ਪੰਜਾਬਪਟਿਆਲਾ

ਸ਼ਾਹੀ ਸ਼ਹਿਰ ‘ਚ ਸਨੌਰੀ ਅੱਡੇ ਨੇੜੇ ਵਿਸਫੋਟ, 1 ਦੀ ਮੌਤ, ਆਸਪਾਸ ਲੋਕਾਂ ‘ਚ ਸਹਿਮ

ਪਟਿਆਲਾ, 16 ਨਵੰਬਰ (ਮਧੂਸਾਰ ਬਿਊਰੋ) : ਸ਼ਾਹੀ ਸ਼ਹਿਰ ਦੇ ਸਨੌਰੀ ਅੱਡਾ ਇਲਾਕੇ ‘ਚ ਸਥਿਤ ਮਿਰਚ ਮੰਡੀ ਵਿਖੇ ਦੇਰ ਰਾਤ ਜ਼ਬਰਦਸਤ ਵਿਸਫੋਟ ਵਿਚ 1 ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਸਫੋਟ ਮਗਰੋਂ ਆਸ ਪਾਸ ਇਲਾਕੇ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਧਮਾਕਾ ਏਨਾ ਜ਼ਬਰਦਸਤ ਸੀ ਕਿ ਆਸ ਪਾਸ, ਘਰਾਂ ਅਤੇ ਦੁਕਾਨਾਂ ਦੀਆਂ ਕੰਧਾਂ ‘ਚ ਤਰੇੜਾਂ ਆ ਗਈਆਂ ਅਤੇ ਸ਼ੀਸ਼ੇ ਤੱਕ ਟੁੱਟ ਗਏ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਗੋਦਾਮ ਦਾ ਸ਼ਟਰ ਤਕਰੀਬਨ ਅੱਧਾ ਕਿਲੋਮੀਟਰ ਦੂਰ ਜਾ ਡਿੱਗਾ ਤੇ ਨਾਲ ਦੀਆਂ ਚਾਰ ਦੁਕਾਨਾਂ ਦੀਆਂ ਛੱਤਾਂ ਤੱਕ ਉੱਡ ਗਈਆਂ। ਧਮਾਕੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਅੱਜ ਸਵੇਰ ਤੋਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਮਲਬਾ ਹਟਾਉਣ ਦਾ ਕੰਮ ਜਾਰੀ ਰਿਹਾ। ਇਸ ਮਗਰੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਬੰਬ ਸੁਕਐਡ ਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜੋ ਖਰੜ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜੇ ਗਏ। ਪੁਲਿਸ ਦਾ ਕਹਿਣਾ ਹੈ ਕੇ ਫੋਰੈਂਸਿਕ ਜਾਂਚ ਮਗਰੋਂ ਹੀ ਪੁਖਤਾ ਜਾਣਕਾਰੀ ਮੁਹੱਈਆ ਹੋ ਸਕੇਗੀ। ਫਿਲਹਾਲ ਪੁਲਿਸ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ।
ਇਸ ਸਬੰਧੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਅਜੇ ਅੱਗ ਕਿਸ ਵਜ੍ਹਾ ਨਾਲ ਲੱਗੀ ਉਸ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਪਾਈ। ਇਸ ਮੌਕੇ ਐਸ.ਪੀ. ਸਿਟੀ ਕੇਸਰ ਸਿੰਘ, ਡੀ.ਐਸ.ਪੀ. ਸਿਟੀ-1 ਸੌਰਭ ਜਿੰਦਲ, ਡੀ.ਐਸ.ਪੀ (ਡੀ) ਸੁਖਮਿੰਦਰ ਚੌਹਾਨ, ਡੀ.ਐਸ.ਪੀ ਸਿਮਰਜੀਤ ਸਿੰਘ ਪੀ.ਪੀ.ਐਸ, ਇੰਸਪੈਕਟਰ ਰਾਹੁਲ ਕੌਸ਼ਲ ਸਮੇਤ ਹੋਰ ਪੁਲਿਸ ਟੀਮ ਵੀ ਮੌਜੂਦ ਸੀ।

Leave a Reply

Your email address will not be published. Required fields are marked *