ਨਗਰ ਨਿਗਮ ਪਟਿਆਲਾ ਤੇ ਨਗਰ ਪੰਚਾਇਤ ਘੱਗਾ ਤੇ ਘਨੌਰ ਦੀਆਂ ਚੋਣਾਂ ਲਈ ਸੁਰੱਖਿਆ ਦੇ ਪੁੱਖਤਾ ਇੰਤਜਾਮ – ਐਸ.ਐਸ.ਪੀ.
2800 ਪੁਲਿਸ ਕਰਮਚਾਰੀ ਤੈਨਾਤ ਕੀਤੇ ਜਾਣਗੇ
ਅਸਲਾ ਧਾਰਕਾਂ ਦਾ ਅਸਲਾ ਵੀ ਹੋਵੇਗਾ ਜਮ੍ਹਾਂ
ਪਟਿਆਲਾ, 8 ਦਸੰਬਰ (ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਅਤੇ ਨਗਰ ਪੰਚਾਇਤ ਘੱਗਾ ਅਤੇ ਘਨੌਰ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾ ਸਬੰਧੀ ਪਟਿਆਲਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਡਾ: ਐਸ. ਭੂਪਤੀ ਨੇ ਦੱਸਿਆ ਕਿ ਇਹਨਾ ਚੋਣਾ ਲਈ ਕਰੀਬ 2700-2800 ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਲਈ 405 ਹੋਰ ਕਰਮਚਾਰੀ ਬਾਹਰੋਂ ਡਿਊਟੀ ਲਈ ਮੰਗਵਾਏ ਗਏ ਹਨ।
ਐਸ.ਐਸ. ਪੀ. ਨੇ ਦੱਸਿਆ ਕਿ ਮਿਉਂਸੀਪਲ ਕਾਰਪੋਰੇਸ਼ਨ ਪਟਿਆਲਾ ਵਿੱਚ ਕੁੱਲ 60 ਵਾਰਡ ਹਨ। ਇਹਨਾਂ 60 ਪੋਲਿੰਗ ਸਟੇਸ਼ਨਾ ਲਈ 230 ਪੋਲਿੰਗ ਬੂਥ ਬਣਾਏ ਗਏ ਹਨ। ਜਿਹਨਾਂ ਵਿੱਚ 60 ਪੋਲਿੰਗ ਬੂਥ ਸੈਂਸਟਿਵ ਹਨ। ਉਹਨਾ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ 22 ਅੰਤਰਰਾਜੀ ਨਾਕਾਬੰਦੀਆਂ, 20 ਇੰਨਰ ਸਿਟੀ ਸੀਲਿੰਗ ਨਾਕਾਬੰਦੀਆ, 22 ਆਉਟਰ ਸਿਟੀ ਸੀਲਿੰਗ ਨਾਕਾਬੰਦੀਆਂ 24 ਘੰਟੇ ਲਈ ਡਿਊਟੀ ਕਰਨਗੀਆਂ। ਇਹ ਡਿਊਟੀ ਤਿੰਨ ਸ਼ਿਫਟਾਂ ਵਿੱਚ ਹੋਵੇਗੀ। ਹਰ ਇੱਕ ਸ਼ਿਫਟ ਵਿੱਚ ਇੱਕ ਐਨ.ਜੀ.ਓ, ਦੋ ਹੋਲਦਾਰ ਅਤੇ ਅੱਠ ਸਿਪਾਹੀ ਡਿਊਟੀ ਕਰਨਗੇ। ਐਸ.ਐਸ.ਪੀ. ਨੇ ਦੱਸਿਆ ਨਗਰ ਪੰਚਾਇਤ ਘੱਗਾ ਦੀ ਚੋਣ ਸਬੰਧੀ 13 ਵਾਰਡ ਹਨ ਜਿਥੇ 13 ਪੋਲਿੰਗ ਬੂਥ ਬਣਾਏ ਗਏ ਹਨ, ਜਿਹਨਾਂ ਵਿੱਚੋਂ ਛੇ ਪੋਲਿੰਗ ਬੂਥ ਸੈਂਸਟਿਵ ਹਨ। ਇਸ ਚੋਣ ਸਬੰਧੀ ਘੱਗਾ ਏਰੀਆ ਵਿੱਚ ਛੇ ਇੰਨਰ ਸਿਟੀ ਸੀਲਿੰਗ ਨਾਕਾਬੰਦੀਆਂ ਕੀਤੀਆਂ ਜਾਣਗੀਆ। ਜੋ ਤਿੰਨ ਸ਼ਿਫਟਾਂ ਵਿੱਚ 24 ਘੰਟੇ ਲਈ ਡਿਊਟੀ ਹੋਵੇਗੀ। ਹਰ ਇੱਕ ਸ਼ਿਫਟ ਵਿੱਚ ਇੱਕ ਐਨ.ਜੀ.ਓ, ਦੋ ਹੋਲਦਾਰ ਅਤੇ ਅੱਠ ਸਿਪਾਹੀ ਡਿਊਟੀ ਕਰਨਗੇ। ਉਹਨਾ ਦੱਸਿਆ ਕਿ ਨਗਰ ਪੰਚਾਇਤ ਘਨੋਰ ਲਈ 11 ਵਾਰਡ ਹਨ ਅਤੇ 11 ਪੋਲਿੰਗ ਬੂਥ ਬਣਾਏ ਗਏ ਹਨ। ਜਿਹਨਾਂ ਵਿਚੋਂ ਚਾਰ ਪੋਲਿੰਗ ਬੂਥ ਸੈਂਸਟਿਵ ਹਨ। ਇਸ ਚੋਣ ਸਬੰਧੀ ਘਨੌਰ ਏਰੀਆ ਵਿੱਚ ਚਾਰ ਇੰਨਰ ਸਿਟੀ ਸੀਲਿੰਗ ਨਾਕਾਬੰਦੀਆਂ ਕੀਤੀਆਂ ਜਾਣਗੀਆ। ਜੋ ਤਿੰਨ ਸ਼ਿਫਟਾਂ ਵਿੱਚ 24 ਘੰਟੇ ਲਈ ਡਿਊਟੀ ਹੋਵੇਗੀ। ਹਰ ਇੱਕ ਸ਼ਿਫਟ ਵਿੱਚ ਇੱਕ ਐਨ.ਜੀ.ਓ, ਦੋ ਹੋਲਦਾਰ ਅਤੇ ਅੱਠ ਸਿਪਾਹੀ ਡਿਊਟੀ ਕਰਨਗੇ।
