ਪੰਜਾਬਪਟਿਆਲਾ

ਸੀ.ਪੀ.ਆਈ. ਵੱਲੋਂ ਲੋਕ ਮਸਲਿਆਂ ਨੂੰ ਲੈ ਕੇ ਲਾਮਿਸਾਲ ਰੈਲੀ 27 ਨਵੰਬਰ ਨੂੰ

ਪਟਿਆਲਾ 16 ਨਵੰਬਰ (ਮਧੂਸਾਰ ਬਿਊਰੋ) ਪਟਿਆਲਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਪਟਿਆਲਾ ਦੀ ਸ਼ਹਿਰੀ ਪਟਿਆਲਾ ਦੀ ਇਕਾਈ ਦੇ ਸਰਗਰਮ ਵਰਕਰਾਂ ਦੀ ਜਨਰਲ ਬਾਡੀ ਮੀਟਿੰਗ 27 ਨਵੰਬਰ ਨੂੰ ਸੀ.ਪੀ.ਆਈ., ਪੰਜਾਬ ਵੱਲੋਂ ਆਮ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਲੁਧਿਆਣਾ ਦੀ ਗਿੱਲ ਰੋਡ, ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲੀ ਲਾਮਿਸਾਲ ਰੈਲੀ ਦੀਆਂ ਜੋਰਦਾਰ ਤਰੀਕੇ ਨਾਲ ਤਿਆਰੀਆਂ ਕਰਨ ਲਈ ਸ਼ਹਿਰੀ ਪਾਰਟੀ ਸੀ.ਪੀ.ਆਈ. ਦੇ ਸਕੱਤਰ ਕਾਮਰੇਡ ਸੰਤੋਖ ਸਿੰਘ ਵੱਲੋਂ ਸੱਦੀ ਗਈ।

ਮੀਟਿੰਗ ਨੂੰ ਉਚੇਚੇ ਤੋਰ ਤੇ ਸੰਬੋਧਨ ਕਰਨ ਲਈ ਸੀ.ਪੀ.ਆਈ. ਦੀ ਕੋਮੀ ਕਾਰਜਕਾਰਣੀ ਦੇ ਮੈਂਬਰ ਡਾਕਟਰ ਜੋਗਿੰਦਰ ਦਿਆਲ ਅਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਕੌਮੀ ਕੋਂਸਲ ਮੈਂਬਰ ਸੀ.ਪੀ.ਆਈ. ਪੁੱਜੇ ਹੋਏ ਸਨ।
ਸਰਗਰਮ ਵਰਕਰਾਂ ਦੀ ਸ਼ਮੂਲੀਅਤ ਨਾਲ ਖਚਾਖਚ ਭਰੇ ਹਾਲ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਕੋਮੀ ਕਾਰਜਕਾਰਣੀ ਮੈਂਬਰ ਡਾਕਟਰ ਜੋਗਿੰਦਰ ਦਿਆਲ ਨੇ ਦੇਸ਼ ਅਤੇ ਪੰਜਾਬ ਦੇ ਰਾਜਨੀਤਕ, ਸਮਾਜਿਕ ਅਤੇ ਆਰਥਕ ਮੁਦਿਆਂ ਦੇ ਵੱਖ ਵੱਖ ਪਹਿਲੂਆਂ ਤੇ ਪੂਰੇ ਵਿਸਥਾਰ ਨਾਲ ਚਾਨਣਾ ਪਾਉਂਦਿਆ ਕਮਿਊਨਿਸਟ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ 27 ਨਵੰਬਰ ਨੂੰ ਲੁਧਿਆਣਾ ਵਿਖੇ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਟਿਆਲਾ ਜਿਲ੍ਹਾ ਤੋਂ ਕਾਰਕੁੰਨ ਸਭ ਕੰਮ ਕਾਜ ਛੱਡ ਕੇ ਪੁੱਜਣ। ਉਨ੍ਹਾਂ ਉਮੀਦ ਜਤਾਈ ਕਿ ਤਿਆਰੀਆਂ ਉਤਸ਼ਾਹ ਅਤੇ ਸਰਕਾਰਾਂ ਪ੍ਰਤੀ ਫੈਲੇ ਵਿਆਪਕ ਰੋਹ ਤੋਂ ਸਪੱਸ਼ਟ ਜਾਪਦਾ ਹੈ ਕਿ ਲੁਧਿਆਣਾ ਰੈਲੀ ਇਕ ਇਤਿਹਾਸਕ ਹੋ ਨਿਬੜੇਗੀ।
