ਕਾਂਗਰਸ ਸਰਕਾਰ ਨੇ ਕੀਤਾ ਲੋਕਤੰਤਰ ਦਾ ਕਤਲ : ਪ੍ਰੋ. ਚੰਦੂਮਾਜਰਾ
-ਪਾਰਟੀ ਪ੍ਰਧਾਨ ਦੇ ਫੋਨ ਆਉਣ ਤੋਂ ਬਾਅਦ ਸਾਢੇ 5 ਵਜੇ ਚੁੱਕਿਆ ਧਰਨਾ
ਫ਼ਤਹਿਗੜ੍ਹ ਸਾਹਿਬ: 8 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵਲੋਂ ਸਥਾਨਕ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਜ਼ਬਰਦਸਤੀ ਨਾਮਜ਼ਦਗੀ ਪੱਤਰ ਰੱਦ ਕਰਨ ਅਤੇ ਕਾਂਗਰਸੀ ਵਰਕਰਾਂ ‘ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿਚ ਅੱਜ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਰਕਰਾਂ ਵਲੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਜੀ. ਟੀ. ਰੋਡ ‘ਤੇ ਜਾਮ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੂਰਾ ਦਿਨ ਅਕਾਲੀਆਂ ਨੇ ਰੋਡ ਜਾਮ ਰੱਖੀ ਅਤੇ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ।
ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਫੋਨ ‘ਤੇ ਸੂਚਿਤ ਕੀਤਾ ਗਿਆ ਕਿ ਜਿਹੜੇ ਵਰਕਰਾਂ ‘ਤੇ ਕੇਸ ਬਣਾਏ ਗਏ ਸਨ, ਉਹ ਸਾਰੇ ਵਾਪਸ ਲੈ ਲਏ ਗਏ ਅਤੇ ਜਿਹੜੇ ਕਾਂਗਰਸੀ ਵਰਕਰਾਂ ਨੇ ਗੋਲੀਆਂ ਚਲਾਈਆਂ ਤੇ ਅਕਾਲੀ ਆਗੂਆਂ ਦੀ ਕੁੱਟਮਾਰ ਕੀਤੀ, ਉਨ੍ਹਾਂ ‘ਤੇ ਕੇਸ ਬਣਾ ਦਿੱਤੇ ਗਏ ਹਨ। ਸਰਕਾਰ ਦੇ ਭਰੋਸੇ ਤੋਂ ਬਾਅਦ ਹੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ ਹੈ। ਜੇਕਰ ਕਿਸੇ ਨੂੰ ਚੋਣ ਲੜਨ ਹੀ ਨਹੀਂ ਦੇਣੀ ਤਾਂ ਫਿਰ ਇਹ ਚੋਣਾ ਕਰਵਾਉਣ ਦੀ ਤੁਕ ਕੀ ਬਣਦੀ ਹੈ? ਸ਼ਰੇਆਮ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਨਹੀਂ ਭਰਨ ਦਿੱਤੇ ਗਏ। ਜਿਨ੍ਹਾਂ ਨੇ ਭਰੇ ਉਨ੍ਹਾਂ ਦੇ ਜਬਰਨ ਰੱਦ ਕੀਤੇ ਜਾ ਰਹੇ ਹਨ। ਜਿਹੜੇ ਉਮੀਦਵਾਰ ਚੋਣ ਤੋਂ ਨਹੀਂ ਹਟ ਰਹੇ, ਉਨ੍ਹਾਂ ‘ਤੇ ਸ਼ਰੇਆਮ ਕਾਤਲਾਨਾ ਹਮਲੇ ਹੋ ਰਹੇ ਹਨ ਤਾਂ ਫਿਰ ਪੰਜਾਬ ਵਿਚ ਕਿਹੜਾ ਲੋਕਤੰਤਰ। ਕਦੇ ਇਹ ਉਦਾਹਰਨਾਂ ਬਿਹਾਰ ਦੀਆਂ ਦਿੱਤੀਆਂ ਜਾਂਦੀਆਂ ਸਨ ਪਰ ਅੱਜ ਸਥਿਤੀ ਬਿਹਾਰ ਨਾਲੋਂ ਵੀ ਬਦਤਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗੁੰਡਾਗਰਦੀ ਦੀਆਂ ਸਮੁੱਚੀਆਂ ਹੱਦਾਂ ਪਾਰ ਕਰ ਦਿੱਤੀਆਂ। ਪ੍ਰੋ. ਚੰਦੂਮਾਜਰਾ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਅਕਾਲੀਆਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹਮਲਾ ਕਰਨ ਵਾਲੇ ਕਾਂਗਰਸੀ ਆਗੂਆਂ ‘ਤੇ ਕੇਸ ਦਰਜ ਨਾ ਕੀਤੇ ਤੇ ਅਕਾਲੀਆਂ ‘ਤੇ ਬਣਾਏ ਗਏ ਝੂਠੇ ਕੇਸ ਵਾਪਸ ਨਾ ਲਏ ਤਾਂ ਸੰਘਰਸ਼ ਇਸ ਤੋਂ ਵੀ ਤਿੱਖਾ ਕੀਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਨੂੰ ਇਨਸਾਫ ਕਰਨ ਲਈ ਮਜਬੂਰ ਕੀਤਾ ਜਾਵੇਗਾ। ਅੱਜ ਦੇ ਧਰਨੇ ਦੀ ਖਾਸ ਗੱਲ ਇਹ ਰਹੀ ਕਿ 20 ਸਾਲਾਂ ਬਾਅਦ ਕਿਸੇ ਪਾਰਟੀ ਨੇ ਚੱਕਾ ਜਾਮ ਕੀਤਾ ਅਤੇ ਧਾਰਾ 144 ਦੀ ਪਰਵਾਹ ਨਹੀਂ ਕੀਤੀ। ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ, ਹਰਿੰਦਰਪਾਲ ਚੰਦੂਮਾਜਰਾ, ਕਬੀਰ ਦਾਸ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਵਿਸ਼ਨੂੰ ਸ਼ਰਮਾ, ਦੀਦਾਰ ਸਿੰਘ ਭੱਟੀ, ਸਤਬੀਰ ਖੱਟੜਾ, ਹਰਵਿੰਦਰ ਹਰਪਾਲਪੁਰ, ਜਗਜੀਤ ਕੋਹਲੀ, ਅਮਿਤ ਰਾਠੀ, ਸਤਵਿੰਦਰ ਟੌਹੜਾ, ਮਨਜੋਤ ਚਹਿਲ, ਵਨਿੰਦਰ ਕੌਰ ਲੂੰਬਾ, ਰਣਧੀਰ ਰੱਖੜਾ, ਰਾਜਾ ਤੁੜ, ਸੁਰਜੀਤ ਅਬਲੋਵਾਲ, ਸੁਖਬੀਰ ਸਨੌਰ, ਜਤਿੰਦਰ ਕੌਲੀ ਆਦਿ ਹਾਜ਼ਰ ਸਨ।

