ਪੰਜਾਬਪਟਿਆਲਾ

ਜੇਕਰ ਪਾਰਦਰਸ਼ੀ ਢੰਗ ਨਾਲ ਚੋਣਾਂ ਹੁੰਦੀਆਂ ਤਾਂ ਬਹੁ ਗਿਣਤੀ ਵਾਰਡਾਂ ‘ਚ ਕਾਂਗਰਸ ਦਾ ਹਸ਼ਰ ਵਾਰਡ ਨੰ. 37 ਵਰਗਾ ਹੁੰਦਾ : ਰੱਖੜਾ, ਚੰਦੂਮਾਜਰਾ, ਜੁਨੇਜਾ

ਪਟਿਆਲਾ, 19 ਦਸੰਬਰ (ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਵਿਚ ਜੇਕਰ ਚੋਣ ਕਮਿਸ਼ਨ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਂਦਾ ਤਾਂ ਫਿਰ ਸ਼ਹਿਰ ਦੇ ਬਹੁ ਗਿਣਤੀ ਵਾਰਡਾਂ ਵਿਚ ਕਾਂਗਰਸ ਦਾ ਹਸ਼ਰ ਵਾਰਡ ਨੰ. 37 ਵਰਗਾ ਹੁੰਦਾ ਜਿਥੇ ਅੱਜ ਹੋਈ ਇਕ ਬੂਥ ਦੀ ਚੋਣ ਮਗਰੋਂ ਕਾਂਗਰਸ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਤੇ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਕੀਤਾ ਹੈ।

ਵਾਰਡ ਨੰ. 37 ਵਿਚ ਇਕ ਬੂਥ ਦੀ ਚੋਣ ਮੁਕੰਮਲ ਹੋਣ ਉਪਰੰਤ ਅਕਾਲੀ ਦਲ ਦੀ ਲਾਮਿਸਾਲ ਜਿੱਤ ਹੋਣ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰੱਖੜਾ, ਸ੍ਰੀ ਚੰਦੂਮਾਜਰਾ ਤੇ ਸ੍ਰੀ ਜੁਨੇਜਾ ਨੇ ਕਿਹਾ ਕਿ ਇਸ ਵਾਰਡ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਈ ਹੈ ਤੇ ਨਤੀਜਾ ਜਨਤਾ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਵੱਲੋਂ ਲਾਏ ਇਹ ਦੋਸ਼ ਸਹੀ ਸਾਬਤ ਹੋਏ ਹਨ ਕਿ ਕਾਂਗਰਸ ਸਰਕਾਰ ਨੇ ਪੁਲਿਸ ਤੇ ਤਾਕਤ ਦੇ ਸਿਰ ‘ਤੇ ਤਕਰੀਬਨ ਹਰ ਵਾਰਡ ਵਿਚ ਬੂਥਾਂ ‘ਤੇ ਕਬਜ਼ੇ ਕਰਵਾ ਕੇ ਚੋਣਾਂ ਜਿੱਤੀਆਂ ਹਨ। ਉਹਨਾਂ ਕਿਹਾ ਕਿ ਬੂਥਾਂ ‘ਤੇ ਕਬਜ਼ੇ ਦਾ ਵਿਰੋਧ ਕਰਨ ਵਾਲੇ ਅਕਾਲੀ ਨੇਤਾਵਾਂ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਤੇ ਆਪਣੇ ਲੋਕਤੰਤਰੀ ਅਧਿਕਾਰਾਂ ਲਈ ਰੋਸ ਵਿਖਾਵਾ ਕਰ ਰਹੇ ਅਕਾਲੀ ਆਗੂਆਂ ‘ਤੇ ਕੇਸ ਦਰਜ ਕਰ ਕੇ ਕਾਂਗਰਸ ਸਰਕਾਰ ਨੇ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਕਹਾਵਤ ਸਹੀ ਸਿੱਧ ਕਰ ਦਿੱਤੀ ਹੈ।
ਤਿੰਨਾਂ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਟਿਆਲਾ ਸ਼ਹਿਰ ਵਿਚ ਲੋਕਤੰਤਰ ਦਾ ਕਤਲ ਕੀਤਾ ਹੈ ਤੇ ਇਹ ਗੱਲ ਹੁਣ ਲੋਕਾਂ ਅੱਗੇ ਜੱਗ ਜਾਹਰ ਹੋ ਗਈ ਹੈ। ਉਹਨਾਂ ਕਿਹਾ ਕਿ ਬੇਸ਼ੱਕ ਰਾਜ ਚੋਣ ਕਮਿਸ਼ਨ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਪਟਿਆਲਾ ਦੀਆਂ ਚੋਣਾਂ ਦੁਬਾਰਾ ਕਰਵਾਈਆਂ ਜਾਣ। ਉਹਨਾਂ ਕਿਹਾ ਕਿ ਜੇਕਰ ਅਦਾਲਤੀ ਹੁਕਮਾਂ ਅਨੁਸਾਰ ਸ਼ਹਿਰ ਵਿਚ ਦੁਬਾਰਾ ਪਾਰਦਰਸ਼ੀ ਢੰਗ ਨਾਲ ਚੋਣਾਂ ਹੁੰਦੀਆਂ ਹਨ ਤਾਂ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਬੁਲਾਰੇ ਨਰਦੇਵ ਸਿੰਘ ਆਕੜੀ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਹਰਵਿੰਦਰ ਸਿੰਘ ਹਰਪਾਲਪੁਰ, ਰਣਧੀਰ ਸਿੰਘ ਰੱਖੜਾ, ਰਵਿੰਦਰ ਸਿੰਘ ਜੌਨੀ ਕੋਹਲੀ, ਕੌਂਸਲਰ ਰਮਨਪ੍ਰੀਤ ਕੌਰ, ਕਬੀਰ ਦਾਸ, ਜਸਵਿੰਦਰ ਸਿੰਘ ਚੀਮਾ, ਆਕਾਸ਼ ਸ਼ਰਮਾ, ਮਨਜੋਤ ਸਿੰਘ ਚਹਿਲ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਅਜੀਤਪਾਲ ਸਿੰਘ ਕੋਹਲੀ, ਅਮਰਿੰਦਰ ਸਿੰਘ ਬਜਾਜ, ਇੰਦਰਮੋਹਨ ਸਿੰਘ ਬਜਾਜ, ਗੋਵਿੰਦ ਵੈਦ, ਹੈਪੀ ਲੌਟ, ਬਲਵਿੰਦਰ ਕੌਰ ਚੀਮਾ, ਰਣਜੀਤ ਸਿੰਘ ਰਾਣਾ, ਅਸ਼ੋਕ ਸ਼ਰਮਾ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *