ਪੰਜਾਬੀ ਯੂਨੀਵਰਸਿਟੀ ਵਿਖੇ “ਮੀਡੀਆ ਅਤੇ ਸਿਹਤ: ਸਿੱਖਿਆ, ਖੋਜ ਅਤੇ ਜਨਤਕ ਨੀਤੀਆਂ“ ਵਿਸ਼ੇ ਤੇ ਸੈਮੀਨਾਰ ਤੇ ਵਰਕਸ਼ਾਪ
ਪਟਿਆਲਾ, 24 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐਮ.ਆਰ.ਸੀ.) ਵਲੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਸਰਪ੍ਰਸਤੀ ਹੇਠ “ਮੀਡੀਆ ਅਤੇ ਸਿਹਤ: ਸਿੱਖਿਆ, ਖੋਜ ਅਤੇ ਜਨਤਕ ਨੀਤੀਆਂ“ ਵਿਸ਼ੇ ਤੇ ਇੱਕ ਰਾਸ਼ਟਰੀ ਸੈਮੀਨਾਰ ਅਤੇ ਮੈਸਿਵ ਓਪਨ ਆਨਲਾਈਨ ਕੋਰਸਿਜ਼ (ਮੂਕਸ) ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਆਯੋਜਿਤ ਕੀਤੇ ਗਏ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਖੋਜ ਤੇ ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਸਮਾਰੋਹ ਦੇ ਮੁੱਖ ਮਹਿਮਾਨ ਸਨ। ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਉਘੇ ਫਿਲਮ ਨਿਰਮਾਤਾ ਅਤੇ ਸਿਹਤ ਮਾਮਲਿਆਂ ਦੇ ਮਾਹਿਰ ਵਿਦਵਾਨ ਡਾ. ਵਿਕਰਮ ਦੱਤ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਸਰਕਾਰ ਦੀਆਂ ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਲਈ ਮੁਫਤ ਡਾਇਲਿਸਜ਼ ਦੀ ਸੁਵਿਧਾ ਸ਼ੁਰੂ ਕਰਨ, ਮੌਜੂਦਾ ਜਨਤਕ ਹਸਪਤਾਲਾਂ ਵਿਚ ਸੇਵਾਵਾਂ ਵਿੱਚ ਸੁਧਾਰ ਲਿਆਉਣ ਵਰਗੀਆਂ ਵੱਖੋ-ਵੱਖਰੀਆਂ ਨੀਤੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਮੋਹਾਲੀ ਵਿੱਚ ਇੱਕ ਨਵਾਂ ਸਰਕਾਰੀ ਹਸਪਤਾਲ ਖੋਲਿਆ ਜਾਵੇਗਾ। ਯੂਨੀਵਰਸਲ ਕੈਸ਼ਲੈਸ ਲਾਇਸੈਂਸ ਸਕੀਮ ਨੂੰ ਸ਼ੁਰੂ ਕਰਨ ਅਤੇ ਤੀਸਰੇ ਪੱਧਰ ‘ਤੇ ਗੁਣਵੱਤਾ ਸਿਹਤ ਸੇਵਾਵਾਂ ਦੀ ਸ਼ੁਰੂਆਤ ਕਰਨ ਬਾਰੇ ਸਰਕਾਰ ਦੇ ਯਤਨਾਂ ਦੀ ਗੱਲ ਕਰਦਿਆਂ ਸ਼੍ਰੀ ਬ੍ਰਹਮ ਮਹਿੰਦਰਾ ਨੇ ਮੀਡੀਆ ਨੂੰ ਸਕਾਰਾਤਮਕ ਰਿਪੋਰਟਿੰਗ ਕਰਨ ਦੀ ਅਪੀਲ ਕੀਤੀ ਹਾਲਾਂਕਿ ਸਨਸਨੀਖੇਜ਼ ਕਵਰੇਜ ਤੋਂ ਦੂਰ ਰਹਿਣਾ ਵੀ ਔਖਾ ਹੈ।
