ਪਟਿਆਲਾ

ਐਸ.ਸੀ./ਐਸ.ਟੀ. ਵਿਦਿਆਰਥੀਆਂ ਤੋਂ ਫੀਸਾਂ ਲੈਣ ਦਾ ਵਿਰੋਧ ਕੀਤਾ ਜਾਵੇਗਾ: ਪੀ.ਐਸ.ਯੂ.

ਪਟਿਆਲਾ, 24 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਫ਼ਦ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਯੂਨੀਵਰਸਿਟੀ ਵਿੱਚ ਪਹੁੰਚੇ ਕੈਬਨਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਐਸ.ਸੀ./ਐਸ.ਟੀ. ਵਰਗ ਦੇ ਵਿਦਿਆਰਥੀਆਂ ਤੋਂ ਜਬਰੀ ਭਰਾਈਆਂ ਜਾ ਰਹੀਆਂ ਫੀਸਾਂ ਦੇ ਮਸਲੇ ਸੰਬੰਧੀ ਮਿਲਿਆ।

ਜਿਕਰਯੋਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ.ਸੀ./ਐਸ.ਟੀ. ਵਰਗ ਦੇ ਵਿਦਿਆਰਥੀਆਂ ਦੀ ਪੂਰੀ ਫੀਸ ਮਾਫ਼ ਹੁੰਦੀ ਹੈ ਪਰੰਤੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਫੀਸ ਭਰਨ ਦੇ ਨੋਟਿਸ ਲਗਾ ਦਿੱਤੇ ਗਏ ਹਨ। ਐਜ਼ੂਕੇਸ਼ਨ ਵਿਭਾਗ ਵਿੱਚ ਐਮ.ਐਡ. ਦੀ ਡਿਗਰੀ ਕਰ ਰਹੇ ਐਸ.ਸੀ. ਵਰਗ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ 45000-46000 ਰੁਪਏ ਪ੍ਰਤੀ ਸਮੈਸਟਰ ਫੀਸ ਭਰਨ ਲਈ ਕਿਹਾ ਗਿਆ ਹੈ। ਜਦੋ ਇਹ ਮਸਲਾ ਵਿਦਿਆਰਥੀ ਭਾਲਈ ਡੀਨ ਕੁਲਬੀਰ ਸਿੰਘ ਦੇ ਧਿਆਨ ਵਿੱਚ ਲਿਆ ਗਿਆ ਤਾਂ ਉਹਨਾਂ ਇਸ ਸੰਬੰਧੀ ਕਿਹਾ ਕਿ ਸਰਕਾਰ ਵੱਲੋਂ ਆਉਂਦੀ ਫੀਸ ਅਤੇ ਯੂਨੀਵਰਸਿਟੀ ਵੱਲੋਂ ਤੈਅ ਕੀਤੀ ਫੀਸ ਵਿੱਚ ਕਾਫ਼ੀ ਅੰਤਰ ਹੈ ਇਸ ਲਈ ਇਹ ਮਸਲਾ ਸਰਕਾਰ ਨਾਲ ਮਿਲਕੇ ਹੱਲ ਕੀਤਾ ਜਾਵੇਗਾ। ਇਸ ਤੋਂ ਬਾਅਦ ਵਫ਼ਦ ਯੂਨੀਵਰਸਟੀ ਦੇ ਗੈਸਟ-ਹਾਊਸ ਵਿੱਚ ਬ੍ਰਹਮ ਮਹਿੰਦਰਾ ਨੂੰ ਮਿਲਿਆ, ਉਹਨਾਂ ਕਿਹਾ ਕਿ ਇਹ ਮਸਲਾ ਸਰਕਾਰ ਦੇ ਧਿਆਨ ਵਿੱਚ ਹੈ ਤੇ ਜਲਦ ਹੱਲ ਕੀਤਾ ਜਾਵੇਗਾ। ਪ੍ਰੈਸ ਬਿਆਨ ਜਾਰੀ ਕਰਦਿਆਂ ਪੀ.ਐਸ.ਯੂ. ਸੂਬਾ ਆਗੂ ਗੁਰਸੇਵਕ ਸਿੰਘ ਨੇ ਕਿਹਾ ਇਸ ਵਰਤਾਰੇ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਿੱਥੇ ਵਿਦਿਆਰਥੀਆਂ ਨੇ ਆਪਣੇ ਪੇਪਰਾਂ ਦੀ ਤਿਆਰੀ ਕਰਨੀ ਸੀ ਉੱਥੇ ਹੁਣ ਉਹ ਫੀਸ ਦੀ ਚਿੰਤਾਂ ਵਿੱਚ ਘਿਰੇ ਹੋਏ ਹਨ। ਹਜ਼ਾਰਾਂ ਰੁਪਏ ਗਰੀਬ ਵਿਦਿਆਰਥੀ ਕਿੱਥੋਂ ਲੈ ਕੇ ਆਉਣ। ਨਵੀਂ ਬਣੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ ਸਗੋਂ ਮਿਲਦੀਆਂ ਸਹੂਲਤਾਂ ਵੀ ਖੋਹ ਦੀ ਤਿਆਰੀ ਹੈ। ਇਹ ਸਾਰਾ ਵਰਤਾਰਾ ਸਿੱਖਿਆ ਦਾ ਨਿੱਜੀਕਰਨ ਤੇ ਆਮ ਲੋਕਾਂ ਨੂੰ ਸਿੱਖਿਆ ਤੋਂ ਬਾਹਰ ਕਰਨ ਦਾ ਹੈ। ਅਸੀਂ ਇਸ ਫੈਸਲੇ ਦੀ ਨਿਖੇਧੀ ਕਰਦੇ ਹਾਂ ਅਤੇ ਜਲਦ ਫੀਸ ਵਾਪਿਸ ਲੈਣ ਦੀ ਮੰਗ ਕਰਦੇ ਹਾਂ। ਜੇਕਰ ਇਹ ਫੈਸਲਾ ਵਾਪਿਸ ਨਾ ਲਿਆ ਗਿਆਂ ਤਾਂ ਯੂਨੀਵਰਸਿਟੀ ਸਮੇਤ ਪੂਰੇ ਪੰਜਾਬ ਵਿੱਚ ਇਸ ਸੰਬੰਧੀ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਗੁਰਵਿੰਦਰ ਸਿੰਘ, ਪਰਦੀਪ ਸਿੰਘ, ਸੰਦੀਪ ਸਿੰਘ, ਭੁਪਿੰਦਰ ਸਿੰਘ, ਜਗਸੀਰ ਸਿੰਘ, ਦ੍ਰੋਪਤੀ ਤੇ ਮਨਦੀਪ ਕੌਰ ਆਦਿ ਨਾਲ ਬਹੁਤ ਸਾਰੇ ਵਿਦਿਆਰਥੀ ਮੋਜੂਦ ਸਨ।

Leave a Reply

Your email address will not be published. Required fields are marked *