ਸਨੌਰ ‘ਚ ਕਾਂਗਰਸ ਨੂੰ ਝਟਕਾ : ਲਾਲੀ ਧਾਲੀਵਾਲ ਸਮਰਥਕਾਂ ਸਣੇ ਅਕਾਲੀ ਦਲ ‘ਚ ਸ਼ਾਮਲ
ਪਟਿਆਲਾ 7 ਦਸੰਬਰ (ਮਧੂਸਾਰ ਬਿਊਰੋ) ਹਲਕਾ ਸਨੌਰ ਵਿਚ ਪੈਂਦੇ ਵਾਰਡ ਨੰ. 17 ਤੇ 18 ਵਿਚ ਕਾਂਗਰਸ ਨੂੰ ਉਸ ਸਮੇਂ ਜ਼ੋਰਦਾਰ ਝਟਕਾ ਲੱਗਾ, ਜਿਸ ਸਮੇਂ ਸੀਨੀਅਰ ਆਗੂ ਲਾਲੀ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਵਾਗਤ ਕੀਤਾ ਅਤੇ ਐਲਾਨ ਕੀਤਾ ਕਿ ਲਾਲੀ ਧਾਲੀਵਾਲ ਨੂੰ ਪਾਰਟੀ ਵਿਚ ਸਤਿਕਾਰਯੋਗ ਥਾਂ ਦਿੱਤੀ ਜਾਵੇਗੀ। ਲਾਲੀ ਧਾਲੀਵਾਲ ਉਨ੍ਹਾਂ ਆਗੂਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਵਾਰਡ ਨੰ. 17 ਤੇ 18 ਵਿਚ ਹਮੇਸ਼ਾ ਹੀ ਕਾਂਗਰਸ ਦੀ ਕਮਾਂਡ ਸੰਭਾਲੀ। ਉਨ੍ਹਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮੌਕੇ ਲਾਲੀ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਪਰਿਵਾਰਵਾਦ ਦੀ ਪਾਰਟੀ ਬਣ ਕੇ ਰਹਿ ਗਈ ਹੈ, ਜਿਸ ਨੇ ਹਮੇਸ਼ਾ ਹੀ ਲੋਕਾਂ ਨੂੰ ਗੁੰਮਰਾਹ ਕੀਤਾ। ਜਿਹੜੇ ਵਾਅਦੇ ਵਿਧਾਨ ਸਭਾ ਵਿਚ ਕੀਤੇ ਸਨ, ਕੋਈ ਵੀ ਪੂਰਾ ਨਹੀਂ ਕੀਤਾ। ਜਿਥੋਂ ਤੱਕ ਟਿਕਟਾਂ ਦੀ ਵੰਡ ਦਾ ਮਾਮਲਾ ਹੈ, ਅਜਿਹੇ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿਨ੍ਹਾਂ ਦਾ ਕਾਂਗਰਸ ਨਾਲ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਹੈ। ਪਾਰਟੀ ਦੇ ਵਫਾਦਾਰ ਵਰਕਰ ਤੇ ਆਗੂਆਂ ਨੂੰ ਅਣਗੋਲਿਆਂ ਕਰ ਦਿੱਤਾ ਗਿਆ ਹੈ। ਲਾਲੀ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਹੁਣ ਪਹਿਲੀ ਵਾਲੀ ਕਾਂਗਰਸ ਨਹੀਂ ਸਗੋਂ ਮੌਕਾ ਪ੍ਰਸਤ ਆਗੂਆਂ ਦੀ ਇਕ ਜੁੰਡਲੀ ਬਣ ਕੇ ਰਹਿ ਗਈ ਹੈ। ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲਾਲੀ ਧਾਲੀਵਾਲ ਇਕ ਸੁਲਝੇ ਹੋਏ ਆਗੂ ਹਨ ਤੇ ਉਨ੍ਹਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਨਿਸ਼ਚਿਤ ਤੌਰ ‘ਤੇ ਨਗਰ ਨਿਗਮ ਚੋਣਾਂ ਵਿਚ ਜਿਥੇ ਅਕਾਲੀ ਦਲ ਨੂੰ ਵੱਡਾ ਲਾਭ ਹੋਵੇਗਾ, ਉਥੇ ਕਾਂਗਰਸ ਨੂੰ ਇਕ ਵੱਡਾ ਝਟਕਾ ਕਿਹਾ ਜਾ ਸਕਦਾ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਸੁਰਜੀਤ ਸਿੰਘ ਗੜ੍ਹੀ, ਸੰਦੀਪ ਸਿੰਘ ਰਾਜਾ ਤੁੜ, ਕੁਲਦੀਪ ਹਰਪਾਲਪੁਰ, ਇੰਦਰਮੋਹਨ ਸਿੰਘ ਬਜਾਜ, ਗੁਰਿੰਦਰ ਸ਼ਕਤੀਮਾਨ, ਡਾ. ਰਵੇਲ ਸਿੰਘ, ਬੀਬੀ ਮਹਿੰਦਰ ਕੌਰ ਤੇ ਹੋਰ ਆਗੂ ਵੀ ਹਾਜ਼ਰ ਸਨ।