ਡਾ. ਘੁੰਮਣ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਸਿਹਤ ਅਤੇ ਜਨਤਕ ਨੀਤੀਆਂ ਦਾ ਖਰੜਾ ਤਿਆਰ ਕਰਨਾ ਅਤੇ ਇਨ੍ਹਾਂ ਨੂੰ ਲਾਗੂ ਕਰਨਾ ਪ੍ਰਭਾਵਸ਼ਾਲੀ ਪ੍ਰਕਿਰਿਆਵਾਂ ਹਨ, ਜਿਨ੍ਹਾਂ ਲਈ ਮੀਡੀਆ ਅਤੇ ਵਿਦਿਅਕ ਅਦਾਰੇ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਨਵੇਂ ਉਭਰ ਰਹੇ ਸਿਹਤ ਮੁੱਦਿਆਂ ਦੀ ਪਛਾਣ ਕਰਨ ਅਤੇ ਸਰਕਾਰ ਦੁਆਰਾ ਸਫਲ ਨੀਤੀਆਂ ਬਣਾਉਣ ਲਈ ਮੀਡੀਆ ਦੁਆਰਾ ਠੋਸ ਸੁਝਾਅ ਦੇਣ ‘ਤੇ ਜ਼ੋਰ ਦਿੱਤਾ। ਡਾ. ਘੁੰਮਣ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ ਸਾਰੇ ਹਿੱਸੇਦਾਰਾਂ, ਵਿਸ਼ੇਸ਼ ਤੌਰ ‘ਤੇ ਮੀਡੀਆ ਦੇ ਸੁਝਾਅ ਅਤੇ ਨਿਰੀਖਣ ਲਏ ਜਾ ਸਕਦੇ ਹਨ ਕਿਉਂਕਿ ਆਮ ਵਿਅਕਤੀ ਆਮ ਤੌਰ ਤੇ ਇਸ ਪ੍ਰਕ੍ਰਿਆ ਵਿੱਚ ਹਿੱਸਾ ਨਹੀਂ ਲੈਂਦਾ।
ਡਾ. ਵਿਕਰਮ ਦੱਤ ਨੇ ਨਵੀਨਤਮ ਕੌਮੀ ਸਿਹਤ ਨੀਤੀ ਦੇ ਵੱਖੋ-ਵੱਖਰੇ ਹਿੱਸਿਆਂ ਅਤੇ ਵੱਖ-ਵੱਖ ਮਾਹਿਰਾਂ ਵਲੋਂ ਸਿਹਤ ਖੇਤਰ ਵਿਚ ਦਿੱਤੇ ਗਏ ਸੁਝਾਵਾਂ ਅਨੁਸਾਰ ਟੀਚੇ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕੀਤਾ। ਡਾਇਰੈਕਟਰ,ਈ.ਐਮ.ਆਰ.ਸੀ. ਡਾ. ਮਾਨ ਨੇ ਕਿਹਾ ਕਿ ਇਸ ਸੈਮੀਨਾਰ-ਕਮ-ਵਰਕਸ਼ਾਪ ਦਾ ਉਦੇਸ਼ ਸਰਕਾਰੀ ਸਹਾਇਤਾ ਪ੍ਰਾਪਤ ਹਸਪਤਾਲਾਂ ਵਿਚ ਮੈਡੀਕਲ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਮੀਡੀਆ ਅਤੇ ਸਿਹਤ ਵਿਚਾਲੇ ਇਕ ‘ਠੋਸ ਦ੍ਰਿਸ਼ਟੀਕੋਣ’ ਵਿਕਸਤ ਕਰਨਾ ਹੈ। ਉਨ੍ਹਾਂ ਨੇ ਨਵੇਂ-ਉਭਰ ਰਹੇ ਮਨੋਵਿਗਿਆਨਕ ਰੋਗਾਂ ਨਾਲ ਨਜਿੱਠਣ ਲਈ ਅਧਿਆਤਮਿਕ ਸਿਹਤ ਸੰਭਾਲ ਦੇ ਲਾਭਾਂ ਅਤੇ ‘ਰੂਹਾਨੀ ਕਲੀਨਿਕ’ ਖੋਲ੍ਹਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਡਾ ਮਾਨ ਨੇ ਕਿਹਾ ਕਿ ਆਪਣੀ ਕਿਸਮ ਦੀ ਇਸ ਪਹਿਲੀ ਮੂਕਸ ਵਰਕਸ਼ਾਪ ਵਿੱਚ ਡਿਜੀਟਲ ਅਤੇ ਈ-ਲਰਨਿੰਗ ਵਿਧੀਆਂ ਰਾਹੀਂ ਵਿਦਿਆਰਥੀਆਂ ਲਈ ਭਾਰਤ ਸਰਕਾਰ ਦੀ ‘ਦੂਰਦੂਰਾਡੇ ਖੇਤਰਾਂ ਤੱਕ ਪਹੁੰਚ’ ਅਤੇ ‘ਕਲਾਸਰੂਮ ਤੋਂ ਬਾਹਰ’ ਸਕੀਮ ਦੇ ਤਹਿਤ ਇਸ ਦੇ ਕਾਰਜਕਾਰੀ ਪਹਿਲੂ ਸਮਝਣ ਵਿੱਚ ਮਦਦ ਕਰਨ ਵਾਲੇ ਵੱਖ ਵੱਖ ਪੱਖਾਂ ਦੀ ਵਿਸਤ੍ਰਿਤ ਰੂਪ ਵਿੱਚ ਵਿਚਾਰ-ਚਰਚਾ ਕੀਤੀ ਗਈ। ਇੰਜ. ਮਨਪ੍ਰੀਤ ਸਿੰਘ, ਰਿਸਰਚ ਅਫਸਰ, ਈਐਮਆਰਸੀ ਨੇ ਆਪਣੀ ਪੀਪੀਟੀ ਪੇਸ਼ਕਾਰੀ ਰਾਹੀਂ ਮੂਕਸ ਦੇ ਵੱਖੋ-ਵੱਖਰੇ ਸੰਕਲਪੀ ਅਤੇ ਕਾਰਜਸ਼ੀਲ ਪਹਿਲੂਆਂ ਤੇ ਚਾਨਣਾ ਪਾਇਆ। ਇਸ ਮੌਕੇ ਤੇ ਡੀਨ ਰਿਸਰਚ ਡਾ. ਜੀ.ਐਸ. ਬੱਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

