ਗੁਰੂ ਗੋਬਿੰਦ ਸਿੰਘ ਭਵਨ ਦੇ ਸਥਾਪਨਾ ਦਿਵਸ ਦੀ ਗੋਲਡਨ ਜੁਬਲੀ ਦੇ ਮੌਕੇ ਤੇ ਕਰਵਾਏ ਗਏ ”ਸਰਬ ਧਰਮ ਸੰਮੇਲਨ”
ਪਟਿਆਲਾ, 27 ਦਸੰਬਰ (ਮਧੂਸਾਰ ਬਿਊਰੋ) ਗੁਰੂ ਗੋਬਿੰਦ ਸਿੰਘ ਭਵਨ ਦੇ ਸਥਾਪਨਾ ਦਿਵਸ ਦੀ ਗੋਲਡਨ ਜੁਬਲੀ ਦੇ ਮੌਕੇ ਤੇ ਕਰਵਾਏ ਗਏ ”ਸਰਬ ਧਰਮ ਸੰਮੇਲਨ” ਵਿੱਚ ਵੱਖ ਵੱਖ ਧਰਮਾਂ ਵਿਸ਼ੇਸ਼ ਕਰਕੇ ਜੈਨ, ਹਿੰਦੂ, ਬੋਧੀ, ਮੁਸਲਿਮ, ਈਸਾਈ, ਸਿਨਤੋਇਜਮ ਅਤੇ ਬਹਾਈ ਧਰਮਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਸਾਂਝੀ ਅਤੇ ਸਦਭਾਵਨਾ ਲਈ ਅੰਤਰਮਤ ਅਰਦਾਸ ਕੀਤੀ ਗਈ ਗਈ। ਵਿਭਿੰਨ ਧਰਮਾਂ ਦੇ ਲੋਕਾਂ ਨੇ ਆਪੋ-ਆਪਣੀ ਮਰਿਆਦਾ ਮੁਤਾਬਕ ਸਾਂਝੀ ਅਰਦਾਸ ਵਿੱਚ ਭਾਗ ਲਿਆ। ਅੰਤਰ-ਮਤ ਪ੍ਰਰਥਾਨਾ ਦੇ ਉਦਘਾਟਲੀ ਸ਼ਬਦ ਸਾਂਝੇ ਕਰਦਿਆਂ ਡਾ. ਬੀ. ਐਸ. ਘੁੰਮਣ ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਭਵਨ ਦੀ ਸ਼ਾਨਦਾਰ ਇਮਾਰਤ ਅਤੇ ਇਸਦੇ ਧਰਮ ਅਧਿਐਨ ਵਿਭਾਗ ਦੀਆਂ ਅਕਾਦਮਿਕ ਗਤੀਵਿਧੀਆਂ ਸੰਸਾਰ ਭਰ ਦੀਆਂ ਅਕਾਦਕਿ ਗਤੀਵਿਧੀਆਂ ਸੰਸਾਰ ਭਰ ਦੀਆਂ ਯੂਨੀਵਰਸਿਟੀਆਂ ਨਾਲੋ ਨਿਵੇਕਲੀਆਂ ਹਨ। ਧਰਮਾਂ ਦਾ ਨਿਰਪੱਖ ਦ੍ਰਿਸ਼ਟੀ ਤੋਂ ਤੁਲਨਾਤਮਕ ਅਧਿਐਨ ਕਰਨ ਵਿਚ ਇਹ ਵਿਭਾਗ ਆਪਣੀ ਅਲੱਗ ਪਛਾਣ ਬਣਾ ਚੁੱਕਾ ਹੈ। ਵਿਸ਼ਵ ਵਿਚ ਸਾਂਤੀ ਸਥਾਪਤ ਕਰਨ ਲਈ ਵੱਖ ਵੱਖ ਧਰਮਾਂ ਵਿਚ ਸੰਵਾਦ ਅਤੇ ਆਪਸੀ ਸਹਿਯੋਗ ਲਈ ਅਜਿਹੇ ਸਮਾਗਮ ਹੋਣੇ ਚਾਹੀਦੇ ਹਨ। ਗੁਰੂ ਗੋਬਿੰਦ ਸਿੰਘ ਭਵਨ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਗੁਰੂ ਜੀ ਨੇ ਆਪਣਾ ਸਰਬੰਸ ਮਨੁੱਖਤਾ ਦੀ ਭਲਾਈ ਅਤੇ ਸੁਤੰਤਰਾ ਲਈ ਕੁਰਬਾਨ ਕੀਤਾ ਹੈ। ਗੁਰੂ ਜੀ ਦੇ ਸੰਦੇਸ਼ ਨੂੰ ਸਮਝਣ ਲਈ ਧਰਮ ਅਧਿਐਨ ਵਿਭਾਗ ਵਲੋਜ਼ ਕਰਵਾਏ ਅੰਤਰ ਧਰਮ ਸਮਾਗਮ ਲਈ ਇਹ ਵਧਾਈ ਦੇ ਹੱਕਦਾਰ ਹਨ।
