ਪੰਜਾਬਪਟਿਆਲਾ

ਸਿੱਖ ਗੁਰੂਆਂ ਦੀਆਂ ਯਾਤਰਾਵਾਂ ਦਾ ਨਕਸ਼ਾ ਤਿਆਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ : ਬਦਨੌਰ

ਪਟਿਆਲਾ, 25 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਤ ਮਹਾਰਾਣਾ ਪ੍ਰਤਾਪ ਸਿੰਘ ਚੇਅਰ ਨੂੰ ਉਦੋਂ ਬੜੀ ਹੱਲਾਸ਼ੇਰੀ ਮਿਲੀ ਜਦੋਂ ਗਵਰਨਰ, ਪੰਜਾਬ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਇਸ ਦੀ ਸਫਲਤਾ ਲਈ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ।

ਸ਼੍ਰੀ ਬਦਨੌਰ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ, ਅੰਡੇਮਾਨ ਅਤੇ ਨਿਕੋਬਾਰ ਦੇ ਸਾਬਕਾ ਲੈਫਟੀਨੈਂਟ ਗਵਰਨਰ ਭੁਪਿੰਦਰ ਸਿੰਘ ਨਾਲ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਬਿਆਨ ਦਿੱਤਾ। ਮੀਟਿੰਗ ਵਿੱਚ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ; ਡਾਇਰੈਕਟਰ, ਮੀਡੀਆ ਸੈਂਟਰ ਡਾ. ਗੁਰਮੀਤ ਮਾਨ ਅਤੇ ਚੇਅਰ ਦੇ ਮੁਖੀ ਡਾ. ਜਸਪਾਲ ਕੌਰ ਵੀ ਮੌਜੂਦ ਸਨ।
ਸ੍ਰੀ ਬਦਨੋਰ, ਜੋ ਆਪ ਰਾਜਸਥਾਨ ਨਾਲ ਸਬੰਧ ਰੱਖਦੇ ਹਨ, ਜਿੱਥੇ ਮੇਵਾੜ ਦੇ ਰਾਜੇ ਮਹਾਰਾਣਾ ਪ੍ਰਤਾਪ ਨੇ ਮੁਗਲਾਂ ਦੀਆਂ ਤਾਨਾਸ਼ਾਹ ਤਾਕਤਾਂ ਵਿਰੁੱਧ ਬਹਾਦਰੀ ਨਾਲ ਲੜਾਈ ਕੀਤੀ, ਨੇ ਪੰਜਾਬੀ ਯੂਨੀਵਰਸਿਟੀ ਵਲੋਂ ਚੇਅਰ ਦੇ ਵਿਕਾਸ ਲਈ ਪਹਿਲਾਂ ਹੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਰਾਜਪੂਤ ਭਾਈਚਾਰੇ ਨਾਲ ਸਬੰਧਿਤ ਸਨ ਅਤੇ ਇਸ ਭਾਈਚਾਰੇ ਦੀਆਂ ਸਿੱਖਾਂ ਨਾਲ ਬਹੁਤ ਸਮਾਨਤਾਵਾਂ ਸਨ। ਉਨ੍ਹਾਂ ਦਸਵੇਂ ਸਿੱਖ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਵਲੋਂ ਜਾਤਪਾਤ ਦੀ ਬੁਰਾਈ ਨੂੰ ਖਤਮ ਕਰਨ ਅਤੇ ਕੌਮੀਅਤ ਅਤੇ ਮਨੁੱਖੀ ਏਕਤਾ ਦੇ ਵਿਕਾਸ ਲਈ ਅਤਿਆਚਾਰਾਂ ਨਾਲ ਪੀੜਿਤ ਵਿਅਕਤੀਆਂ ਅਤੇ ਕਬੀਲਿਆਂ ਦੀ ਫੌਜ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦਾ ਵਾਰ-ਵਾਰ ਜ਼ਿਕਰ ਕੀਤਾ।
