ਪੰਜਾਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਲੈ ਕੇ ਕੀਤੀ ਘੋਰ ਬੇਅਦਬੀ ਦੀ ਪੰਜਾਬ ਸਰਕਾਰ ਤੁਰੰਤ ਮੁਆਫੀ ਮੰਗੇ : ਅਕਾਲੀ ਦਲ

ਦੋਸ਼ੀ ਅਧਿਕਾਰੀਆਂ ਤੇ ਇਸ਼ਤਿਹਾਰ ਏਜੰਸੀ ਖਿਲਾਫ ਸਖ਼ਤ ਕਾਰਵਾਈ ਹੋਵੇ : ਡਾ. ਚੀਮਾ
ਚੰਡੀਗੜ੍ਹ, 24 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੇ ਇਸ਼ਤਿਹਾਰ ਵਿਚ ਕੰਪਿਊਟਰ ਰਾਹੀਂ ਨੈਪੋਲੀਅਨ ਬੋਨਾਪਾਰਟ ਦੀ ਫੋਟੋ ਵਿਚ ਛੇੜਛਾੜ ਕਰ ਕੇ ਉਸਨੂੰ ਗੁਰੂ ਸਾਹਿਬ ਦੀ ਤਸਵੀਰ ਵਜੋਂ ਪੇਸ਼ ਕਰ ਕੇ ਕੀਤੀ ਘੋਰ ਬੇਅਦਬੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਇਸ ਬਜਰ ਗੁਨਾਹ ਲਈ ਸਿੱਖ ਸੰਗਤ ਤੋਂ ਤੁਰੰਤ ਮੁਆਫੀ ਮੰਗੇ ਜਾਣ ਤੇ ਦੋਸ਼ੀ ਅਧਿਕਾਰੀਆਂ ਅਤੇ ਇਸ਼ਤਿਹਾਰ ਏਜੰਸੀ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਗੁਰੂ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਜੋ ਇਸ਼ਤਿਹਾਰ ਜਾਰੀ ਕੀਤਾ ਹੈ, ਉਸ ਵਿਚ ਗੁਰੂ ਸਾਹਿਬ ਦੀ ਜੋ ਤਸਵੀਰ ਪ੍ਰਕਾਸ਼ਤ ਕੀਤੀ ਗਈ ਹੈ, ਉਹ ਅਸਲ ਵਿਚ ਸ਼ਾਸਕ ਨੈਪੋਲੀਅਨ ਬੋਪਾਰਟ ਦੀ ਸੀ ਜਿਸ ਵਿਚ ਕੰਪਿਊਟਰ ਰਾਹੀਂ ਛੇੜਛਾੜ ਕਰ ਕੇ ਨੈਪੋਲੀਅਨ ਦੀ ਥਾਂ ਗੁਰੂ ਸਾਹਿਬ ਨੂੰ ਘੋੜੇ ‘ਤੇ ਸਵਾਰ ਦਰਸਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸਲ ਤਸਵੀਰ 1800 ਈ. ਦੀ ਹੈ ਜੋ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਇਕ ਸਦੀ ਬਾਅਦ ਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਅਨੇਕਾਂ ਤਸਵੀਰਾਂ ਹੁੰਦਿਆਂ ਹੋਇਆਂ ਵੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਨੈਪੋਲੀਅਨ ਵਾਲੀ ਤਸਵੀਰ ਵਿਚ ਛੇੜਖਾਨੀ ਕਰ ਕੇ ਗੁਰੂ ਸਾਹਿਬ ਨੂੰ ਘੋੜੇ ‘ਤੇ ਸਵਾਰ ਦਰਸਾਉਣ ਦਾ ਘੋਰ ਪਾਪ ਕਿਉਂ ਕੀਤਾ ?
ਡਾ. ਚੀਮਾ ਨੇ ਕਿਹਾ ਕਿ ਘੋੜੇ ‘ਤੇ ਸਵਾਰ ਨੈਪੋਲੀਅਨ ਬੋਪਾਪਾਰਟ ਦੀ ਇਹ ਤਸਵੀਰ ਸਾਰੀ ਦੁਨੀਆਂ ਵਿਚ ਪ੍ਰਚਲਤ ਹੈ ਤੇ ਵੱਖ ਵੱਖ ਮਿਊਜੀਅਮ ਵਿਚ ਲੱਗੀ ਤੇ ਕਿਤਾਬਾਂ ਵਿਚ ਛਪੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਤ ਹੋਏ ਇਸ਼ਤਿਹਾਰ ਵਿਚ ਗੁਰੂ ਸਾਹਿਬ ਦੀ ਤਸਵੀਰ ਤੇ ਨੈਪੋਲੀਅਨ ਦੀ ਤਸਵੀਰ ਵਿਚਲੇ ਸਾਰੇ ਤੱਤ ਇਕ ਹੀ ਹਨ। ਘੋੜੇ ਦਾ ਮੂੰਹ, ਸਾਰਾ ਸਰੀਰ, ਗਰਦਨ ਦੇ ਵਾਲ,ਪੂੰਛ, ਘੋੜੇ ਦੀਆਂ ਰਕਾਬਾਂ, ਕਾਠੀ, ਚੱਟਾਨ ਤੇ ਹੋਰ ਸਾਜੋ ਸਮਾਨ, ਸਾਰੇ ਹੀ ਨੈਪੋਲੀਅਨ ਬੋਨਪਾਰਟ ਵਾਲੀ ਤਸਵੀਰ ਦਾ ਮੂਲ ਹਿੱਸਾ ਹਨ। ਜਿਹੜੇ ਉਪਰਲੇ ਵਸਤਰ ਗੁਰੂ ਸਾਹਿਬ ਦੇ ਓੜੇ ਹੋਏ ਵਿਖਾਏ ਦੇ ਰਹੇ ਹਨ, ਉਹ ਵੀ ਅਸਲ ਤਸਵੀਰ ਵਿਚ ਨੈਪੋਲੀਅਨ ਬੋਨਾਪਰਟ ਨੇ ਹੀ ਓੜੇ ਹੋਏ ਹਨ।
ਡਾ. ਚੀਮਾ ਨੇ ਹੋਰ ਕਿਹਾ ਕਿ ਇਸ ਤਰ੍ਹਾਂ ਦੀ ਘੋਰ ਬੇਅਦਬੀ ਨਾਲ ਸਾਰੀ ਦੁਨੀਆਂ ਵਿਚ ਬੈਠੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਦੀ ਇਹੋ ਜਿਹੀ ਕਿਹੜੀ ਮਜਬੂਰੀ ਹੋ ਗਈ ਸੀ ਜੋ ਨੀਲੇ ਦੇ ਸ਼ਾਹ ਸਵਾਰ ਸਹਿਨਸ਼ਾਹਾਂ ਦੇ ਸਹਿਨਸ਼ਾਹ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਇਹੋ ਜਿਹੀ ਤਸਵੀਰ ਬਣਾ ਕੇ ਪ੍ਰਕਾਸ਼ਤ ਕੀਤੀ ਗਈ ਜਿਸ ਵਿਚ ਉਹਨਾਂ ਨੂੰ ਨੈਪੋਲੀਅਨ ਦੇ ਵਸਤਰ ਪਹਿਨੇ ਵਿਖਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਇਸ ਮਾਮਲੇ ‘ਤੇ ਪੰਜਾਬ ਸਰਕਾਰ ਨੂੰ ਸਿੱਖ ਸੰਗਤ ਕੋਲੋਂ ਤੁਰੰਤ ਮੁਆਫੀ ਮੰਗੇ ਜਾਣ ਤੇ ਇਸ ਘੋਰ ਬੇਅਦਬੀ ਲਈ ਦੋਸ਼ੀ ਅਧਿਕਾਰੀਆਂ ਤੇ ਇਸ਼ਤਿਹਾਰ ਏਜੰਸੀ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਇਸ ਤਸਵੀਰ ਦੀ ਵਰਤੋਂ ਜਿਥੇ ਕਿਤੇ ਵੀ ਕੀਤੀ ਗਈ ਹੈ, ਉਹ ਤੁਰੰਤ ਹਟਾਈ ਜਾਵੇ।

Leave a Reply

Your email address will not be published. Required fields are marked *