ਡਾਕਟਰ ਦਿਆਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਦੇ ਰਾਜ ਵਿੱਚ ਫਿਰਕਾਪ੍ਰਸਤੀ, ਅਸਹਿਣਸ਼ੀਲਤਾ, ਘੱਟ ਗਿਣਤੀਆਂ ਅਤੇ ਦਲਿਤ ਵਰਗ ਉਪਰ ਅਤਿਆਚਾਰ, ਹਿੰਦੂਤਵਾਂ ਦੇ ਅਜੰਡੇ ਨੂੰ ਨਿਰਲਜਤਾ ਦੇ ਨਾਲ ਅਗੇ ਵਧਾਉਣਾ, ਸੱਚ ਲਿਖਣ ਤੇ ਬੋਲਣ ਵਾਲੇ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਕਤਲ ਕੀਤੇ ਜਾਣਾ, ਰਾਜਨੀਤਿਕ ਵਿਰੋਧੀਆਂ ਵਿਰੁੱਧ ਭੱਦੀ ਭਾਸ਼ਾ ਦਾ ਇਸਤੇਮਾਲ ਕਰਨਾ, ਸਭ ਸੰਵਿਧਾਨਕ ਅਦਾਰਿਆਂ ਦਾ ਭਗਵਾਕਰਨ ਕਰਨਾ, ਇਤਿਹਾਸ ਨੂੰ ਬਦਲਣ ਦੀਆਂ ਸਿਰਤੋੜ ਕੋਸ਼ਿਸ਼ਾਂ, ਵਿਦਿਆ ਦਾ ਭਗਵਾਕਰਨ ਕਰਨ ਆਦਿ ਵਰਤਾਰਿਆਂ ਵਿੱਚ ਭਾਰੀ ਵਾਧਾ ਹੋਇਆ। ਇਨ੍ਹਾਂ ਮਸਲਿਆਂ ਬਾਰੇ ਸਰਕਾਰ ਦੀ ਮੂਕ ਦਰਸ਼ਕਤਾ ਸਵਾਲ ਖੜੇ ਕਰ ਰਹੀ ਹੈ ਕਿ ਲੋਕਾਂ ਵਿੱਚ ਇਹ ਧਾਰਨਾ ਪ੍ਰਬਲ ਹੋ ਚੁੱਕੀ ਹੈ ਕਿ ਇਹ ਸਭ ਕੁੱਝ ਸਰਕਾਰ ਦੀ ਚੁੱਪ ਸਹਿਮਤੀ ਨਾਲ ਹੀ ਵਾਪਰ ਰਿਹਾ ਹੈ। ਡਾਕਟਰ ਦਿਆਲ ਨੇ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਗਰੀਬੀ ਵੱਧ ਰਹੀ ਹੈ। 10 ਕਰੋੜ ਨੋਕਰੀਆਂ ਦੇਣ ਦਾ ਵਾਅਦਾ ਨਿਰਾ ਝੂਠ ਸਾਬਤ ਹੋਇਆ। ਨੋਟਬੰਦੀ ਅਤੇ ਜੀ.ਐਸ.ਟੀ. ਨੇ ਆਮ ਲੋਕਾਂ ਦਾ ਅਤੇ ਛੋਟੇ ਕਾਰੋਬਾਰੀ ਲੋਕਾਂ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ। ਭਾਰਤ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ ਉਹ ਖੁਦਕੁਸ਼ੀਆਂ ਕਰ ਰਹੇ ਹਨ ਪਰ ਕਰਜਾ ਰਾਹਤ ਲਈ ਅਤੇ ਉਨ੍ਹਾਂ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਦਾ ਰਵਈਆ ਜਾਲਮਾਨਾ ਹੈ। ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਮੋਦੀ ਨਾਅਰਾ ਨਿਰਾ ਪਾਖੰਡ ਹੈ ਕਿਉਂਕਿ ਅਜਿਹਾ ਕਰਨਾ ਤਾਂ ਦੂਰ ਦੀ ਗੱਲ ਹੈ ਇਹ ਤਾਂ ਉਸਦੇ ਅਜੰਡੇ ਤੇ ਵੀ ਨਹੀਂ ਹੈ। ਦੇਸ਼ ਦੀ ਜੀ.