ਸ਼੍ਰੀ ਬਦਨੋਰ ਨੇ ਕਿਹਾ ਕਿ ਚੇਅਰ ਵਲੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ੇਸ਼ ਹਵਾਲੇ ਨਾਲ ਇਤਿਹਾਸ ਲੇਖਨ ਦੀ ਸਮਕਾਲੀ ਸੰਦਰਭ ਵਿੱਚ ਨਵੇਂ ਸਿਰੇ ਤੋਂ ਵਿਆਖਿਆ ਕਰਨ ਲਈ ਸਿੱਖ ਗੁਰੂਆਂ ਦੀਆਂ ਯਾਤਰਾਵਾਂ ਦਾ ਨਕਸ਼ਾ ਤਿਆਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਨਾਲ ਮੌਜੂਦਾ ਪੀੜ੍ਹੀ ਨੂੰ ਸੀਮਤ ਸਾਧਨਾਂ ਦੇ ਹੁੰਦਿਆਂ ਮੁਸੀਬਤਾਂ ਦੇ ਦੌਰ ਵਿਚ ਬਹਾਦਰੀ ਅਤੇ ਸ਼ਿਸ਼ਟਾਚਾਰ ਦੀਆਂ ਭਾਵਨਾਵਾਂ ਨੂੰ ਗ੍ਰਹਿਣ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਮਹਾਰਾਣਾ ਪ੍ਰਤਾਪ ਦੇ ਆਦਰਸ਼ਾਂ, ਫ਼ਲਸਫ਼ੇ ਅਤੇ ਸਮਾਜ ਵਿੱਚ ਪ੍ਰਚੱਲਿਤ ਸੰਕੀਰਨ ਹਾਲਾਤਾਂ ਪ੍ਰਤੀ ਪਾਏ ਯੋਗਦਾਨ ਸਮੇਤ ਬਹੁਤ ਸਾਰੇ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਦੋ-ਰੋਜ਼ਾ ਕਾਨਫਰੰਸ ਆਯੋਜਿਤ ਕਰਨ ਦੀ ਸਲਾਹ ਦਿੱਤੀ।
ਸ਼੍ਰੀ ਬਦਨੋਰ ਨੇ ਵਾਈਸ-ਚਾਂਸਲਰ ਨੂੰ ਪੰਜਾਬ ਅਤੇ ਮੇਵਾੜ ਦੇ ਲੋਕਾਂ ਅਤੇ ਵਿਦਵਾਨਾਂ ਨੂੰ ਸ਼ਾਮਲ ਕਰਕੇ ਉੱਚ ਪੱਧਰੀ ਸਾਂਝੀ ਸਲਾਹਕਾਰ ਅਤੇ ਨਿਗਰਾਨੀ ਕਮੇਟੀ ਬਣਾਉਣ ਲਈ ਕਿਹਾ। ਇਸ ਦੇ ਜਵਾਬ ਵਿੱਚ ਡਾ. ਘੁੰਮਣ ਨੇ ਇਸ ਪ੍ਰਾਜੈਕਟ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ‘ਮਾਰਗਦਰਸ਼ਨ ਨੀਤੀ’ ਦਾ ਖਰੜਾ ਤਿਆਰ ਕਰਨ ਸਬੰਧੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਰਪਿਤ ‘ਠੋਸ ਅਤੇ ਉਤਪਾਦਕ ਕਮੇਟੀ’ ਬਣਾਉਣ ਦਾ ਵਾਅਦਾ ਕੀਤਾ। ਇਹ ਫੈਸਲਾ ਕੀਤਾ ਗਿਆ ਕਿ ਸ਼੍ਰੀ ਬਦਨੋਰ ਚੀਫ ਪੈਟਰਨ ਹੋਣਗੇ ਜਦਕਿ ਰਾਣਾ ਕੇ.ਪੀ. ਸਿੰਘ ਪੈਟਰਨ ਅਤੇ ਵਾਈਸ-ਚਾਂਸਲਰ ਇਸ ਦੇ ਚੇਅਰਮੈਨ ਹੋਣਗੇ। ਡਾ. ਘੁੰਮਣ ਨੇ ਸ਼੍ਰੀ ਬਦਨੌਰ ਦੀ ‘ਸੰਪੂਰਨ ਅਤੇ ਨਿਰੰਤਰ ਸਰਪ੍ਰਸਤੀ’ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਪ੍ਰਕਿਰਿਆ ਨੂੰ ਦਰਸਾਉਣ ਅਤੇ ਯੂਨੀਵਰਸਿਟੀ ਨੂੰ ਚੇਅਰ ਅਲਾਟ ਕਰਨ ਦੇ ਪਰਿਪੇਖ ਵਿੱਚ ਪੰਜਾਬੀ ਯੂਨੀਵਰਸਿਟੀ ਵਿਚ ਭਰੋਸਾ ਬਹਾਲ ਕਰਨ ਦਾ ਧੰਨਵਾਦ ਕੀਤਾ।
