ਪੰਜਾਬਪਟਿਆਲਾ

ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਅਕਾਲੀ ਦਲ ਇਕਜੁੱਟਤਾ ਨਾਲ ਦੇਵੇਗਾ : ਸੁਰਜੀਤ ਸਿੰਘ ਰੱਖੜਾ

ਮਾਈਨਿੰਗ ਅਤੇ ਗੁੰਡਾਗਰਦੀ ਨਾਲ ਕਾਂਗਰਸ ਦੀ ਨੀਤ ਤੇ ਨੀਤੀ ਸਪੱਸ਼ਟ
ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਕੀਤੀ ਜਾ ਰਹੀ ਮਾਈਨਿੰਗ ਦਾ ਮਾਮਲਾ ਵਿਧਾਨ ਸਭਾ ‘ਚ ਉਠਾਵਾਂਗਾ : ਹਰਿੰਦਰਪਾਲ ਸਿੰਘ ਚੰਦੂਮਾਜਰਾ
ਪਟਿਆਲਾ 21 ਨਵੰਬਰ (ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸਰਪੰਚਾਂ ਖਿਲਾਫ਼ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਜਵਾਬ ਅਕਾਲੀ ਦਲ ਇਕਜੁੱਟਤਾ ਨਾਲ ਦੇਵੇਗਾ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਅਕਾਲੀ ਦਲ ਵੱਲੋਂ ਸੰਘਰਸ਼ ਕਰਨ ਅਤੇ ਧਰਨੇ ਲਾਉਣ ਤੋਂ ਸੰਕੋਚ ਨਹੀਂ ਕੀਤਾ ਜਾਵੇਗਾ।

ਇਕ ਸਵਾਲ ਦੇ ਜਵਾਬ ‘ਚ ਸ. ਰੱਖੜਾ ਨੇ ਕਿਹਾ ਕਿ ਜਿੰਨੀ ਨਾਦਰਸ਼ਾਹੀ ਕਾਂਗਰਸ ਸਰਕਾਰ ਦੇ ਰਾਜ ਵਿਚ ਹੋ ਰਹੀ ਇਸ ਤੋਂ ਪਹਿਲਾਂ ਏਨੀ ਗੁੰਡਾਗਰਦੀ ਕਦੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੂਬੇ ਤੇ ਜ਼ਿਲ੍ਹੇ ਵਿਚ ਸਰਕਾਰ ਤੇ ਪ੍ਰਸ਼ਾਸਨ ਨਾ ਦੀ ਕੋਈ ਚੀਜ਼ ਨਹੀਂ । ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂ ਗੁੰਡਾਗਰਦੀ ਕਰਨ ‘ਚ ਲੱਗੇ ਹੋਏ ਹਨ।
ਕਸਬਾ ਘਨੌਰ ‘ਚ ਕੀਤੀ ਜਾ ਰਹੀ ਮਾਈਨਿੰਗ ਸਬੰਧੀ ਬੋਲਦਿਆਂ ਸ. ਰੱਖੜਾ ਨੇ ਕਿਹਾ ਕਿ ਸਰਕਾਰ ਦੀ ਸ਼ਹਿ ‘ਤੇ ਕਾਂਗਰਸੀ ਆਗੂ ਮਾਈਨਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਨੂੰ ਲੈ ਕੇ ਕਾਂਗਰਸੀ ਵੱਲੋਂ ਕੀਤੀ ਗਈ ਕੁੱਟਮਾਰ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਗੁੰਡਾਗਰਦੀ ਦੀ ਮਿਸਾਲ ਅੱਜ ਸਾਰਿਆਂ ਦੇ ਸਾਹਮਣੇ ਆਉਣ ਲੱਗ ਪਈ ਹੈ।
ਸ. ਰੱਖੜਾ ਨੇ ਕਿਹਾ ਕਿ ਆਪ ਆਗੂਆਂ ਵੱਲੋਂ ਅਕਾਲੀ ਦਲ ‘ਤੇ ਵੱਡੇ ਵੱਡੇ ਦੋਸ਼ ਲਗਾਏ ਜਾਂਦੇ ਸਨ, ਜਿਸ ‘ਚ ਉੱਕਾ ਸੱਚਾਈ ਨਹੀਂ ਸੀ। ਉਨ੍ਹਾਂ ਕਿਹਾ ਕਿ ਆਪ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਸੰਮਨ ਹੋਏ ਹਨ, ਜਿਸ ਨਾਲ ਸਾਬਤ ਹੁੰਦਾ ਹੈ ਕਿ ਖਹਿਰਾ ਦਾ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨਾਲ ਸਬੰਧ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਤੇ ਦੋਸ਼ ਲਾਉਣ ਵਾਲੇ ਆਪ ਆਗੂ ਖ਼ੁਦ ਨਸ਼ੇ ਦੇ ਮਾਮਲੇ ‘ਚ ਘਿਰ ਚੁੱਕੇ ਹਨ ਅਤੇ ਖਹਿਰਾ ਦੀ ਗ੍ਰਿਫਤਾਰੀ ਸਰਕਾਰ ਨੂੰ ਕਰਨੀ ਚਾਹੀਦੀ ਹੈ।
ਇਸ ਦੌਰਾਨ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਡਰੱਗਜ਼ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦੇਣਾ ਹਾਸੋਹੀਣਾ ਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਜਾਂਚ ਹੋਣ ਮਗਰੋਂ ਵੀ ਸਾਰਾ ਮਾਮਲੇ ਜੁਡੀਸ਼ਰੀ ਕੋਲ ਜਾਂਚ ਹੈ, ਪ੍ਰੰਤੂ ਹਾਈਕੋਰਟ ਵੱਲੋਂ ਖਹਿਰਾ ਨੂੰ 319 ‘ਚ ਸੰਮਨ ਕੀਤੇ ਜਾਣ ਜਾਣ ਨਾਲ ਖਹਿਰਾ ਦੀ ਡਰੱਗਜ਼ ਤਸਕਰਾਂ ਨਾਲ ਮਿਲੇ ਹੋਣ ਦੀ ਪੋਲ ਖੁੱਲ੍ਹ ਚੁੱਕੀ ਹੈ। ਚੰਦੂਮਾਜਰਾ ਨੇ ਕਿਹਾ ਕਿ ਖਹਿਰਾ ਨੂੰ ਨੈਤਿਕ ਕਦਰਾਂ ਕੀਮਤਾਂ ਨੂੰ ਧਿਆਨ ‘ਚ ਰੱਖਕੇ ਅਸਤੀਫਾ ਦੇਣਾ ਚਾਹੀਦਾ ਹੈ।
ਇਕ ਸਵਾਲ ਦੇ ਜਵਾਬ ‘ਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਅਤੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੇ ਆਸ ਪਾਸ ਕਸਬਿਆਂ ‘ਚ ਸ਼ਰੇਆਮ ਕਾਂਗਰਸੀਆਂ ਵੱਲੋਂ ਮਾਈਨਿੰਗ ਕਰਨਾ ਅਤੇ ਗੁੰਡਾਗਰਦੀ ਕਰਨੀ ਮੰਦਭਾਗੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਾਈਨਿੰਗ ਮਾਮਲੇ ਨੂੰ ਅਗਾਮੀ ਵਿਧਾਨ ਸਭਾ ‘ਚ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ।

Leave a Reply

Your email address will not be published. Required fields are marked *