ਮੌਸਮ ਦੀ ਖਰਾਬੀ ਕਾਰਨ ਵਿਦੇਸ਼ ਤੋਂ ਆਉਣ ਤੇ ਜਾਣ ਵਾਲੇ ਐਨ ਆਰ ਆਈ ਵੀ ਹੋਏ ਪ੍ਰੇਸ਼ਾਨ
ਵੱਖ-ਵੱਖ ਮੁਲਕਾਂ ਨੂੰ ਜਾਣ ਵਾਲੀਆਂ ਫਲਾਈਟਾਂ ਕਂੈਸਲ ਹੋਣ ਕਾਰਨ ਨਵੀਂ ਦਿਲੀ ਵਿਚ ਬੈਠੇ ਹਨ ਐਨ ਆਰ ਆਈ ਲੋਕ
ਪਟਿਆਲਾ , 12 ਦਸੰਬਰ (ਮਧੂਸਾਰ ਬਿਊਰੋ) ਬੀਤੇ ਤਿੰਨ ਦਿਨਾਂ ਤੋਂ ਖਰਾਬ ਹੋਏ ਮੌਸਮ ਨੇ ਜਿਥੇ ਠੰਡ ਵਧਾ ਦਿੱਤੀ ਹੈ, ਉੱਥੇ ਹੀ ਵਿਦੇਸ਼ ਜਾਣ ਅਤੇ ਆਉਣ ਵਾਲੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਵੀ ਵਾਧਾ ਕਰ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਦਸਿਆ ਕਿ ਬੀਤੇ ਦੋ ਦਿਨਾਂ ਦੌਰਾਨ ਖਰਾਬ ਮੌਸਮ ਕਾਰਨ ਜਿੱਥੇ ਵੱਖ ਵੱਖ ਮੁਲਕਾਂ ਤੋਂ ਆਉਣ ਵਾਲੀਆਂ ਫਲਾਈਟਾਂ ਕਂੈਸਲ ਹੋ ਗਈਆਂ, ਜਿਸ ਕਾਰਨ ਉਹਨਾਂ ਫਲਾਈਟਾਂ ਵਿੱਚ ਸਫਰ ਕਰ ਰਹੇ ਲੋਕ ਆਪਣੀ ਮੰਜਿਲ ਦੇ ਅਧਵਾਟੇ ਹੀ ਕਿਸੇ ਹੋਰ ਮੁਲਕ ਵਿੱਚ ਬੈਠੇ ਮੌਸਮ ਸਾਫ ਹੋਣ ਨੂੰ ਉਡੀਕ ਰਹੇ ਹਨ ਉੱਥੇ ਹੀ ਨਵੀਂ ਦਿਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਕੈਨੇਡਾ ਅਤੇ ਹੋਰ ਮੁਲਕਾਂ ਨੂੰ ਜਾਣ ਵਾਲੀਆਂ ਫਲਾਈਟਾਂ ਖਰਾਬ ਮੌਸਮ ਕਾਰਨ ਕੈਂਸਲ ਹੋਣ ਕਾਰਨ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਜਾਣ ਵਾਲੇ ਐਨ ਆਰ ਆਈ ਲੋਕ ਦਿੱਲੀ ਦੇ ਹਵਾਈ ਅੱਡੇ ਉੱਪਰ ਹੀ ਫਸੇ ਬੈਠੇ ਹਨ। ਜਿਹਨਾਂ ਨੂੰ ਜਹਾਜ ਕੰਪਨੀਆਂ ਵਲੋਂ ਵੱਖ ਵੱਖ ਹੋਟਲਾਂ ਵਿੱਚ ਠਹਿਰਾਇਆ ਗਿਆ ਹੈ। ਭਾਵੇਂ ਕਿ ਇਹਨਾਂ ਹੋਟਲਾਂ ਵਿੱਚ ਇਹਨਾਂ ਐਨ ਆਰ ਆਈ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਪਰ ਫਿਰ ਵੀ ਆਪਣੀਆਂ ਫਲਾਈਟਾਂ ਕੈਂਸਲ ਹੋਣ ਕਾਰਨ ਉਹਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਲਾਈਟਾਂ ਕੈਂਸਲ ਹੋਣ ਕਾਰਨ ਉਹ ਵਾਪਸ ਵਿਦੇਸ਼ ਉਡਾਰੀ ਵੀ ਨਹੀਂ ਮਾਰ ਸਕੇ ਅਤੇ ਮੁੜ ਕੇ ਆਪਣੇ ਪਿੰਡਾਂ ਨੂੰ ਵੀ ਨਹੀਂ ਜਾ ਸਕਦੇ। ਕਈ ਐਨ ਆਰ ਆਈ ਤਾਂ ਅੱਜ ਦਿਲੀ ਘੁੰਮਦੇ ਵੇਖੇ ਗਏ ਤਾਂ ਕਿ ਸਮਾਂ ਬਤੀਤ ਕਰ ਸਕਣ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਉਹ ਹੋਟਲ ਵਿੱਚ ਵੀ ਕਿੰਨਾ ਕੁ ਸਮਾਂ ਬੈਠੇ ਰਹਿਣ ਇਸ ਲਈ ਅੱਜ ਉਹ ਦਿਲੀ ਘੁੰਮ ਫਿਰ ਕੇ ਸਮਾਂ ਬਤੀਤ ਕਰ ਰਹੇ ਹਨ। ਉਹਨਾਂ ਨੂੰ ਆਸ ਹੈ ਕਿ ਅੱਜ ਰਾਤ ਤਕ ਮੌਸਮ ਸਾਫ ਹੋ ਜਾਵੇਗਾ ਅਤੇ ਉਹ ਵਿਦੇਸ਼ ਉਡਾਰੀ ਮਾਰ ਸਕਣਗੇ। ਇਹਨਾਂ ਐਨ ਆਰ ਆਈ ਲੋਕਾਂ ਵਿਚੋਂ ਵੱਡੀ ਗਿਣਤੀ ਉਹ ਲੋਕ ਹਨ ਜੋ ਕਿ ਭਾਰਤ ਵਿਚੋਂ ਹੀ ਵੱਖ ਵੱਖ ਮੁਲਕਾਂ ਵਿੱਚ ਜਾ ਕੇ ਉਥੋਂ ਦੇ ਸਿਟੀਜਨ ਬਣੇ ਹੋਏ ਹਨ, ਉਹਨਾਂ ਨੇ ਉਥੇ ਆਪਣੇ ਕੰਮ ਧੰਦੇ ਉਪਰ ਵੀ ਸਮੇਂ ਸਿਰ ਪਹੁੰਚਣਾ ਹੁੰਦਾ ਹੈ ਪਰ ਫਲਾਈਟਾਂ ਹੀ ਕਂੈਸਲ ਹੋ ਜਾਣ ਕਾਰਨ ਉਹ ਆਪਣੀ ਯਾਤਰਾ ਹੀ ਅਜੇ ਸ਼ੁਰੂ ਨਹੀਂ ਕਰ ਸਕੇ।
ਅਸਲ ਵਿੱਚ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਜਿਹੜੀਆਂ ਫਲਾਈਟਾਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਆਉਂਦੀਆਂ ਹਨ, ਉਹ ਹੀ ਫਲਾਈਟਾਂ ਕੁਝ ਸਮੇਂ ਬਾਅਦ ਯਾਤਰੀਆਂ ਨੂੰ ਲੈ ਕੇ ਵਾਪਸ ਆਪਣੇ ਮੁਲਕਾਂ ਲਈ ਉਡਾਰੀ ਮਾਰ ਜਾਂਦੀਆਂ ਹਨ। ਪਰ ਵੱਖ ਵੱਖ ਮੁਲਕਾਂ ਵਿੱਚ ਮੌਸਮ ਖਰਾਬ ਹੋਣ ਕਾਰਨ ਵੱਡੀ ਗਿਣਤੀ ਫਲਾਈਟਾਂ ਨਵੀਂ ਦਿਲੀ ਪਹੁੰਚਣ ਦੀ ਥਾਂ ਅੱਧ ਵਿਚਾਲੇ ਜਿਹੇ ਹੀ ਕਿਸੇ ਨਾ ਕਿਸੇ ਦੇਸ਼ ਵਿਚ ਲੈਂਡ ਕੀਤੀਆਂ ਹੋਈਆਂ ਹਨ ਅਤੇ ਮੌਸਮ ਸਾਫ ਹੋਣ ਨੂੰ ਉਡੀਕਿਆ ਜਾ ਰਿਹਾ ਹੈ ਤਾਂ ਕਿ ਸਾਫ ਮੌਸਮ ਹੁੰਦੇ ਹੀ ਆਪਣੀ ਮੰਜਿਲ ਲਈ ਉਡਾਰੀ ਮਾਰੀ ਜਾ ਸਕੇ।
ਹਾਲਾਂਕਿ ਦੋ ਦਿਨ ਦੀ ਬਰਸਾਤ ਤੋਂ ਬਾਅਦ ਅੱਜ ਮੌਸਮ ਵਿੱਚ ਕੁੱਝ ਸੁਧਾਰ ਆਇਆ ਹੈ ਅਤੇ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਉੜਾਨਾਂ ਆਰੰਭ ਹੋਣ ਨਾਲ ਯਾਤਰੀਆਂ ਨੂੰ ਵੀ ਕੁੱਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ।