ਪ੍ਰੋ. ਗੁਰਮੀਤ ਸਿੰਘ ਸਿੱਧੂ, ਮੁਖੀ, ਧਰਮ ਅਧਿਐਨ ਵਿਭਾਗ ਨੇ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਦਾ ਲਈ ਸੁਭਾਗਾ ਸਮਾਂ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਭਵਨ ਦੀ ਗੋਲਡਨ ਜੁਬਲੀ ਮਨਾ ਰਹੇ ਹਾਂ। ਇਹ ਭਵਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਨਵੀ ਸੰਦੇਸ਼ ਅਤੇ ਆਪਸੀ ਪ੍ਰੇਮ ਦੇ ਸਿਧਾਂਤ ਦਾ ਪ੍ਰਤੀਕ ਹੈ। ਇਸ ਵਿੱਚ ਵੱਖ ਵੱਖ ਧਰਮਾਂ ਵਿੱਚ ਆਪਸੀ ਸਾਂਝ ਅਤੇ ਸਮਝ ਦੇ ਆਧਾਰ ਤੇ ਧਰਮਾਂ ਦੀਆਂ ਦੁਰੀਆਂ ਨੂੰ ਘਟਾਉਣ ਲਈ ਅੰਤਰਮਤ ਸੰਵਾਦ ਅਤੇ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ। ਇਸ ਮੌਕੇ ਤੇ ਵਿਭਾਗ ਵੱਲੋਂ ਤਿਆਰ ਕੀਤੀ ਪੁਸਤਕ ਦ ਮੀਨਿੰਗ ਆਫ਼ ਲਾਇਫ਼ ਐਂਡ ਇੰਟਰ-ਰਿਲੀਜੀਅਸ਼ ਅੰਡਰਸਟੈਂਡਿੰਗ ਐਂਡ ਬੁੱਧੀਇਜ਼ਮ ਵਾਈਸ-ਚਾਂਸਲਰ ਵੱਲੋਂ ਰਲੀਜ਼ ਕਰਵਾਈ ਗਈ।
ਸਰਬ ਧਰਮ ਸੰਮੇਲਨ ਵਿਚ ਦਿੱਲੀ ਤੋਂ ਪਹੁੰਚੇ ਵਿਦਵਾਨ ਮਿਸ. ਗਰੇਸ ਜ਼ੋਰੀਦਾ, ਕਨੇਡੀਅਨ ਕੋਜ਼ਸਲਰ ਨੇ ਆਪਣਾ ਭਾਸ਼ਣ ਵਿਚ ਕਿਹਾ ਕਿ ਪਰਮਾਤਮਾ ਸਰਵ ਉੱਚ ਸ਼ਕਤੀ ਹੈ, ਜਿਸ ਦੇ ਕਰਕੇ ਇਹ ਸ੍ਰਿਸ਼ਟੀ ਆਪਣੇ ਨਿਰਧਾਰਿਤ ਨਿਯਮਾਂ ਮੁਤਾਬਕ ਚਲ ਰਹੀ ਹੈ। ਸਾਨੂੰ ਵੀ ਉਸੇ ਤਰ੍ਹਾਂ ਇਸ ਜ਼ਿੰਦਗੀ ਨੂੰ ਪਰਮਾਤਮਾ ਦੇ ਨਿਯਮਾਂ ਅਨੁਸਾਰ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ। ਫਾਦਰ ਕੁਰੋਸਕੋਸੇ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੱਚ ਹੀ ਅਸਲ ਜ਼ਿੰਦਗੀ ਦਾ ਅਸੂਲ ਹੋਣਾ ਚਾਹੀਦਾ ਹੈ ਕਿ ਜੋ ਵਿਅਕਤੀ ਸੱਚ ਬੋਲਦਾ ਹੈ, ਸੱਚ ਦੇ ਰਾਹ ਤੇ ਤੁਰਦਾ ਹੈ ਉਹ ਹੀ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਦੇ ਯੋਗ ਹੈ, ਕਾਬਿਲ ਹੈ। ਨਿਮਰਤਾ ਨੂੰ ਹੀ ਜ਼ਿੰਦਗੀ ਦਾ ਰਸਤਾ ਬਣਾਉਣਾ ਚਾਹੀਦਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋ. ਪ੍ਰਦੁਮਨ ਸ਼ਾਹ ਸਿੰਘ ਜੀ ਨੇ ਪ੍ਰਾਰਥਨਾ ਬਾਰੇ ਦੱਸਿਆ ਕਿਹਾ ਕਿ ਸਤੁਤੀ ਹੀ ਧਰਮ ਦੀ ਪਹਿਲੀ ਪੌੜੀ ਹੈ। ਇਸ ਦਾ ਅਭਿਆਸ ਹੀ ਅਧਿਆਤਮਕ ਸਿੱਧੀ ਦੀ ਮੰਜ਼ਿਲ ਬਣ ਨਿਬੜਦਾ ਹੈ। ਕੇਰਲਾ ਤੋਂ ਖਾਸ ਤੌਰ ‘ਤੇ ਪਹੁੰਚੇ ਸਵਾਮੀ ਅਨੀਸ਼ ਜੀ ਨੇ ਆਪਣੇ ਸ਼ਬਦ ਸਾਝਿਆਂ ਕਰਦੇ ਹੋਏ ਕਿਹਾ ਕਿ ਈਸ਼ਵਰ ਕਦੇ ਦੋ ਨਹੀਂ ਹੋ ਸਕਦੇ। ਸੱਚ ਇੱਕ ਹੀ ਹੈ। ਜੇ ਸੱਚ ਦੋ ਹਨ ਤਾਂ ਉਹ ਸੱਚ ਹੈ ਹੀ ਨਹੀਂ। ਇਹ ਦਿਖਣ ਵਾਲਾ ਸਾਰਾ ਜਗਤ ਮਿਥਿਆ ਹੈ ਅਤੇ ਨਾਸ਼ ਹੋਣ ਵਾਲਾ ਹੈ। ਸਾਰੇ ਹੀ ਜੀਵਾਂ ਨੂੰ ਚਲਾਉਣ ਵਾਲਾ ਉਹ ਇਕ ਪ੍ਰਮਾਤਮਾ ਹੀ ਹੈ। ਪ੍ਰੋ. ਵਹਾਜ਼ੁੱਦੀਨ ਅਲਵੀ, ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ, ਨਵੀਂ ਦਿੱਲੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅੱਲਾ ਇਕੋ ਹੈ, ਉਸਦਾ ਕੋਈ ਸ਼ਰੀਕ ਨਹੀਂ। ਇਬਾਦਤ ਬਾਰੇ ਦੱਸਦਿਆਂ ਕਿਹਾ ਕਿ ਭੁੱਖੇ ਨੂੰ ਖਾਣਾ ਦੇਣਾ, ਜਰੂਰਤਮੰਦ ਨੂੰ ਕੱਪੜਾ ਦੇਣਾ ਹੀ ਅਸਲ ਇਬਾਦਤ ਹੈ। ਅਸੀਂ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲਾਂ ਤੋਂ ਬਣੀ ਇਕ ਮਾਲਾ ਦਾ ਹਿੱਸਾ ਬਣ ਜਾਂਦੇ ਹਾਂ। ਇਸ ਨਾਲ ਹੀ ਖੁਦਾ ਨੂੰ ਖੁਸ਼ੀ ਹੁੰਦੀ ਹੈ। ਪ੍ਰੋ. ਰਾਜਿੰਦਰ ਕੌਰ ਰੋਹੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਪ੍ਰਧਾਨਗੀ ਸ਼ਬਦ ਬੋਲਦਿਆਂ ਕਿਹਾ ਧਰਮ ਕਿਸੇ ਵਿਅਕਤੀਗਤ ਦਾ ਨਹੀਂ ਹੁੰਦਾ। ਧਰਮ ਤਾਂ ਇਨਸਾਨ ਤੋਂ ਭਗਵਾਨ ਦੇ ਮਿਲਾਪ ਤੱਕ ਦਾ ਸਫ਼ਰ ਹੈ। ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਖਾਲਸੇ ਦੀ ਸਥਾਪਨਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਅਤੇ ਸ਼ਾਂਤੀ ਸਥਾਪਿਤ ਕਰਨ ਵਾਲਾ ਹੈ।