ਡਾ: ਐਸ.ਭੂਪਤੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੋੜ ਅਨੁਸਾਰ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ। ਚੋਣਾ ਵਾਲੇ ਦਿਨ ਵੱਖ ਵੱਖ ਗਜਿਟਡ ਅਫਸਰਾਨ ਅਤੇ ਥਾਣਿਆਂ ਦੇ ਮੁੱਖ ਅਫ਼ਸਰਾਂ ਦੀਆਂ 10 ਰਿਜਰਵ ਪਾਰਟੀਆਂ ਬਣਾਈਆਂ ਗਈਆਂ ਹਨ। ਹਰ ਇਕ ਰਿਜਰਵ ਵਿੱਚ ਇੱਕ ਐਨ.ਜੀ.ਓ ਤਿੰਨ ਹੋਲਦਾਰ ਅਤੇ 20 ਸਿਪਾਹੀ ਹੋਣਗੇ। ਹਰ ਇੱਕ ਪੋਲਿੰਗ ਬੂਥ ਤੇ ਮਹਿਲਾ ਕਰਮਚਾਰੀ ਵੀ ਤਾਇਨਾਤ ਕੀਤੇ ਜਾਣਗੇ।ਸਮੂਹ ਸਬੰਧਤ ਸਰਕਲ ਅਫਸਰਾਂ ਨੂੰ ਇਹਨਾਂ ਚੋਣਾ ਨੂੰ ਮੱਦੇ ਨਜਰ ਰੱਖਦੇ ਹੋਏ, ਸਮੂਹ ਅਸਲਾ ਧਾਰਕਾਂ ਦਾ ਅਸਲਾ ਜਮਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ ਅਤੇ ਹੁਕਮ ਦੀ ਇੰਨ ਬਿੰਨ ਪਾਲਣਾ ਕਰਵਾਉਣ ਸਬੰਧੀ ਵੀ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ।
ਐਸ.ਐਸ.ਪੀ. ਨੇ ਅੱਗੇ ਹੋਰ ਦੱਸਿਆ ਕਿ ਇਹਨਾਂ ਚੋਣਾ ਨੂੰ ਅਮਨ ਅਮਾਨ ਅਤੇ ਸ਼ਾਤੀ ਪੂਰਵਕ ਕਰਵਾਉਣ ਲਈ ਪਟਿਆਲਾ ਪੁਲਿਸ ਵੱਲੋਂ ਢੁਕਵੇਂ ਇੰਤਜਾਮ ਕੀਤੇ ਗਏ ਹਨ। ਚੋਣਾ ਵਾਲੇ ਦਿਨ ਜਿੱਥੇ ਜਿੱਥੇ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆ ਜਾਣਗੀਆਂ, ਉਹਨਾ ਦੀ ਡਿਊਟੀ ਵਾਲੀ ਜਗ੍ਹਾ ਪਰ ਖਾਣਾ ਪਹੁੰਚਾਉਣ ਦੇ ਇੰਤਜਾਮ ਕਰਵਾਏ ਜਾਣਗੇ। ਉਹਨਾਂ ਸਮੂਹ ਪੁਲਿਸ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆ ਹਨ ਕਿ ਪੋਲਿੰਗ ਬੂਥ ‘ਤੇ ਲੱਗੇ ਕਰਮਚਾਰੀ ਪੋਲਿੰਗ ਬੂਥ ਤੋਂ ਬਾਹਰ ਡਿਉਟੀ ਕਰਨਗੇ, ਸਮੂਹ ਕਰਮਚਾਰੀ ਆਪੋ ਆਪਣੀ ਡਿਊਟੀ ਮਿਹਨਤ ਲਗਨ, ਇਮਾਨਦਾਰੀ ਨਾਲ ਅਤੇ ਨਿਰਪੱਖ ਰਹਿਕੇ ਅਫਸਰਾਂ ਵੱਲੋਂ ਮਿਲੀਆ ਹਦਾਇਤਾਂ ਅਨੁਸਾਰ ਡਿਊਟੀ ਕਰਨਗੇ। ਐਸ.ਐਸ.ਪੀ. ਨੇ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ ਵੱਲੋਂ ਲਗਾਏ ਗਏ ਚੋਣ ਜਾਬਤੇ ਦੀ ਅਤੇ ਉਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਇੰਨ ਬਿੰਨ ਕੀਤੀ ਅਤੇ ਕਰਵਾਈ ਜਾ ਰਹੀ ਹੈ।

