚਾਰ ਲਹਿਰ ਦੀ ਪ੍ਰਫੁੱਲਤਾ ਲਈ ਧਾਰਮਕ ਸਮਾਗਮ ਉਲੀਕੇ ਗਏ ਹਨ, ਜਿਸ ਤਹਿਤ 16 ਨਵੰਬਰ ਨੂੰ ਸ੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ‘ਚ ਸ਼੍ਰੋਮਣੀ ਕਮੇਟੀ ਸਟਾਫ ਦੇ ਅਧਿਕਾਰੀ ਖ਼ੁਦ ‘ਸ਼ਬਦ ਗੁਰੂ’ ਨਾਲ ਸਾਂਝ ਪਾਉਣਗੇ। ਇਸੇ ਤਰ੍ਹਾਂ 18 ਨਵੰਬਰ ਨੂੰ ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਖਾਲਸਾ ਪੰਥ ਦੇ ਮਾਤਾ ਜੀ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ। ਸਮਾਗਮ ‘ਚ ਮਾਤਾ ਸਾਹਿਬ ਕੌਰ ਦੇ ਜੀਵਨ ਅਤੇ ਖਾਲਸਾ ਪੰਥ ਲਈ ਪਾਏ ਵੱਡਮੁੱਲੇ ਯੋਗਦਾਨ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਲੜੀ ਤਹਿਤ 20 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲੱਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ 15 ਭਗਤਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਧਰਮ ਦੇ ਪ੍ਰਚਾਰ ਅਤੇ ਪਸਾਰ ਲਈ ਉਲੀਕੇ ਸਮਾਗਮਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ।