ਰਾਣਾ ਕੇ. ਪੀ ਸਿੰਘ ਨੇ ਕਿਹਾ ਕਿ ਸਿੱਖਾਂ ਅਤੇ ਰਾਜਪੂਤਾਂ ਦੇ ਫੌਜੀ ਜੀਵਨ-ਸ਼ੈਲੀ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਸਨ, ਜਿਨ੍ਹਾਂ ਦਾ ਡੂੰਘਾ ਅਧਿਐਨ, ਵਿਸ਼ਲੇਸ਼ਣ ਅਤੇ ਸਹੀ ਅਰਥ ਕੱਢਣ ਦੀ ਲੋੜ ਹੈ। ਵਾਈਸ-ਚਾਂਸਲਰ ਦੀ ਗੱਲ ਦਾ ਹੁੰਗਾਰਾ ਭਰਦਿਆਂ ਉਨ੍ਹਾਂ ਨੇ ਹਲਕੇ ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਉਹ ਪੰਜਾਬ ਦੇ ਬਜਟ ਨੂੰ ਉਦੋਂ ਤੱਕ ਪਾਸ ਕਰਨ ਦੀ ਇਜ਼ਾਜਤ ਨਹੀਂ ਦੇਣਗੇ ਜਦੋਂ ਤੱਕ ਚੇਅਰ ਲਈ ਸਹੀ ਬਜਟ ਤਿਆਰ ਨਹੀਂ ਕੀਤਾ ਜਾਂਦਾ। ਲੈਫਟੀਨੈਂਟ ਜਨਰਲ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਮਹਾਰਾਣਾ ਪ੍ਰਤਾਪ ਅਤੇ ਰਾਸ਼ਟਰਵਾਦ ਦੀ ਭਾਵਨਾ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੇ ਗੁਰੀਲਾ ਜੰਗ ਦੀ ਸ਼ੈਲੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦਾ ਧਰਮ ਨਿਰਪੱਖਤਾ ਦਾ ਫ਼ਲਸਫ਼ਾ ਅੱਜ ਦੀ ਨੌਜਵਾਨ ਪੀੜੀ ਲਈ ਅਹਿਮ ਅਤੇ ਪ੍ਰੇਰਨਾ ਦਾ ਸਰੋਤ ਹੈ। ਡਾ. ਜਸਪਾਲ ਕੌਰ ਨੇ ਮਹਾਰਾਣਾ ਪ੍ਰਤਾਪ ਦੇ ਜੀਵਨ, ਮਿਸ਼ਨ ਅਤੇ ਪ੍ਰਾਪਤੀਆਂ ਦਾ ਮੁਲਾਂਕਣ ਕਰਨ ਅਤੇ ਭਾਰਤ ਦੇ ਆਜ਼ਾਦੀ ਘੁਲਾਟੀਆਂ ਲਈ ਇੱਕ ਆਦਰਸ਼ ਹਸਤੀ ਦੇ ਰੂਪ ਵਿੱਚ ਚੇਅਰ ਦੇ ਉਦੇਸ਼ਾਂ ਅਤੇ ਡਿਜ਼ਾਇਨ ਨੂੰ ਦਰਸਾਉਣ ਵਾਲੀ ਇੱਕ ਪ੍ਰਸੰਸਾਯੋਗ ਪੀ.ਪੀ.ਟੀ. ਪੇਸ਼ਕਾਰੀ ਕੀਤੀ। ਸ਼੍ਰੀ ਬਦਨੌਰ ਨੇ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਅਤੇ ਮਿਊਜ਼ੀਅਮ ਅਤੇ ਆਰਟ ਗੈਲਰੀ ਦਾ ਵੀ ਦੌਰਾ ਕੀਤਾ।

Leave a Reply

Your email address will not be published. Required fields are marked *