ਸਮਾਗਮ ਤੋਂ ਪਹਿਲਾਂ ਪਿਛਲੇ ਸੱਤ ਦਿਨਾਂ ਤੋਂ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ ਗਿਆ।
ਇਸ ਮੌਕੇ ਡਾ. ਸਤਿੰਦਰ ਸਿੰਘ ਰੰਧਾਵਾ, ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਜੀ ਦੀ ਕਿਤਾਬ ” ਗੁਰੂ ਗੋਬਿੰਦ ਸਿੰਘ ਭਵਨ ਦੇ ਉੱਚਰਈਏ ” ਨੂੰ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿਚ ਪ੍ਰੋ. ਜਸਪ੍ਰੀਤ ਕੌਰ ਸੰਧੂ, ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਪ੍ਰੋ. ਪਰਮਵੀਰ ਸਿੰਘ, ਪ੍ਰੋ. ਹਰਪਾਲ ਸਿੰਘ ਪੰਨੂੰ, ਡਾ. ਮੁਹੰਮਦ ਹਬੀਬ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਗੁਰਮੇਲ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਰਾਮਿੰਦਰਜੀਤ ਕੌਰ, ਡਿਸਟੈਂਸ ਐਜੂਕੇਸ਼ਨ ਵਿਭਾਗ, ਕੇਰਲਾ ਤੋਂ ਆਏ ਬੋਧੀ ਖੋਜਾਰਥੀ ਅਤੇ ਲੈਕਚਰਾਰ ਮੈਡਮ, ਮੌਂਕ ਧਮਪਾਲ, ਵਿਭਾਗ ਦੇ ਵਿਦਿਆਰਥੀ ਅਤੇ ਖੋਜਾਰਥੀਆਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਖੋਜਾਰਥੀ ਅਤੇ ਬਾਹਰੋਂ ਆਏ ਪਤਵੰਤੇ ਸੱਜਣ, ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਵੀ ਹਾਜ਼ਰੀ ਭਰੀ। ਵਿਦਾਇਗੀ ਸ਼ੈਸ਼ਨ ਦੇ ਅੰਤ ਵਿਚ ਸਮਾਗਮਾਂ ਦੀ ਸੇਵਾ ਵਿਚ ਭਾਗ ਲੈਣ ਵਾਲੇ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਕਰਮਚਾਰੀਆਂ ਦਾ ਵੀ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ।

