ਸ਼੍ਰੋਮਣੀ ਕਮੇਟੀ ਮਨੁੱਖਤਾ ਨੂੰ ਸਮਰਪਿਤ ਕਾਰਜਸ਼ੀਲ ਡਾਕਟਰ ਜੋੜੇ ਨੂੰ ਕਰੇਗੀ ਸਨਮਾਨਤ : ਪ੍ਰੋ. ਬਡੂੰਗਰ
ਪ੍ਰੋ. ਬਡੂੰਗਰ ਵੱਲੋਂ ਅੱਖਾਂ ਦੇ ਮੁਫ਼ਤ ਚੈਕਅੱਪ ਕੈਂਪ ਦਾ ਉਦਘਾਟਨ
ਪਟਿਆਲਾ (ਮਧੂਸਾਰ ਬਿਊਰੋ) ਮਾਨਵਤਾ ਦੇ ਭਲੇ ਲਈ ਸੰਸਾਰ ਪੱਧਰ ‘ਤੇ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਡਾ. ਧਨਵੰਤ ਸਿੰਘ ਅੱਖਾਂ ਦੇ ਹਸਪਤਾਲ ਵੱਲੋਂ ਅੱਖਾਂ ਦੇ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੈਂਪ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਲਗਾਇਆ ਗਿਆ।
ਅੱਖਾਂ ਦੇ ਮੁਫ਼ਤ ਚੈਕਅੱਪ ਕੈਂਪ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਦੁਨੀਆ ‘ਚ ਪ੍ਰਸਿੱਧ ਡਾਕਟਰ ਧਨਵੰਤ ਸਿੰਘ ਗਰੇਵਾਲ ਵੱਲੋਂ ਸਮਾਜ ਦੇ ਲੋੜਵੰਦ ਤੇ ਜ਼ਰੂਰਤਮੰਦ ਵਿਅਕਤੀਆਂ ਨੂੰ ਸਮਰਪਿਤ ਹੋ ਕੇ ਮਨੁੱਖਤਾ ਦੇ ਭਲੇ ਲਈ ਮੁਫ਼ਤ ਸੇਵਾ ਕੀਤੀ ਗਈ, ਜਿਨ੍ਹਾਂ ਦੇ ਸਿਰੜੀ ਯਤਨਾਂ ਸਦਕਾ ਕਈਆਂ ਨੂੰ ਅੱਖਾਂ ਦੀ ਰੌਸ਼ਨੀ ਮਿਲੀ। ਉਨ੍ਹਾਂ ਵੱਲੋਂ ਵਿਖਾਏ ਮਾਰਗ ਦੇ ਪਾਂਧੀ ਸਪੁੱਤਰ ਡਾ. ਪੀ.ਐਸ. ਗਰੇਵਾਲ ਅਤੇ ਨੂੰਹ ਡਾ. ਮੋਨਾ ਗੁਰਕਿਰਨ ਕੌਰ ਵੱਲੋਂ ਭਲਾਈ ਕਾਰਜਾਂ ਦੇ ਮਿਸ਼ਨ ਨੂੰ ਅੱਗੇ ਤੋਰਨ ‘ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਡਾਕਟਰ ਜੋੜੇ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤਾ ਜਾ ਰਿਹਾ ਮਹਾਨ ਕਾਰਜ ਸ਼ਲਾਘਾਯੋਗ ਹੈ, ਜੋ ਮਨੁੱਖਤਾ ਨੂੰ ਸਮਰਪਿਤ ਹੋ ਕੇ ਸਿਰਫ ਮਿਸਾਲ ਦੇ ਰੂਪ ‘ਚ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸਮਾਜ ਅਤੇ ਮਨੁੱਖਤਾ ਪ੍ਰਤੀ ਪ੍ਰੇਰਨਾ ਦੇ ਰੂਪ ‘ਚ ਕੰਮ ਕਰਨ ਵਾਲੇ ਡਾਕਟਰ ਜੋੜੇ ਵੱਲੋਂ ਪਿਆਰ, ਸ਼ਿੱਦਤ ਅਤੇ ਦਿਆਨਤਦਾਰੀ ਨਾਲ ਕੀਤੀ ਜਾ ਰਹੀ ਸੇਵਾ ਨੂੰ ਵੇਖਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਨੇੜ ਭਵਿੱਖ ‘ਚ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।
ਇਸ ਮੌਕੇ ਮਰੀਜ਼ਾਂ ਦਾ ਚੈਕਅੱਪ ਕਰਨ ਲਈ ਮਾਹਿਰ ਡਾਕਟਰਾਂ ਦੀ ਟੀਮ ‘ਚ ਡਾ. ਪੀ.ਐਸ. ਗਰੇਵਾਲ ਅਤੇ ਡਾ. ਮੋਨਾ ਗੁਰਕਿਰਨ ਕੌਰ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਅੱਖਾਂ ਨਾਲ ਪੀੜਤ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਨੇ ਜਿਥੇ ਅੱਖਾਂ ਦੀ ਸਾਂਭ-ਸੰਭਾਲ ਦੇ ਨੁਕਤੇ ਦਿੱਤੇ, ਉਥੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈ ਵੀ ਦਿੱਤੀ। ਕੈਂਪ ਦੌਰਾਨ 400 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਮਾਹਿਰ ਡਾਕਟਰਾਂ ਵੱਲੋਂ ਕੀਤਾ ਗਿਆ।
ਉਦਘਾਟਨ ਮੌਕੇ ਸਕੱਤਰ ਹਰਭਜਨ ਸਿੰਘ ਮਨਾਵਾਂ, ਐਡੀ. ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਨਿੱਜੀ ਸਹਾਇਕ ਭਗਵੰਤ ਸਿੰਘ ਧੰਗੇੜਾ, ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਆਦਿ ਹਾਜ਼ਰ ਸਨ।