ਡੀ.ਪੀ. ਕਿਸੇ ਵੀ ਸਮੇਂ ਨਾਲੋਂ ਘੱਟ ਹੈ ਜੋ ਕਿ ਸਿਰਫ 5.2% ਰਹਿ ਗਈ ਹੈ। ਮੋਦੀ ਨੇ ਦੇਸ਼ ਨੂੰ ਸਾਮਰਾਜੀ ਮੁਲਕਾਂ ਨਾਲ ਆਰਥਕ ਸਮਝੋਤੇ ਕਰਕੇ ਮਹੱਤਵਪੂਰਨ ਖੇਤਰ ਜਿਵੇਂ ਕਿ ਬੀਮਾ, ਡੀਫੈਂਸ, ਰੇਲਵੇ, ਦਵਾਈਆਂ, ਰਿਟੇਲ ਸੈਕਟਰ, ਕੋਲ ਆਦਿ ਨੂੰ 100 ਫੀਸਦੀ ਤੱਕ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਲਈ ਖੋਲਕੇ ਦੇਸ਼ ਨੂੰ ਆਰਥਿਕ ਤੋਰ ਤੇ ਗੁਲਾਮੀ ਵੱਲ ਧੱਕ ਦਿੱਤਾ ਹੈ।
ਪੰਜਾਬ ਵਿੱਚ ਕੈਪਟਨ ਸਰਕਾਰ ਦੇ 8 ਮਹੀਨਿਆਂ ਦੇ ਰਾਜ ਭਾਗ ਦੀ ਗੱਲ ਕਰਦਿਆਂ ਡਾਕਟਰ ਦਿਆਲ ਨੇ ਕਿਹਾ ਕਿ ਜਿਨ੍ਹਾਂ ਬੁਰਾਈਆਂ ਅਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਕੇ ਪੰਜਾਬ ਦੇ ਲੋਕਾਂ ਨੇ ਅਕਾਲੀ ਬੀ.ਜੇ.ਪੀ. ਦੇ 10 ਸਾਲਾਂ ਦੇ ਕੁਸ਼ਾਸਨ ਨੂੰ ਜੜੋਂ ਪੁੱਟਕੇ ਬੁਰੀ ਤਰ੍ਹਾਂ ਹਰਾਕੇ ਕੈਪਟਨ ਸਰਕਾਰ ਨੂੰ ਗੱਦੀ ਤੇ ਇਸ ਕਰਕੇ ਬਿਠਾ ਦਿੱਤਾ ਕਿ ਕਾਂਗਰਸ ਵੱਲੋਂ ਕੀਤੇ ਵਾਅਦੇ ਖਿੱਚ ਵੀ ਪਾਉਂਦੇ ਸਨ ਅਤੇ ਉਮੀਦ ਵੀ ਜਗਾਉਂਦੇ ਸਨ। ਪਰ ਜਿਸ ਤਰ੍ਹਾਂ ਇਸ ਸਰਕਾਰ ਨੇ ਵਾਅਦੇ ਪੂਰੇ ਕਰਨ ਦੀ ਕੋਈ ਸ਼ੁਰੂਆਤੀ ਕੋਸ਼ਿਸ਼ ਵੀ ਨਹੀਂ ਕੀਤੀ ਅਤੇ ਪਿਛਲੀ ਸਰਕਾਰ ਦੇ ਭਰਿਸ਼ਟਾਚਾਰ, ਮਾਫੀਏ ਅਤੇ ਨਸ਼ਾ ਤਸਕਰਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਕਰਨ ਲਈ ਕਦਮ ਨਾ ਚੁੱਕਣਾ ਸਵਾਲ ਖੜੇ ਕਰ ਰਿਹਾ ਹੈ ਕਿ ਕੈਪਟਨ ਬਾਦਲ ਦਾ ਸਮਝੋਤਾ ਹੋ ਚੁੱਕਾ ਹੈ ਅਤੇ ਇਹ ਵੀ ਪ੍ਰਤੱਖ ਦਿਸਣ ਲੱਗ ਪਿਆ ਹੈ ਕਿ ਇਹ ਹੀ ਰੁਚੀਆਂ ਇਸ ਸਰਕਾਰ ਨੂੰ ਚਲਾਉਣ ਵਾਲਿਆਂ ਵਿੱਚ ਵੀ ਮੋਜੂਦ ਹਨ। ਪੰਜਾਬ ਦੇ ਮਹੱਤਵਪੂਰਨ ਸਨਅਤੀ ਸ਼ਹਿਰਾਂ ਵਿੱਚੋਂ ਸਨਅਤੀ ਇਕਾਈਆਂ ਪਲਾਇਨ ਕਰਕੇ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ ਅਤੇ ਹੋਰ ਰਾਜਾਂ ਵਿੱਚ ਜਾ ਰਹੀਆਂ ਹਨ। ਅੰਮ੍ਰਿਤਸਰ, ਬਟਾਲਾ, ਜਲੰਧਰ, ਲੁਧਿਆਣਾ, ਗੋਬਿੰਦਗੜ੍ਹ ਅਤੇ ਰਾਜਪੁਰਾ ਆਦਿ ਸ਼ਹਿਰਾਂ ਵਿੱਚੋਂ ਵੱਡੀ ਪੱਧਰ ਤੇ ਸਨਅਤੀ ਉਜਾੜਾ ਹੋਇਆ ਹੈ। ਵਰਤਮਾਨ ਸਰਕਾਰ ਪਿਛਲੀ ਸਰਕਾਰ ਸਮੇਂ ਚਰਮ ਸੀਮਾਂ ਤੇ ਪਹੁੰਚੇ ਨਸ਼ਾ ਕਾਰੋਬਾਰ ਨੂੰ ਰੋਕ ਨਹੀਂ ਸਕੀ, ਟਰਾਂਸਪੋਰਟ ਮਾਫੀਆ, ਰੇਤ ਬਜਰੀ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ, ਭਰਿਸ਼ਟਾਚਾਰ, ਕਤਲ, ਡਕੈਤੀਆਂ, ਬਲਾਤਕਾਰ, ਵਿਗੜੀ ਅਮਨ ਕਾਨੂੰਨ ਵਿਵਸਥਾ, ਬੇਰੁਜਗਾਰੀ, ਕਿਸਾਨ ਅਤੇ ਮਜਦੂਰ ਖੁਦਕਸ਼ੀਆਂ ਆਦਿ ਅਲਾਮਤਾਂ ਨੂੰ ਕੋਈ ਫਰਕ ਨਹੀਂ ਪਿਆ। ਇਹ ਸਭ ਕੁੱਝ ਬਾਦਸਤੂਰ ਜਾਰੀ ਹੈ। ਡਾਕਟਰ ਦਿਆਲ ਨੇ ਅਪੀਲ ਕੀਤੀ ਕਿ ਜਿਵੇਂ ਪੰਜਾਬ ਦੇ ਲੋਕਾਂ ਦੀਆਂ ਦੋਨਾ ਸਰਕਾਰਾਂ ਤੋਂ ਉਮੀਦਾਂ ਟੁੱਟ ਚੁੱਕੀਆਂ ਹਨ ਉਹ ਨਿਰਾਸਤਾ ਨੂੰ ਤੋੜਨ ਲਈ ਲੋਕ ਸੰਘਰਸ਼ ਹੀ ਇੱਕ ਰਾਹ ਹੈ। ਜਿਸਦੀ ਤਰਜਮਾਨੀ ਕਰਦਿਆਂ ਸੀ.ਪੀ.ਆਈ. ਨੇ ਜਬਰਦਸਤ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ ਹੈ। ਜਿਸਦੀ ਪਹਿਲੀ ਕੜੀ ਵਜੋਂ 27 ਨਵੰਬਰ ਨੂੰ ਲੁਧਿਆਣਾ ਵਿਖੇ ਲਾਮਿਸਾਲ ਰੈਲੀ ਜੇਤੂ ਸ਼ੁਰੂਆਤ ਕਰੇਗੀ। ਇਸ ਰੈਲੀ ਨੂੰ ਸੀ.ਪੀ.ਆਈ. ਦੇ ਕੌਮੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ।
ਸੀ.ਪੀ.ਆਈ. ਦੇ ਕੌਮੀ ਕੋਂਸਲ ਮੈਂਬਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਨੋਟਬੰਦੀ ਨਾਲ ਕਾਲਾਧਨ ਬਾਹਰ ਆਉਣ ਦਾ ਅਤੇ ਅੱਤਵਾਦ ਤੇ ਲਗਾਮ ਲੱਗਣ ਦਾ ਦਾਅਵਾ ਨਿਰਾ ਝੂਠ ਸਾਬਤ ਹੋਇਆ ਕੋਈ ਕਾਲਾ ਧਨ ਬਾਹਰ ਨਹੀਂ ਆਇਆ, ਅੱਤਵਾਦ ਤੇ ਕੋਈ ਰੋਕ ਨਹੀਂ ਲੱਗੀ। ਸਗੋਂ ਵੱਡੇ ਅਮੀਰਾਂ ਦਾ ਕਾਲਾ ਧਨ ਚਿੱਟਾ ਕਰਵਾ ਦਿੱਤਾ ਗਿਆ। ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਲਿਆ ਕੇ ਹਰ ਇੱਕ ਵਿਅਕਤੀ ਦੇ ਖਾਤੇ ਵਿੱਚ 15 ਲੱਖ ਜਮਾਂ ਕਰਵਾਉਣ ਦੇ ਝੂਠ ਦੀ ਮਿਸਾਲ ਮੋਦੀ ਨੇ ਪੇਸ਼ ਕਰ ਦਿੱਤੀ ਹੈ। ਲੇਬਰ ਕਾਨੂੰਨ ਖਤਮ ਕਰਕੇ ਠੇਕੇਦਾਰੀ ਸਿਸਟਮ ਜਾਰੀ ਰੱਖਣਾ, ਘੱਟੋ ਘੱਟ ਉਜਰਤਾਂ ਦਾ ਕਾਨੂੰਨ ਖਤਮ ਕਰਨਾ, ਟਰੇਡ ਯੂਨੀਅਨ ਐਕਟ ਵਿੱਚ ਸੋਧ ਕਰਕੇ ਯੂਨੀਅਨਾਂ ਬਣਾਉਣ ਤੇ ਰੋਕ ਲਗਾਉਣਾ, ਪੈਨਸ਼ਨ ਸਕੀਮ ਖਤਮ ਕਰਨਾ, ਪਬਲਿਕ ਸੈਕਟਰ ਖਤਮ ਕਰਨਾ, ਰੁਜਗਾਰ ਉਪਲਬਧ ਨਾ ਹੋਣਾ, ਗਰੀਬੀ ਦਾ ਵੱਧਣਾ, ਭਰਿਸ਼ਟਾਚਾਰ ਵਿੱਚ ਅਥਾਹ ਵਾਧਾ ਹੋਣਾ ਆਦਿ ਲੋਕ ਵਿਰੋਧੀ ਕਦਮ ਚੁੱਕੇ ਗਏ ਹਨ। ਧਾਲੀਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਮੁਲਾਜਮਾਂ ਮਜਦੂਰਾਂ, ਬੇਰੁਜਗਾਰਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਪਕੋਕਾ ਵਰਗੇ ਕਾਲੇ ਕਾਨੂੰਨ ਲਿਆਕੇ ਸੰਘਰਸ਼ਸ਼ੀਲ ਲੋਕਾਂ ਉਪਰ ਤਸ਼ੱਦਦ ਤੇਜ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਸਭ ਕੁੱਝ ਦੇ ਵਿਰੁੱਧ ਜਮਾਤੀ ਸੰਘਰਸ਼ ਹੀ ਇੱਕੋ ਇੱਕ ਰਾਹ ਹੈ। ਜਿਸ ਤੇ ਪਹਿਰਾ ਦਿੰਦਿਆ ਸੀ.ਪੀ.ਆਈ. ਵੱਲੋਂ 27 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਜਿਲ੍ਹਾ ਪਟਿਆਲਾ ਵਿੱਚੋਂ 1000 ਤੋਂ ਵੱਧ ਕਾਰਕੁੰਨ ਇਸ ਰੈਲੀ ਵਿੱਚ ਹੁੰਮ ਹੁੰਮਾ ਕੇ ਪੁੱਜਣਗੇ। ਇਸ ਮੀਟਿੰਗ ਨੂੰ ਸੀ.ਪੀ.ਆਈ. ਜਿਲ੍ਹਾ ਪਟਿਆਲਾ ਦੇ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੋਲਵੀਵਾਲਾ, ਸੀ.ਪੀ.ਆਈ. ਦੇ ਪੰਜਾਬ ਸਕੱਤਰੇਤ ਦੇ ਮੈਂਬਰ ਕਸ਼ਮੀਰ ਸਿੰਘ ਗਦਾਈਆਂ ਅਤੇ ਸੰਤੋਖ ਸਿੰਘ ਬੋਪਾਰਾਏ ਪਟਿਆਲਾ ਸ਼ਹਿਰੀ ਸਕੱਤਰ ਸੀ.ਪੀ.ਆਈ. ਨੇ ਸੰਬੋਧਨ ਕਰਦਿਆਂ ਹੁਣ ਤੱਕ ਦੀਆਂ ਰੈਲੀ ਤਿਆਰੀਆਂ ਦਾ ਜਿਕਰ ਕਰਦਿਆਂ ਤਸੱਲੀ ਪ੍ਰਗਟਾਈ ਕਿ ਜਿਲ੍ਹਾ ਪਟਿਆਲਾ ਵੱਲੋਂ 27 ਨਵੰਬਰ ਦੀ ਲੁਧਿਆਣਾ ਰੈਲੀ ਦੀ ਵੱਡੀ ਸਫਲਤਾ ਲਈ ਪੂਰੀ ਸ਼ਕਤੀ ਲਾਈ ਜਾ ਰਹੀ ਹੈ।

Leave a Reply

Your email address will not be published. Required fields are marked *